ਪਠਾਨਕੋਟ (ਸਮਾਜ ਵੀਕਲੀ): ਦੌਲਤਪੁਰ ਢਾਕੀ ਵਿੱਚ ਭਾਜਪਾ ਦੀ ਹੋਣ ਵਾਲੀ ਚੋਣ ਸਭਾ ਵਿੱਚ ਕੁਝ ਸ਼ਰਾਰਤੀ ਤੱਤਾਂ ਨੇ ਬੀਤੀ ਦੇਰ ਸ਼ਾਮ ਹੰਗਾਮਾ ਕਰ ਦਿੱਤਾ ਅਤੇ ਹਥਿਆਰਾਂ ਸਮੇਤ ਦਾਖ਼ਲ ਹੋ ਕੇ ਉੱਥੇ ਪਈਆਂ ਕੁਰਸੀਆਂ ਇੱਧਰ-ਉੱਧਰ ਸੁੱਟ ਦਿੱਤੀਆਂ ਤੇ ਕੁਝ ਲੋਕਾਂ ’ਤੇ ਹਮਲਾ ਕਰ ਦਿੱਤਾ ਜਿਸ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਹਮਲਾਵਰ ਫ਼ਰਾਰ ਹੋ ਗਏ। ਪੁਲੀਸ ਨੇ ਦੇਰ ਰਾਤ ਛਾਪਾ ਮਾਰ ਕੇ ਮੁੱਖ ਮੁਲਜ਼ਮ ਸਮੇਤ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ ਜਦਕਿ 9 ਜਣਿਆਂ ’ਤੇ ਇਰਾਦਾ ਕਤਲ ਦੀ ਧਾਰਾ 307 ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁੱਖ ਮੁਲਜ਼ਮ ਵਿਨੋਦ ਕੁਮਾਰ ਰੈਲੀ ਦੇ ਮੁੱਖ ਪ੍ਰਬੰਧਕ ਤੇ ਭਾਜਪਾ ਦੇ ਸਾਬਕਾ ਕੌਂਸਲਰ ਵਿਜੇ ਕੁਮਾਰ ਚੂਨੀ ਦਾ ਸਕਾ ਭਤੀਜਾ ਹੈ ਜੋ ਐੱਨਡੀਪੀਐੱਸ ਐਕਟ ਤਹਿਤ ਜੇਲ੍ਹ ਵਿੱਚ ਬੰਦ ਸੀ ਤੇ ਪੈਰੋਲ ’ਤੇ ਬਾਹਰ ਆਇਆ ਹੋਇਆ ਸੀ।
ਭਾਜਪਾ ਦੇ ਸਾਬਕਾ ਕੌਂਸਲਰ ਵਿਜੈ ਕੁਮਾਰ ਚੂਨੀ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੋਸ਼ ਲਾਇਆ ਕਿ ਉਸ ਦੇ ਭਤੀਜੇ ਵਿਨੋਦ ਕੁਮਾਰ ਨੇ ਦੁਪਹਿਰ ਵੇਲੇ ਹੀ ਉਸ ਨੂੰ ਧਮਕੀ ਦੇ ਦਿੱਤੀ ਸੀ ਕਿ ਉਹ ਇੱਥੇ ਭਾਜਪਾ ਦੀ ਚੋਣ ਰੈਲੀ ਨਾ ਕਰਵਾਏ ਤੇ 2 ਘੰਟੇ ਬਾਅਦ ਉਸ ਨੇ ਮੁੜ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਇੱਥੇ ਚੋਣ ਰੈਲੀ ਨਹੀਂ ਹੋਣ ਦੇਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿੱਚ ਦੇਰ ਸ਼ਾਮ ਜਦੋਂ ਉਹ ਸਟੇਜ ਉਪਰ ਲੋਕਾਂ ਨੂੰ ਸੰਬੋਧਨ ਕਰ ਰਿਹਾ ਸੀ ਅਤੇ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਵੀ ਰੈਲੀ ਵਿੱਚ ਪੁੱਜਣ ਵਾਲੇ ਸਨ ਤਾਂ ਵਿਨੋਦ ਕੁਮਾਰ ਆਪਣੇ ਨਾਲ ਦਰਜਨ ਕੁ ਨੌਜਵਾਨ ਲਿਆਇਆ ਤੇ ਆਉਂਦੇ ਸਾਰ ਸਟੇਜ ਉਪਰ ਚੜ੍ਹ ਕੇ ਮਾਈਕ ਵਗੈਰਾ ਸੁੱਟ ਦਿੱਤਾ। ਉਨ੍ਹਾਂ ਪੰਡਾਲ ਵਿੱਚ ਬੈਠੇ ਲੋਕਾਂ ’ਤੇ ਕੁਰਸੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਕੁਝ ਨੂੰ ਜ਼ਖ਼ਮੀ ਕਰ ਕੇ ਭੱਜ ਗਏ। ਇੰਨੇ ਨੂੰ ਅਸ਼ਵਨੀ ਸ਼ਰਮਾ ਵੀ ਪੁੱਜ ਗਏ ਅਤੇ ਉਨ੍ਹਾਂ ਜ਼ਖ਼ਮੀ ਹੋਏ ਚਾਰ ਵਿਅਕਤੀਆਂ ਨੂੰ ਹਸਪਤਾਲ ਭੇਜਿਆ ਤੇ ਇਸ ਮਗਰੋਂ ਰੈਲੀ ਕੀਤੀ। ਡੀਐੱਸਪੀ ਸਿਟੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਨੌਂ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly