(ਸਮਾਜ ਵੀਕਲੀ)
ਭਾਣਾ ਮੰਨਦਿਆਂ ਆਹ ਦਿਨ ਆ ਗਏ, ਤੱਤੀ ਤਵੀ ਉੱਤੇ ਬਹਿਣ ਵਾਲਿਆ।
ਤੇਰੇ ਵਾਰਸ ਢੇਰੀਆਂ ਢਾਹ ਗਏ,ਤੇਰਾ ਭਾਣਾ ਮੀਠਾ ਕਹਿਣ ਵਾਲਿਆ।
ਅੱਜ ਹੋਰ ਉੱਚੀ ਹੋਰ ਉੱਚੀ ਕਰਿਆ,ਜਾਤ ਪਾਤ ਵਾਲੀ ਸੌੜੀ ਕੰਧ ਨੂੰ,
ਜੀਹਨੂੰ ਅੰਧ ਵਿਸ਼ਵਾਸ਼ ਰਹੇ ਦੱਸਦੇ, ਉਹੋ ਪੂਜ ਰਹੇ ਪੱਥਰ ਤੇ ਚੰਦ ਨੂੰ,
ਤੇਰੀ ਕੌਮ ਹੈ ਕਿਰਤ ਨਾਲੋਂ ਟੁੱਟਗੀ,ਸਿਰ ਤੇ ਜ਼ੁਲਮ ਸਹਿਣ ਵਾਲਿਆ।
ਭਾਣਾ ਮੰਨਦਿਆਂ ———-
ਵਾੜ ਖਾ ਗਈ ਧਰਮ ਵਾਲੀ ਵੇਲ ਨੂੰ, ਅੱਕਾਂ ਨੂੰ ਵਲੇਵੇਂ ਬੈਠੇ ਮਾਰੀ ਜੀ,
ਥੋਡੀ ਬਾਣੀ ਚੋਂ ਸ਼ਬਦ ਗੁਰੂ ਭੁੱਲ ਗਏ, ਸੰਤ ਬਣ ਬੈਠੇ ਦੇਹਧਾਰੀ ਜੀ,
ਲੋਭੀ ਹੋ ਗਏ ਮਸੰਦ ਤੇਰੇ ਪੰਥ ਦੇ, ਚੜਦੀ ਕਲਾ ‘ਚ ਰਹਿਣ ਵਾਲਿਆ।
ਭਾਣਾ ਮੰਨਦਿਆਂ ———-
ਖੂਨ ਨਾਲ ਸਿੰਜੇ ਸਿੱਖ ਬੂਟੇ ਨੂੰ, ਰਹੇ ਦੱਸਦੇ ਜੋ ਝੂਠ ਦੀ ਦੁਕਾਨ ਜੀ,
ਚੰਦੂ, ਖੁਸਰੋ,ਪਿਰਥੀਏ ਮਿਲ ਗਏ, ਹੱਥੀਂ ਖੰਜਰ ਤੇ ਸਾਜ਼ਿਸ਼ੀ ਜ਼ੁਬਾਨ ਜੀ,
ਏ ਸੀ ਲਗਾ ਕੇ ਪਲੰਘਾਂ ਉੱਤੇ ਸੌਂਦੇ ਨੇ,ਦੇਗ ਦੇ ਉਬਾਲੇ ਸਹਿਣ ਵਾਲਿਆ।
ਭਾਣਾ ਮੰਨਦਿਆਂ ————
ਬਹੁਤੇ ਸੋਚ ਤੇ ਵਿਚਾਰੋਂ ਹੀਣੇ ਹੋ ਗਏ,ਰਿਧਿ ਸਿਧਿ ਅੱਖੀਂ ਪੱਟੀ ਬੰਨ੍ਹ ਲਈ,
ਤੁਸੀਂ ਚੇਤਨਾ ਦਾ ਬਾਲ਼ਿਆ ਚਿਰਾਗ਼ ਸੀ, ਕਰ ਸੱਚ ਨੂੰ ਜ਼ਿਬਾਹ ਗੱਲ ਮੰਨ ਲਈ,
ਉਹੀ ਧਾਗਿਆਂ ਤਵੀਤਾਂ ਵਿਚ ਉਲ਼ਝੇ, ਰੁਖ਼ ਹਵਾ ਦੇ ਉਲਟ ਵਹਿਣ ਵਾਲਿਆ।
ਭਾਣਾ ਮੰਨਦਿਆਂ ———–
ਲੰਮੇ ਚੋਲ਼ਿਆਂ ਨੇ ਹੱਥ ਲੰਮੇ ਕਰਕੇ, ਦੋਹੇਂ ਹੱਥੀਂ ਲੁੱਟੀਆਂ ਤਿਜੋਰੀਆਂ,
ਗੱਲ ਧਰਮ ਕਰਮ ਦੀ ਕੋਈ ਸੁਣੇ ਨਾ,’ ਰਾਜਨ ‘ ਸੁਣਾਵੇ ਗੱਲਾਂ ਕੋਰੀਆਂ,
ਜਥੇਦਾਰ ਚੌਧਰਾਂ ਲਈ ਲੜਦੇ, ਵੱਢੀਖੋਰੀ ਨੂੰ ਹਰਾਮ ਕਹਿਣ ਵਾਲਿਆ।
ਭਾਣਾ ਮੰਨਦਿਆਂ ਆਹ ਦਿਨ ਆ ਗਏ, ਤੱਤੀ ਤਵੀ ਉੱਤੇ ਬਹਿਣ ਵਾਲਿਆ।
ਤੇਰੇ ਵਾਰਸ ਢੇਰੀਆਂ ਢਾਹ ਗਏ, ਤੇਰਾ ਭਾਣਾ ਮੀਠਾ ਕਹਿਣ ਵਾਲਿਆ।
ਰਜਿੰਦਰ ਸਿੰਘ ਰਾਜਨ
ਡੀ ਸੀ ਕੋਠੀ ਰੋਡ ਸੰਗਰੂਰ।
9876184954
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly