
ਪੁਲਿਸ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਲਈ 5 ਮਿੰਟ ਦਾ ਸਮਾਂ ਨਾ ਕੱਢ ਸਕੀ, ਦੇਸ਼ ਭਗਤਾਂ ‘ਚ ਵੱਡਾ ਰੋਹ – ਨੰਬਰਦਾਰ ਯੂਨੀਅਨ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ, ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਦੀ ਪ੍ਰਧਾਨਗੀ ਹੇਠ ਜਥੇਬੰਦੀ ਦਾ 30ਵਾਂ ਕੌਮੀ ਤਿਓਹਾਰ ਜਸ਼ਨ-ਏ-ਆਜ਼ਾਦੀ 2025 ਦੇ ਬੈਨਰ ਹੇਠ ਬੜੇ ਉੱਚ ਪੱਧਰੀ ਸਲੀਕੇ ਨਾਲ ਸੰਪੂਰਣ ਹੋਇਆ। ਇਸ ਸਮਾਗਮ ਵਿੱਚ ਵੱਖ-ਵੱਖ ਜ਼ਿਲ੍ਹਿਆਂ ਚੋਂ ਜਿਵੇਂ ਮੋਹਾਲੀ, ਬਠਿੰਡਾ, ਅੰਬਾਲਾ, ਗੁਰਦਾਸਪੁਰ, ਕਪੂਰਥਲਾ, ਫਗਵਾੜਾ, ਮਾਨਸਾ, ਜਲੰਧਰ, ਫਿਲੌਰ, ਲੁਧਿਆਣਾ ਆਦਿ ਦੇ ਪ੍ਰਮੁੱਖ ਅਹੁਦੇਦਾਰਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਸਮਾਗਮ ਵਿੱਚ ਨੂਰਮਹਿਲ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਵੀ ਗੱਜ ਵੱਜ ਕੇ ਹਿੱਸਾ ਲਿਆ। ਸ਼ਾਹਕੋਟ ਦੇ ਵਿਧਾਇਕ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਹਲਕਾ ਇੰਚਾਰਜ ਨਕੋਦਰ ਡਾ. ਨਵਜੋਤ ਸਿੰਘ ਦਾਹੀਆ, ਬੀਬੀ ਰਣਦੀਪ ਕੌਰ ਟੌਹੜਾ ਨੇ ਜਿਉਂ ਹੀ ਪੰਡਾਲ ਵੱਲ ਕਦਮ ਵਧਾਏ ਹਾਜ਼ਰੀਨ ਦੇਸ਼ ਭਗਤਾਂ ਨੇ ਉਹਨਾਂ ਦਾ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਲਾਡੀ ਸ਼ੇਰੋਵਾਲੀਆ, ਵਿਸ਼ੇਸ਼ ਮਹਿਮਾਨ ਡਾ. ਨਵਜੋਤ ਸਿੰਘ ਦਾਹੀਆ, ਬੀਬੀ ਰਣਦੀਪ ਕੌਰ ਟੌਹੜਾ, ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ, ਮੀਤ ਪ੍ਰਧਾਨ ਜੰਗ ਬਹਾਦਰ ਕੋਹਲੀ, ਮਹਿਮਾਨ-ਏ-ਖਸੂਸੀ ਸੂਬਾ ਪ੍ਰਧਾਨ ਜਰਨੈਲ ਸਿੰਘ ਝਰਮੜੀ, ਸਰਪ੍ਰਸਤ ਪੰਜਾਬ ਬਲਜਿੰਦਰ ਸਿੰਘ ਕਿੱਲੀ, ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ, ਕਰਾਂਤੀਕਾਰੀ ਯੂਨੀਅਨ ਪੰਜਾਬ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂ ਨੰਗਲ, ਜ਼ਿਲ੍ਹਾ ਪ੍ਰਧਾਨ ਠਾਕੁਰ ਰਘੂਨਾਥ ਸਿੰਘ, ਜ਼ਿਲ੍ਹਾ ਜਲੰਧਰ ਦੇ ਸੀਨੀਅਰ ਮੀਤ ਪ੍ਰਧਾਨ ਪਰਗਟ ਸਿੰਘ ਸਰਹਾਲੀ ਅਤੇ ਹੋਰ ਮਹਿਮਾਨਾਂ ਨੇ ਸ਼ਮਾਂ ਰੋਸ਼ਨ ਕਰਕੇ ਕੀਤੀ।
ਦੇਸ਼ ਦੇ ਤਿਰੰਗੇ ਝੰਡੇ ਨੂੰ ਲਹਿਰਾਉਣ ਦਾ ਨੇਕ ਕਾਰਜ ਮੁੱਖ ਮਹਿਮਾਨ ਲਾਡੀ ਸ਼ੇਰੋਵਾਲੀਆ ਨੇ ਆਪਣੇ ਕਰ ਕਮਲਾਂ ਨਾਲ ਕੀਤਾ ਅਤੇ ਉੱਥੇ ਮੌਜੂਦ ਦੇਸ਼ ਪ੍ਰੇਮੀਆਂ ਖੁਦ ਉੱਚੀ ਅਤੇ ਜੋਸ਼ੀਲੀ ਆਵਾਜ਼ ਵਿੱਚ ਰਾਸ਼ਟਰ ਗਾਣ ਗਾਕੇ ਸਾਰਾ ਵਾਤਾਵਰਣ ਦੇਸ਼ ਭਗਤੀ ਨਾਲ ਲੀਨ ਕਰ ਦਿੱਤਾ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ ਅਤੇ ਉਹਨਾਂ ਦੀ ਟੀਮ ਵੱਲੋਂ ਬਹੁਤ ਖੂਬਸੂਰਤ ਸਨਮਾਨ ਚਿੰਨ੍ਹ ਤਿਆਰ ਕੀਤੇ ਗਏ। ਵੱਖ ਵੱਖ ਸਕੂਲਾਂ ਦੇ 10ਵੀਂ ਅਤੇ 12ਵੀਂ ਕਲਾਸ ਵਿੱਚੋਂ ਨੰਬਰ ਵਨ ਆਉਣ ਵਾਲੇ ਲੜਕੇ-ਲੜਕੀਆਂ ਨੂੰ ”ਮਾਂ ਸਰਸਵਤੀ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਧਰਮ ਕਰਮ ਦੇ ਕਾਰਜ ਕਰਨ ਵਾਲਿਆਂ ਨੂੰ “ਭਗਤੀ ਪ੍ਰਸਾਰ ਅਵਾਰਡ” ਨਾਲ ਨਵਾਜਿਆ ਗਿਆ। ਸਮਾਜ ਸੇਵਾ ਦੇ ਖੇਤਰ ਵਿੱਚ ਕੰਮ ਕਰਨ ਵਾਲਿਆਂ ਨੂੰ “ਸਮਾਜ ਸੁਧਾਰ ਅਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹੇ ਦੀਆਂ ਨੰਬਰਦਾਰ ਮਹਿਲਾਵਾਂ ਨੂੰ ਉਚੇਚੇ ਤੌਰ ‘ਤੇ ਅਵਾਰਡ ਦਿੱਤੇ ਗਏ। ਪੰਡਾਲ ਨੂੰ ਤਿਰੰਗਮਈ ਸਲੀਕੇ ਨਾਲ ਸਜਾਉਣ ਦੀ ਸੇਵਾ ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ, ਪੈਟਰੋਲ ਪੰਪ ਚੂਹੇਕੀ ਵੱਲੋਂ ਨਿਭਾਈ ਗਈ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਆਏ ਹੋਏ ਦੇਸ਼ ਭਗਤਾਂ ਲਈ ਹਰ ਸਾਲ ਦੀ ਤਰ੍ਹਾਂ ਲੰਗਰ ਦੀ ਸੇਵਾ ਨਿਭਾਈ ਗਈ। ਨੰਬਰਦਾਰ ਯੂਨੀਅਨ ਵੱਲੋਂ ਪੰਡਾਲ ਵਿੱਚ ਆਏ ਹੋਏ ਹਰ ਇੱਕ ਦੇਸ਼ ਭਗਤ ਦਾ ਸਨਮਾਨ ਉਹਨਾਂ ਦੇ ਸੀਨੇ ਉੱਪਰ ਤਿਰੰਗਮਈ ਬੈਜ ਲਗਾਕੇ ਕੀਤਾ ਗਿਆ। ਮੇਜ ਡਾਂਸ ਕੰਪਨੀ ਵੱਲੋਂ ਬੱਚਿਆਂ ਦਾ ਬਹੁਤ ਦੀ ਖੂਬਸੂਰਤ ਦੇਸ਼ ਭਗਤੀ ਵਾਲਾ ਭੰਗੜਾ ਪੇਸ਼ ਕੀਤਾ ਗਿਆ ਜਿਸ ਨੂੰ ਦੇਖ ਕੇ ਸਾਰੇ ਦੇਸ਼ ਪ੍ਰੇਮੀ ਗੱਦ-ਗੱਦ ਹੋ ਗਏ।
ਇਸ ਸਮਾਗਮ ਵਿੱਚ ਨਗਰ ਕੌਂਸਲ ਦੇ ਐੱਮ.ਸੀ ਸਾਹਿਬਾਨ, ਇਲਾਕੇ ਦੇ ਪੰਚ ਸਰਪੰਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪੱਤਰਕਾਰ ਸਾਹਿਬਾਨਾਂ ਦਾ ਸਨਮਾਨ ਵੀ ਵਿਸ਼ੇਸ਼ ਤੌਰ ‘ਤੇ ਕੀਤਾ ਗਿਆ। ਜਥੇਬੰਦੀ ਵਿੱਚ ਸਰਗਰਮੀ ਨਾਲ ਕੰਮ ਕਰ ਰਹੇ ਨੰਬਰਦਾਰ ਸਾਹਿਬਾਨਾਂ ਨੂੰ ਉਚੇਚੇ ਤੌਰ ‘ਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਸ ਸਮਾਗਮ ਦੇ ਫੰਕਸ਼ਨ ਚੇਅਰਮੈਨ ਲਾਇਨ ਸੋਮਿਨਾਂ ਸੰਧੂ, ਫੰਕਸ਼ਨ ਅਡਵਾਈਜ਼ਰ ਕਲੱਬ ਪ੍ਰਧਾਨ ਲਾਇਨ ਦਿਨਕਰ ਸੰਧੂ, ਸਟਾਰ ਗੈਸਟ ਲਾਇਨ ਆਂਚਲ ਸੰਧੂ ਸੋਖਲ, ਕਲੱਬ ਸੈਕਟਰੀ ਲਾਇਨ ਜਸਪ੍ਰੀਤ ਕੌਰ ਸੰਧੂ, ਟਰੈਜਰਰ ਲਾਇਨ ਬਬਿਤਾ ਸੰਧੂ, ਲਾਇਨ ਸੀਤਾ ਰਾਮ ਸੋਖਲ, ਜ਼ਿਲ੍ਹਾ ਜਨਰਲ ਸਕੱਤਰ ਸੁਰਿੰਦਰ ਪਾਲ, ਪ੍ਰੈਸ ਸਕੱਤਰ ਤਰਸੇਮ ਲਾਲ ਉੱਪਲ ਨੇ ਅਹਿਮ ਭੂਮਿਕਾ ਨਿਭਾਈ। ਨਕੋਦਰ ਹਲਕੇ ਦੀ ਪੁਲਿਸ ਨੇ ਸਮਾਗਮ ਦੇ ਰੰਗ ਵਿੱਚ ਭੰਗ ਪਾਉਣ ਦੀ ਵਿਸ਼ੇਸ਼ ਭੂਮਿਕਾ ਨਿਭਾਈ, ਸਿੱਟੇ ਵਜੋਂ ਯੂਨੀਅਨ ਵੱਲੋਂ ਲਗਾਤਾਰ ਕੀਤੇ ਜਾਂਦੇ ਸਮਾਗਮਾਂ ਵਿੱਚ ਪਹਿਲੀ ਵਾਰ ਇਹੋ ਜਿਹੀ ਨੌਬਤ ਆਈ ਕਿ ਪੁਲਿਸ ਦੇਸ਼ ਦੇ ਕੌਮੀ ਝੰਡੇ ਨੂੰ ਸਲਾਮੀ ਦੇਣ ਲਈ 5 ਮਿੰਟ ਦਾ ਸਮਾਂ ਨਾ ਦੇ ਪਾਈ, ਪਰ ਪ੍ਰਬੰਧਕਾਂ ਦੇ ਹੌਸਲਿਆਂ ਨੇ ਸਮਾਗਮ ਦਾ ਰੰਗ ਫਿੱਕਾ ਨਾ ਪੈਣ ਦਿੱਤਾ। ਠਾਠਾਂ ਮਾਰਦੇ ਇਕੱਠ ਵਿੱਚ ਦੇਸ਼ ਦਾ ਝੰਡਾ ਸ਼ਾਨ-ਓ-ਸ਼ੌਕਤ ਨਾਲ ਲਹਿਰਾਇਆ। ਪੁਲਿਸ ਦੀ ਇਸ ਮਾੜੀ ਅਤੇ ਸੌੜੀ ਕਾਰਜਗੁਜ਼ਾਰੀ ਦੀ ਰੱਜ ਕੇ ਨਿੰਦਾ ਹੁੰਦੀ ਦੁਨੀਆ ਨੇ ਦੇਖੀ।


