ਲੁਧਿਆਣਾ (ਸਮਾਜ ਵੀਕਲੀ): ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰ ਨੂੰ ਸਰਕਾਰੀ ਨੌਕਰੀ ਮਿਲਣ ਦਾ ਵਿਰੋਧ ਕਰਨ ਡੀਸੀ ਦਫ਼ਤਰ ਪੁੱਜੇ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਦੇ ਮੈਂਬਰ ਨੇ ਮਿੱਟੀ ਦਾ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਪਰਿਵਾਰ ਲੋਕ ਇਨਸਾਫ਼ ਪਾਰਟੀ ਦੇ ਆਗੂ ਰਣਧੀਰ ਸਿੰਘ ਸਿਵੀਆ ਨਾਲ ਵਿਰੋਧ ਕਰਨ ਪੁੱਜਿਆ ਸੀ। ਪੁਲੀਸ ਤੇ ਆਲੇ ਦੁਆਲੇ ਦੇ ਲੋਕਾਂ ਨੇ ਉਸ ਨੂੰ ਖੁਦਕੁਸ਼ੀ ਕਰਨ ਤੋਂ ਰੋਕਿਆ। ਇਸ ਮੌਕੇ ਉਨ੍ਹਾਂ ਨਾਲ ਹੋਰ ਵੀ ਬੇਰੁਜ਼ਗਾਰ ਬੱਚੇ ਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।
ਆਜ਼ਾਦੀ ਘੁਲਾਟੀਏ ਗਿਆਨੀ ਲਾਭ ਸਿੰਘ ਦੇ ਪੁੱਤਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ 40 ਸਾਲਾਂ ਤੋਂ ਸਰਕਾਰੀ ਵੱਲੋਂ ਨੌਕਰੀ ਤੇ ਹੋਰ ਮਦਦ ਦੇ ਇੰਤਜ਼ਾਰ ਵਿੱਚ ਹੈ। ਉਹ ਸਾਈਕਲ ਦੇ ਪੈਂਚਰ ਲਗਾ ਕੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਹਨ। ਉਨ੍ਹਾਂ ਦਾ ਪੁੱਤਰ ਇੰਦਰਜੀਤ ਸਿੰਘ ਆਈਟੀਆਈ ਵਿੱਚ ਇਲੈਕਟ੍ਰੀਸ਼ਨ ਦਾ ਡਿਪਲੋਮਾ ਕਰ ਚੁੱਕਿਆ ਹੈ। ਸਰਕਾਰੀ ਨੌਕਰੀ ਲਈ ਉਨ੍ਹਾਂ ਕਈ ਥਾਂ ਅਪਲਾਈ ਕੀਤਾ, ਪਰ ਕੁਝ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਪਰ ਦੂਜੇ ਪਾਸੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਰਿਸ਼ਤੇਦਾਰਾਂ ਨੂੰ ਕੈਪਟਨ ਸਰਕਾਰ ਲਗਾਤਾਰ ਸਰਕਾਰੀ ਨੌਕਰੀਆਂ ਵੰਡ ਰਹੇ ਹਨ, ਪਰ ਉਨ੍ਹਾਂ ਦੇ ਬੱਚੇ ਪੜ੍ਹੇ ਲਿਖੇ ਹਨ, ਉਨ੍ਹਾਂ ਦੇ ਪਰਿਵਾਰ ਨੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਇਆ ਪਰ ਕੁਝ ਨਹੀਂ ਮਿਲਿਆ।
ਲੋਕ ਇਨਸਾਫ਼ ਪਾਰਟੀ ਦੇ ਆਗੂ ਰਣਧੀਰ ਸਿੰਘ ਸਿਵੀਆ ਨੇ ਦੱਸਿਆ ਕਿ ਸਰਕਾਰੀ ਨੌਕਰੀ ਦੀ ਆਸ ਲਾਈ ਬੈਠੇ ਉਨ੍ਹਾਂ ਦੇ 400 ਵਾਲੰਟੀਅਰਾਂ ਨੇ ਮੁੱਖ ਮੰਤਰੀ ਦੇ ਨਾਂ ਚਿੱਠੀ ਲਿਖੀ ਤੇ ਬਾਇਓਡਾਟਾ ਡਿਪਟੀ ਕਮਿਸ਼ਨਰ ਦੇ ਜ਼ਰੀਏ ਭੇਜਿਆ ਹੈ ਤਾਂ ਕਿ ਸਰਕਾਰ ਦੀਆਂ ਅੱਖਾਂ ਖੁੱਲ੍ਹ ਸਕਣ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly