(ਸਮਾਜ ਵੀਕਲੀ)-ਸਿਆਣੇ ਬੰਦੇ ਹਮੇਸ਼ਾ ਕੰਮ ਦੀ ਗੱਲ ਕਰਦੇ ਹਨ ਤੇ ਇਸ਼ਾਰੇ ਨਾਲ ਗੁੱਝੀ ਗੱਲ ਕਰਦੇ ਹੋਏ ਕਈ ਇਸ਼ਾਰੇ ਵੀ ਦਿੰਦੇ ਹਨ। ਓਦੋਂ ਕੋਈਂ ਉਹਨਾਂ ਦੀ ਗੱਲ ਗੋਲਦਾ ਨਹੀਂ ਪਰ ਬਾਅਦ ਵਿੱਚ ਇਹ ਗੱਲਾਂ ਯਾਦ ਆਉਂਦੀਆਂ ਹਨ। ਮੇਰੀ ਹਮਸਫਰ ਦੇ ਬਾਬੁਲ ਮਾਸਟਰ ਬਸੰਤ ਰਾਮ ਗਰੋਵਰ ਆਪਣੀ ਲੰਮੀ ਜਿੰਦਗੀ ਦੇ ਡੂੰਘੇ ਤਜ਼ਰਬੇ ਅਕਸਰ ਮੇਰੇ ਨਾਲ ਸਾਂਝੇ ਕਰਿਆ ਕਰਦੇ ਸਨ। ਪਰ ਓਹ ਸਧਾਰਨ ਤਰੀਕੇ ਨਾਲ ਰੂਟੀਨ ਦੀ ਗੱਲ ਕਰਦੇ ਪਰ ਇਹ ਅਹਿਸਾਸ ਨਹੀਂ ਸੀ ਹੋਣ ਦਿੰਦੇ ਕਿ ਉਹ ਮੈਨੂੰ ਬਿਨ ਮੰਗੀ ਸਲਾਹ ਦੇ ਰਹੇ ਹਨ ਯ ਫਾਲਤੂ ਮੱਤਾਂ ਦਿੰਦੇ ਹਨ। “ਤੰਦਰੁਸਤੀ ਬਹੁਤ ਵੱਡੀ ਨਿਆਮਤ ਹੈ ਬੇਟਾ। ਸਾਨੂੰ ਆਪਣੇ ਸਰੀਰ ਦੀ ਸੰਭਾਲ ਖੁਦ ਕਰਨੀ ਚਾਹੀਦੀ ਹੈ। ਅੱਜਕਲ੍ਹ ਕਿਸੇ ਕੋਲ੍ਹ ਸੇਵਾ ਕਰਨ ਦਾ ਵਕਤ ਨਹੀਂ। ਸਭ ਆਪਣੇ ਕੰਮਾਂ ਵਿੱਚ ਉਲਝੇ ਹੁੰਦੇ ਹਨ।” ਉਹ ਅਕਸਰ ਹੀ ਕਹਿੰਦੇ ਤੇ ਖੁਦ ਵੀ ਇਸਤੇ ਪੂਰਾ ਅਮਲ ਕਰਦੇ। ਲੰਮੀ ਸੈਰ ਕਰਦੇ, ਅਲੋਮ ਵਿਲੋਮ ਕਰਦੇ, ਕਪਾਲ ਭਾਤੀ ਕਰਦੇ ਤੇ ਜੋਰ ਜੋਰ ਦੀ ਹੱਸਦੇ। ਸਦਾ ਖੁਸ਼ ਰਹਿੰਦੇ। ਤਨ ਅਤੇ ਮਨ ਦੀਆਂ ਸੱਟਾਂ ਦਾ ਦਰਦ ਅੰਦਰ ਹੀ ਅੰਦਰ ਸਹਿੰਦੇ। ਇਸ ਤਰ੍ਹਾਂ ਉਹ ਲੰਮੀ ਉਮਰ ਭੋਗਦੇ ਹੋਏ ਬਿਨਾਂ ਬਿਮਾਰੀ ਤੋਂ ਬਿਨਾਂ ਮੰਜੇ ਤੇ ਪਏ ਤੋਂ ਇਸ ਸੰਸਾਰ ਚੋ ਰੁਖਸਤ ਹੋ ਗਏ।
“ਬੰਦੇ ਕੋਲ੍ਹ ਸਾਰੀ ਉਮਰ ਲਈ ਆਮਦਨ ਦਾ ਰੈਗੂਲਰ ਜਰੀਆ ਹੋਣਾ ਚਾਹੀਦਾ ਹੈ। ਸਰਕਾਰੀ ਮੁਲਾਜਮਾਂ ਨੂੰ ਮਿਲਦੀ ਪੈਨਸ਼ਨ ਵਰਗਾ। ਤਾਂਕਿ ਬੁਢਾਪੇ ਵਿੱਚ ਆਕੇ ਕਿਸੇ ਦੀ ਵੀ ਮੁਥਾਜੀ ਨਾ ਸਹਿਣੀ ਪਵੇ। ਕਿਸੇ ਵੱਲ ਝਾਕਣਾ ਨਾ ਪਵੇ।” ਉਹ ਅਕਸਰ ਇੰਜ ਵੀ ਆਖਦੇ। ਪੈਨਸ਼ਨ ਵਰਗੀ ਰੈਗੂਲਰ ਆਮਦਨ ਦੀ ਰੀਸ ਨਹੀਂ ਹੁੰਦੀ। ਚਾਹੇ ਪਤੀ ਪਤਨੀ ਵਿਚੋਂ ਇੱਕ ਨੂੰ ਹੀ ਮਿਲਦੀ ਹੋਵੇ। ਤਾਂਕਿ ਉਹ ਆਪਣੀ ਮਰਜੀ ਅਨੁਸਾਰ ਖਰਚ ਕਰ ਸਕਣ। ਉਹ ਗੱਲ ਕਹਿਣ ਦੀ ਬਜਾਇ ਸਹਿਣ ਵਿੱਚ ਜ਼ਿਆਦਾ ਭਰੋਸਾ ਕਰਦੇ ਸਨ।
” ਬੇਟਾ ਬੰਦੇ ਨੂੰ ਆਪਣਾ ਮੂਲ ਘਰ ਕਦੇ ਨਹੀਂ ਵੇਚਣਾ ਚਾਹੀਦਾ। ਭਾਵੇਂ ਕੋਈਂ ਦੇਸ਼ ਵੱਸੇ ਯ ਵਿਦੇਸ਼। ਬੰਦੇ ਦਾ ਆਪਣਾ ਨਿੱਜੀ ਘਰ ਉਸ ਕੋਲ੍ਹ ਜਰੂਰ ਹੋਣਾ ਚਾਹੀਦਾ ਹੈ। ਆਪਣੇ ਘਰ ਦਾ ਹੋਸਲਾਂ ਹੀ ਵੱਖਰਾ ਹੁੰਦਾ ਹੈ।” ਹੁਣ ਮੈਨੂੰ ਇੰਜ ਲੱਗਦਾ ਹੈ ਕਿ ਉਹਨਾਂ ਨੂੰ ਆਪਣਾ ਨਿੱਜੀ ਘਰ ਵੇਚਣ ਤੇ ਪਛਤਾਵਾ ਸੀ। ਹਲਾਂਕਿ ਉਹਨਾਂ ਦਾ ਅਖਰੀਲਾ ਸਮਾਂ ਬਹੁਤ ਵਧੀਆ ਕੋਠੀ ਚ ਗੁਜਰਿਆ। ਜਿੱਥੇ ਓਹਨਾ ਨੂੰ ਕੋਈਂ ਤਕਲੀਫ ਨਹੀਂ ਸੀ। ਪਰ ਫਿਰ ਵੀ ਕੋਈਂ ਨਾ ਕੋਈਂ ਸਿੱਕ ਜਰੂਰ ਸੀ। ਬੁਢਾਪੇ ਵਿੱਚ ਜਿੱਥੇ ਇਨਸਾਨ ਨੂੰ ਆਪਣੀ ਔਲਾਦ ਦੀਆਂ ਬਹੁ ਮੰਜਲੀ ਕੋਠੀਆਂ ਵੇਖਕੇ ਖੁਸ਼ੀ ਹੁੰਦੀ ਹੈ ਉਥੇ ਆਪਣੀ ਕਮਾਈ ਨਾਲ, ਆਪਣੇ ਹੱਥੀ ਉਸਾਰੇ ਘਰ ਨੂੰ ਵੇਖਕੇ ਸਕੂਨ ਜਿਹਾ ਵੀ ਮਿਲਦਾ ਹੈ। ਆਪਣੀ ਔਲਾਦ ਦੀ ਤਰੱਕੀ ਵੇਖਕੇ ਕੌਣ ਖੁਸ਼ ਨਹੀਂ ਹੁੰਦਾ। ਜਿਵੇਂ ਸਿਆਣੇ ਕਹਿੰਦੇ ਹੁੰਦੇ ਹਨ ਜਿੰਨੇ ਪੁੱਤ ਓੰਨੇ ਚੁੱਲ੍ਹੇ।
“ਹੁਣ ਇਹ ਜਾਨਣ ਤੇ ਇਹ੍ਹਨਾਂ ਦਾ ਕੰਮ ਜਾਣੇ। ਆਪਾਂ ਇਹ੍ਹਨਾਂ ਦੇ ਕੰਮ ਵਿੱਚ ਦਖਲ ਨਹੀਂ ਦਿੰਦੇ। ਬਿਨਾਂ ਮੰਗੀ ਸਲਾਹ ਨਹੀਂ ਦਿੰਦੇ ਤੇ ਨਾ ਕੋਈਂ ਆਪਣੀ ਗੱਲ ਪਗਾਉਣ ਦੀ ਅੜੀ ਲਾਉਂਦੇ ਹਾਂ।” ਉਹ ਆਪਣੇ ਬੇਟਿਆਂ ਵੱਲ ਇਸ਼ਾਰਾ ਕਰਕੇ ਕਹਿੰਦੇ। ਸ਼ਾਇਦ ਉਹ ਮੈਨੂੰ ਸਮਝਾਉਂਦੇ ਸਨ ਆਪਣੇ ਜੀਵਨ ਦੇ ਤਜੁਰਬੇ। ਵਾਕਿਆ ਹੀ ਓਹਨਾ ਨੇ ਹਰ ਕੰਮ ਵਿੱਚ ਆਪਣੀ ਬੇਲੋੜੀ ਦਖਲ ਅੰਦਾਜ਼ੀ ਛੱਡ ਦਿੱਤੀ ਸੀ। ਨਾ ਹੀ ਉਹ ਕਿਸੇ ਗੱਲ ਦੀ ਫਾਲਤੂ ਕਨਸੋਅ ਲੈਣ ਦੀ ਕੋਸ਼ਿਸ਼ ਕਰਦੇ ਸਨ। ਕੀ ਕਿਉਂ ਕਿਵ਼ੇਂ ਕਿੱਥੇ ਵਰਗੇ ਸਵਾਲ ਓਹਨਾ ਦੀ ਡਿਕਸ਼ਨਰੀ ਚੋ ਗਾਇਬ ਹੋ ਗਏ ਸਨ। ਇਹ ਓਹਨਾ ਦਾ ਫਕੀਰਾਂ ਵਰਗਾ ਅੰਦਾਜ਼ ਸੀ। ਵਾਕਿਆ ਹੀ ਓਹਨਾ ਦੀਆਂ ਇਹ ਆਮ ਗੱਲਾਂ ਕੀਮਤੀ ਹਨ। ਔਲੇ ਦੇ ਖਾਣ ਵਾੰਗੂ ਹੁਣ ਪਤਾ ਲਗਦਾ ਹੈ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly