ਐਸ.ਜੀ.ਪੀ.ਸੀ. ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ – ਤੇਜਿੰਦਰ ਸਿੰਘ ਪੱਡਾ
ਕਪੂਰਥਲਾ/ਸੁਲਤਾਨਪੁਰ ਲੋਧੀ (ਸਮਾਜ ਵੀਕਲੀ) (ਕੌੜਾ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਧਾਨ ਬੀਬੀ ਜਗੀਰ ਕੌਰ ਦੀ ਰਹਿਨੁਮਾਈ ਹੇਠਾਂ ਸ੍ਰੀ ਗੁਰੂ ਨਾਨਕ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਸਾਬਤ ਸੂਰਤ ਸਿੱਖ ਕਬੱਡੀ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਲਗਾਇਆ ਗਿਆ 26 ਰੋਜ਼ਾ ਕੋਚਿੰਗ ਕੈਂਪ ਅੱਜ ਸਮਾਪਤ ਹੋ ਗਿਆ । ਕੋਚਿੰਗ ਕੈਂਪ ਵਿੱਚ ਭਾਗ ਲੈਣ ਵਾਲੇ ਮਾਝੇ, ਮਾਲਵੇ ਤੇ ਦੁਆਬੇ ਦੇ ਇੰਟਰਨੈਸ਼ਨਲ ਪੱਧਰ ਦੇ ਸਿੱਖ ਖਿਡਾਰੀਆਂ ਦਾ ਸਨਮਾਨ ਕਰਨ ਤੇ ਵਿਦਾਇਗੀ ਦੇਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਤੇਜਿੰਦਰ ਸਿੰਘ ਪੱਡਾ ਇੰਚਾਰਜ ਖੇਡ ਵਿਭਾਗ ਦੀ ਦੇਖ-ਰੇਖ ਹੇਠ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਸੁਲਤਾਨਪੁਰ ਲੋਧੀ ਵਿਖੇ ਵਿਸ਼ਾਲ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ ।
ਜਿਸ ਵਿੱਚ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚ ਸਕੇ ਤੇ ਉਨ੍ਹਾਂ ਵੱਲੋਂ ਲਗਾਈ ਡਿਊਟੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਮੈਂਬਰ ਪੀ.ਏ.ਸੀ ਤੇ ਹਲਕਾ ਸੁਲਤਾਨਪੁਰ ਲੋਧੀ ਦੇ ਮੈਂਬਰ ਸ਼੍ਰੋਮਣੀ ਕਮੇਟੀ ਬੀਬੀ ਗੁਰਪ੍ਰੀਤ ਕੌਰ ਰੂਹੀ , ਜਥੇ ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਸ਼ਾਹਕੋਟ ਉਚੇਚੇ ਤੌਰ ਤੇ ਪੁੱਜੇ ਤੇ ਸਮੂਹ ਨਾਮਵਰ ਖਿਡਾਰੀਆਂ ਦਾ ਸਿਰੋਪਾਓ ਤੇ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨ ਕੀਤਾ । ਇਸਤੋਂ ਪਹਿਲਾਂ ਕੈਂਪ ਵਿੱਚ ਹਿੱਸਾ ਲੈ ਰਹੇ ਸਮੂਹ ਖਿਡਾਰੀ ਤੇ ਸ਼੍ਰੋਮਣੀ ਕਮੇਟੀ ਅਧਿਕਾਰੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਦਰਬਾਰ ਵਿਖੇ ਨਤਮਸਤਕ ਹੋਏ ਤੇ ਹੈੱਡ ਗ੍ਰੰਥੀ ਗਿਆਨੀ ਸੁਰਜੀਤ ਸਿੰਘ ਸਭਰਾਅ ਨੇ ਕਬੱਡੀ ਟੀਮ ਦੀ ਚੜ੍ਹਦੀਕਲਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ।
ਇਸ ਉਪਰੰਤ ਮੀਟਿੰਗ ਹਾਲ ਵਿਖੇ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਸਕੱਤਰ ਸ਼੍ਰੋਮਣੀ ਕਮੇਟੀ ਖੇਡ ਵਿਭਾਗ ਤੇਜਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਭਿਆਨਕ ਸਮੇਂ ਕਾਰਨ ਖੇਡਾਂ ਦੇ ਪ੍ਰੋਗਰਾਮ ਵੀ ਪੂਰੀ ਤਰ੍ਹਾਂ ਬੰਦ ਹੋ ਗਏ ਸਨ ਤੇ ਹੁਣ ਕੋਵਿਡ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋ ਕਬੱਡੀ ਖਿਡਾਰੀਆਂ ਨੂੰ ਕੋਚਿੰਗ ਦੇ ਕੇ ਦੁਬਾਰਾ ਖੇਡਾਂ ਕਰਵਾਉਣ ਲਈ ਪਹਿਲਾਂ ਕੋਚਿੰਗ ਕੈਂਪ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਲਗਵਾਇਅਾ ਗਿਆ ਜੋ ਕਿ ਪੂਰੀ ਤਰ੍ਹਾਂ ਸਫਲ ਰਿਹਾ । ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਰਲਡ ਕੱਪ ਤੇ ਹੋਰ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਵੱਡੇ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ ਨਾਮਵਰ ਖਿਡਾਰੀਆਂ ਇਸ ਕੈਂਪ ਵਿੱਚ ਕੋਚ ਸਾਹਿਬਾਨ ਮੇਜਰ ਸਿੰਘ ਤੇ ਕੋਚ ਮਨਪ੍ਰੀਤ ਸਿੰਘ ਮੰਨਾ ਤੋਂ ਕੋਚਿੰਗ ਪ੍ਰਾਪਤ ਕੀਤੀ ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਨਾਮਵਰ ਖਿਡਾਰੀ ਗੁਰਮੀਤ ਸਿੰਘ ਮੁੰਡੀਆਂ ਵਰਲਡ ਕੱਪ ਲੀਗ ਦਾ ਬੈਸਟ ਰੇਡਰ, ਜਸਪਿੰਦਰ ਸਿੰਘ ਜੱਸ ਚੌੜੇ-ਮੱਧਰੇ ,ਸੁਖਰਾਜ ਸਿੰਘ ਸੋਢੀ ਰਤਨਗੜ੍ਹ, ਸਤਨਾਮ ਸਿੰਘ ਸੱਤੂ ਸ੍ਰੀ ਖਡੂਰ ਸਾਹਿਬ , ਰੁਪਿੰਦਰ ਸਿੰਘ ਭਿੰਦੂ , ਭੁਪਿੰਦਰ ਸਿੰਘ ਭਿੰਦਾ ਮੂਲੇ ਖਹਿਰਾ , ਨਰਿੰਦਰ ਸਿੰਘ ਨਿੰਦੂ ਇੰਦ ਗੜ੍ਹ , ਮਨਜੋਤ ਸਿੰਘ ਮਾਛੀਵਾੜਾ ਸਾਹਿਬ ,ਕਰਮਜੀਤ ਸਿੰਘ ਲਸਾੜਾ ,ਕੁਲਦੀਪ ਸਿੰਘ ਸ਼ਿਕਾਰ ਮਾਛੀ, ਗੁਰਪ੍ਰੀਤ ਸਿੰਘ ਮੰਗੂ , ਲੱਡਾ ਬੱਲ ਪੁਰੀਆ ਆਦਿ ਸਮੁੱਚੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਉਨ੍ਹਾਂ ਦੱਸਿਆ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੱਖਾਂ ਰੁਪਏ ਸਾਬਤ ਸੂਰਤ ਸਿੱਖ ਖਿਡਾਰੀਆਂ ਤੇ ਖਰਚੇ ਜਾ ਰਹੇ ਹਨ ਤੇ ਸ਼੍ਰੋਮਣੀ ਕਮੇਟੀ ਦੇ ਤਿਆਰ ਖਿਡਾਰੀ ਦੇਸ਼ ਵਿਦੇਸ਼ ਵਿੱਚ ਆਪਣਾ ਲੋਹਾ ਮਨਵਾ ਚੁੱਕੇ ਹਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly