ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪੁਲੀਸ ਸੇਵਾਵਾਂ ਦੇ ਪ੍ਰੋਬੇਸ਼ਨਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਹਰ ਕਾਰਵਾਈ ’ਚੋਂ ‘ਮੁਲਕ ਪਹਿਲਾਂ, ਹਮੇਸ਼ਾ ਪਹਿਲਾਂ’ ਝਲਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀ ਹਮੇਸ਼ਾ ਲੋਕਾਂ ’ਚ ਬਣੀ ਪੁਲੀਸ ਦੀ ਨਕਾਰਾਤਮਕ ਪਛਾਣ ਨੂੰ ਬਦਲਣ ਲਈ ਕੰਮ ਕਰਨ। ਸਰਦਾਰ ਵੱਲਭਭਾਈ ਪਟੇਲ ਕੌਮੀ ਪੁਲੀਸ ਅਕਾਦਮੀ ’ਚ ਆਈਪੀਐੱਸ ਪ੍ਰੋਬੇਸ਼ਨਰਾਂ ਨੂੰ ਅੱਜ ਮੋਦੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਸੰਬੋਧਨ ਕੀਤਾ। ਪ੍ਰਧਾਨ ਮੰਤਰੀ ਨੇ ਆਈਪੀਐੱਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਕੋਸ਼ਿਸ਼ ਕਰਨ ਕਿ ਉਨ੍ਹਾਂ ਦਾ ਹਰ ਕਦਮ ਕੌਮੀ ਹਿੱਤ ਤੇ ਪਰਿਪੇਖ ’ਚ ਹੋਵੇ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੁਲੀਸ ਬਾਰੇ ਲੋਕਾਂ ਦੀ ‘ਧਾਰਨਾ ਮਾੜੀ’ ਹੋਣਾ ਵੱਡੀ ਚੁਣੌਤੀ ਹੈ। ਹਾਲਾਂਕਿ ਕਰੋਨਾਵਾਇਰਸ ਦੌਰਾਨ ਜਦ ਪੁਲੀਸ ਨੇ ਲੋਕਾਂ ਦੀ ਮਦਦ ਕੀਤੀ ਤਾਂ ਥੋੜ੍ਹਾ ਬਦਲਾਅ ਆਇਆ ਪਰ ਸਥਿਤੀ ਮੁੜ ਉਹੀ ਹੋ ਗਈ ਹੈ। ਉਨ੍ਹਾਂ ਕਿਹਾ, ‘ਉਹ ਕਈ ਦਿਨ ਤੇ ਕਈ ਵਾਰ ਤਿਉਹਾਰਾਂ ਉਤੇ ਵੀ ਘਰ ਨਹੀਂ ਜਾਂਦੇ। ਫੇਰ ਵੀ ਲੋਕਾਂ ਦੀ ਪੁਲੀਸ ਬਾਰੇ ਧਾਰਨਾ ਬਦਲੀ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲੀਸ ਫੋਰਸ ਵਿਚ ਆ ਰਹੀ ਨਵੀਂ ਪੀੜ੍ਹੀ ਦੀ ਇਹ ਜ਼ਿੰਮੇਵਾਰੀ ਹੈ ਕਿ ਇਸ ਪਛਾਣ ਨੂੰ ਬਦਲਿਆ ਜਾਵੇ।’ ਮੋਦੀ ਨੇ ਐਨਡੀਆਰਐਫ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਰਾਹਤ ਪਹੁੰਚਾਉਣ ਵਾਲੀ ਫੋਰਸ ਦੀ ਭਰੋਸੇਯੋਗਤਾ ਲੋਕਾਂ ਵਿਚ ਬਹੁਤ ਵਧੀ ਹੈ, ਪਰ ਪੁਲੀਸ ਦੇ ਮਾਮਲੇ ਵਿਚ ਸਮਾਜ ਅਜਿਹਾ ਕਿਉਂ ਨਹੀਂ ਸੋਚਦਾ?
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly