ਜਾਇਦਾਦਾਂ ਅਤੇ ਬੁਢਾਪੇ ਲਈ ਰੱਖੇ ਪੈਸੇ ਬਣ ਰਹੇ ਨੇ ਮੁਸੀਬਤ

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

(ਸਮਾਜ ਵੀਕਲੀ)

ਹਰ ਕੋਈ ਆਪਣੀ ਚੰਗੀ ਸਿਹਤ ਹੁੰਦਿਆਂ ਅਤੇ ਜਵਾਨੀ ਵਿੱਚ ਹੱਡ ਭੰਨਵੀਂ ਮਿਹਨਤ ਕਰਦਾ ਹੈ ਕਿ ਬੁਢਾਪਾ ਚੈਨ ਨਾਲ ਬੀਤੇ।ਉਸਨੂੰ ਆਪਣੀ ਛੱਤ ਮਤਲਬ ਘਰ ਬਣਾਉਣ ਦਾ ਫਿਕਰ ਸਤਾਉਂਦਾ ਹੈ ਅਤੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਤੇ ਪੈਰਾਂ ਤੇ ਖੜ੍ਹੇ ਕਰਨ ਦੀ ਫਿਕਰ ਹੁੰਦੀ ਹੈ।ਇਸ ਉਧੇੜ ਬੁੰਨ ਵਿੱਚ ਉਹ ਆਪਣੀਆਂ ਜ਼ਰੂਰਤਾਂ ਵੀ ਕਈ ਵਾਰ ਮਾਪੇ ਪੂਰੀਆਂ ਨਹੀਂ ਕਰਦੇ।ਉਹ ਬੱਚਿਆਂ ਨੂੰ ਆਪਣੇ ਤੋਂ ਵਧੀਆ ਪੜ੍ਹਾਈ ਕਰਵਾਉਣ ਵਿੱਚ ਲੱਗ ਜਾਂਦੇ ਹਨ। ਇਹ ਆਸ ਹੁੰਦੀ ਹੈ ਕਿ ਜੇਕਰ ਸਾਡਾ ਬੇਟਾ ਵਧੀਆ ਨੌਕਰੀ ਕਰੇਗਾ ਤਾਂ ਸਾਡਾ ਬੁਢਾਪਾ ਵੀ ਸੌਖਾ ਹੋਏਗਾ।ਆਪਣੀ ਕਮਾਈ ਬੱਚਿਆਂ ਤੇ ਖਰਚ ਦਿੰਦੇ ਹਨ ਅਤੇ ਕੁੱਝ ਘਰ ਬਣਾਉਣ ਤੇ ਲਗਾ ਦਿੰਦੇ ਹਨ।ਕਈਆਂ ਨੂੰ ਪੈਨਸ਼ਨ ਮਿਲਦੀ ਹੈ ਅਤੇ ਕਈਆਂ ਨੂੰ ਉਹ ਵੀ ਨਹੀਂ ਮਿਲਦੀ।ਥੋੜ੍ਹਾ ਬਹੁਤ ਕੋਸ਼ਿਸ਼ ਕਰਕੇ ਵੇਲੇ ਕੁਵੇਲੇ ਲਈ ਰੱਖਦੇ ਹਨ।

ਪਰ ਇਸ ਵਕਤ ਹਾਲਾਤ ਇਹ ਬਣ ਗਏ ਹਨ ਕਿ ਮਾਪਿਆਂ ਨੂੰ ਔਲਾਦ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ,ਕੁੱਟਿਆ ਮਾਰਿਆ ਜਾਂਦਾ ਹੈ।ਬਿਰਧ ਆਸ਼ਰਮ ਵਿੱਚ ਛੱਡਿਆ ਜਾਂਦਾ ਹੈ।ਜੇਕਰ ਬਾਪ ਦੀ ਮੌਤ ਹੋ ਜਾਏ ਤਾਂ ਮਾਂ ਨਾਲ ਬੇਇਮਾਨੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ।ਜੇਕਰ ਮਾਂ ਦੀ ਮੌਤ ਹੋ ਜਾਏ ਤਾਂ ਬਾਪ ਦੀ ਬੁਰੀ ਹਾਲਤ ਕਰ ਦਿੱਤੀ ਜਾਂਦੀ ਹੈ। ਇਹ ਹਾਲਾਤ ਇਸ ਵੇਲੇ ਹਰ ਵਰਗ ਦੇ ਵਿੱਚ ਹਨ। ਅਮੀਰ ਗਰੀਬ ਦਾ ਕੋਈ ਰੌਲਾ ਨਹੀਂ ਹੈ।ਰੌਲਾ ਸਿਰਫ ਜੋ ਵੀ ਅਤੇ ਜਿੰਨਾਂ ਵੀ ਹੈ,ਉਹ ਲੈਣ ਦਾ ਹੈ।ਜਿਹੜੇ ਮਾਪਿਆਂ ਕੋਲ ਵੱਧ ਹੈ,ਉਨ੍ਹਾਂ ਦੇ ਬੱਚਿਆਂ ਨੇ ਆਪਣੇ ਖਰਚੇ ਉਨੇ ਵਧਾਏ ਹੋਏ ਹੁੰਦੇ ਹਨ।ਕਈ ਥਾਵਾਂ ਤੇ ਔਲਾਦ ਵਿਹਲੜ ਹੁੰਦੀ ਹੈ ਪਰ ਰਹਿਣ ਸਹਿਣ ਦਾ ਸਤਰ ਉੱਚਾ ਹੁੰਦਾ ਹੈ।ਅਜਿਹੀ ਔਲਾਦ ਵੱਢ ਵੱਢ ਖਾ ਜਾਂਦੀ ਹੈ।ਹਰ ਕੋਈ ਆਪਣੀ ਹੈਸੀਅਤ ਮੁਤਾਬਿਕ ਜਾਇਦਾਦ ਬਣਾਉਂਦਾ ਹੈ।

ਉਸੇ ਜਾਇਦਾਦ ਦਾ ਰੌਲਾ ਪੈਂਦਾ ਹੈ ਅਤੇ ਉਹ ਹੀ ਮੁਸੀਬਤ ਬਣ ਜਾਂਦੀ ਹੈ।ਮਾਪੇ ਜੇਕਰ ਬੇਦਖਲ ਕਰਨ ਦਾ ਫੈਸਲਾ ਲੈਂਦੇ ਹਨ ਤਾਂ ਬੇਹੱਦ ਤੰਗ ਆਕੇ ਲੈਂਦੇ ਹਨ।ਜੇਕਰ ਘਰ ਵਿੱਚ ਨਾ ਰੱਖਣ ਦਾ ਫੈਸਲਾ ਲੈਂਦੇ ਹਨ ਤਾਂ ਉਹ ਵੀ ਔਲਾਦ ਤੋਂ ਤੰਗ ਆਕੇ ਹੀ ਲੈਂਦੇ ਹਨ।ਅਸਲ ਵਿੱਚ ਹਰ ਰੋਜ਼ ਮਾਪਿਆਂ ਕੋਲੋਂ ਪੈਸੇ ਕਢਵਾਉਣ ਲਈ ਨਵਾਂ ਛੋਛਾ ਛੋੜ ਦਿੰਦੇ ਹਨ।ਔਲਾਦ ਨੂੰ ਇਵੇਂ ਲੱਗਦਾ ਹੈ ਕਿ ਬਜ਼ੁਰਗਾਂ ਨੂੰ ਨਾ ਪੈਸੇ ਦੀ ਜ਼ਰੂਰਤ ਹੈ ਅਤੇ ਨਾ ਜਾਇਦਾਦ ਦੀ।ਕੁੱਝ ਇਕ ਨੂੰ ਛੱਡਕੇ ਵਧੇਰੇ ਕਰਕੇ ਔਲਾਦ ਆਂਡੇ ਖਾਣ ਦੀ ਥਾਂ ਮੁਰਗੀ ਖਾਣ ਦੀ ਸੋਚ ਵਾਲੀ ਹੈ।ਵਧੇਰੇ ਕਰਕੇ ਮਾਪੇ ਘਰ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ,ਕੁੱਝ ਦੇ ਦਿੰਦੇ ਹਨ।ਪਰ ਹੌਲੀ ਹੌਲੀ ਔਲਾਦ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਨ ਲੱਗਦੀ ਹੈ ਤਾਂ ਕੁੱਝ ਮਾਪੇ ਵੀ ਕਦਮ ਚੁੱਕ ਲੈਂਦੇ ਹਨ।ਅਸਲ ਵਿੱਚ ਮਾਪਿਆਂ ਦੀ ਬਣਾਈ ਹੋਈ ਜਾਇਦਾਦ ਵਿੱਚ ਔਲਾਦ ਮਾਪਿਆਂ ਦੀ ਸਹਿਮਤੀ ਨਾਲ ਹੀ ਰਹਿ ਸਕਦੀ ਹੈ।ਸੀਨੀਅਰ ਸਿਟੀਜ਼ਨ ਐਕਟ ਬਣਿਆ ਹੈ ਪਰ ਉਸ ਅਨੁਸਾਰ ਕਾਰਵਾਈ ਕਰਨ ਵਿੱਚ ਢਿੱਲ ਮੱਠ ਕੀਤੀ ਜਾਂਦੀ ਹੈ।

ਬਹੁਤ ਸਾਰੇ ਸਾਡੇ ਆਸਪਾਸ ਅਜਿਹੇ ਲੋਕ ਹਨ ਜੋ ਔਲਾਦ ਵੱਲੋਂ ਤੰਗ ਪ੍ਰੇਸ਼ਾਨ ਰਹਿੰਦੇ ਹਨ।ਜਦੋਂ ਔਲਾਦ ਹੀ ਮਾਪਿਆਂ ਨਾਲ ਠੱਗੀਆਂ ਮਾਰਨ ਲੱਗ ਜਾਏ ਤਾਂ ਬਜ਼ਰੁਗ ਘਰ ਵਿੱਚ ਵੀ ਸੁਰੱਖਿਅਤ ਨਹੀਂ ਹਨ।ਮੈਂ ਇਕ ਅਜਿਹੇ ਪਰਿਵਾਰ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ।ਬਜ਼ੁਰਗ ਜੋੜੇ ਨੇ ਬਹੁਤ ਸਾਰੀ ਜਾਇਦਾਦ ਬਣਾਈ,ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਈ।ਆਪਣੇ ਕੰਮਕਾਰ ਖੋਲ ਕੇ ਦਿੱਤੇ।ਪਰ ਔਲਾਦ ਨੇ ਬਜ਼ੁਰਗ ਮਾਪਿਆਂ ਦਾ ਜਿਊਣਾ ਔਖਾ ਕਰ ਦਿੱਤਾ।ਆਪਣੇ ਬਣਾਏ ਘਰ ਵਿੱਚ ਨੂੰਹਾਂ ਪੁੱਤਾਂ ਵੱਲੋਂ ਕੁੱਝ ਨਾ ਕੁੱਝ ਸੁਣਨਾ ਪੈਂਦਾ।ਸਿਆਣੇ ਕਹਿੰਦੇ ਨੇ ਔਲਾਦ ਤੋਂ ਬੰਦਾ ਹਾਰ ਜਾਂਦਾ ਹੈ।ਇਸ ਪ੍ਰੇਸ਼ਾਨੀ ਨੇ ਘਰਦੇ ਮਾਲਕ ਨੂੰ ਮੌਤ ਦੇ ਮੂੰਹ ਵਿੱਚ ਧਕੇਲ ਦਿੱਤਾ।

ਇਕੱਲੀ ਮਾਂ ਲਈ ਔਲਾਦ ਨੇ ਮੁਸੀਬਤਾਂ ਖੜ੍ਹੀਆਂ ਕਰ ਦਿੱਤੀਆਂ।ਜਿਹੜਾ ਘਰ ਬੜੀਆਂ ਰੀਝਾਂ ਨਾਲ ਬਣਾਇਆ ਸੀ ਵੇਚਣਾ ਪਿਆ।ਪੈਸੇ ਵਿੱਚ ਇਕ ਬੇਟਾ ਗੜਬੜੀ ਕਰ ਗਿਆ।ਜ਼ਮੀਨ ਅਤੇ ਹੋਰ ਜਾਇਦਾਦ ਵੀ ਪੁੱਤਾਂ ਨੇ ਲੈ ਲਈ।ਹਾਲਾਤ ਇਕੱਠੇ ਰਹਿਣ ਵਾਲੇ ਨਹੀਂ ਸਨ।ਅਖੀਰ ਵਿਗੜਦੇ ਹਾਲਾਤ ਵੇਖਕੇ ਮਾਂ ਨੇ ਪੁੱਤਾਂ ਤੋਂ ਅਲੱਗ ਰਹਿਣ ਦਾ ਫੈਸਲਾ ਕੀਤਾ।ਸੀਨੀਅਰ ਸਿਟੀਜ਼ਨ ਐਕਟ ਅਧੀਨ ਕੇਸ ਕੀਤਾ ਪਰ ਸਹੀ ਤਰੀਕੇ ਨਾਲ ਸੁਣਵਾਈ ਨਾ ਹੋਈ।ਡੀ ਸੀ ਨੇ ਪੁੱਤਾਂ ਨੂੰ ਦਿੱਤੀ ਜ਼ਮੀਨ ਮਾਂ ਨੂੰ ਵਾਪਿਸ ਕਰਨ ਦੀਆਂ ਹਦਾਇਤ ਕੀਤੀ।ਪੁੱਤ ਨੇ ਕੇਸ ਹਾਈਕੋਰਟ ਵਿੱਚ ਕਰ ਦਿੱਤਾ।ਸਪੈਸ਼ਲ ਲੱਗੀ ਫੈਮਿਲੀ ਬੈਂਚ ਨੇ ਵਧੀਆ ਫੈਸਲਾ ਕਰਕੇ ਜ਼ਮੀਨ ਵਾਪਸ ਮਾਂ ਨੂੰ ਦੇਣ ਦਾ ਫੈਸਲਾ ਕੀਤਾ।

ਨੂੰਹਾਂ ਪੁੱਤਾਂ ਨੂੰ ਇਵੇਂ ਲੱਗਦਾ ਹੈ ਕਿ ਬਜ਼ੁਰਗਾਂ ਦੀਆਂ ਨਾ ਕੋਈ ਲੋੜਾਂ ਪੂਰੀਆਂ ਕਰਨ ਦੀ ਜ਼ਰੂਰਤ ਹੈ ਅਤੇ ਨਾ ਉਨ੍ਹਾਂ ਨੂੰ ਕੋਈ ਚੀਜ਼ ਚਾਹੀਦੀ ਹੈ।ਉਨ੍ਹਾਂ ਦਾ ਘਰ ਤੋਂ ਬਾਹਰ ਜਾਣਾ,ਖਰੀਦਦਾਰੀ ਕਰਨੀ,ਦੋਸਤਾਂ ਮਿੱਤਰਾਂ ਨੂੰ ਮਿਲਣਾ ਵੀ ਚੰਗਾ ਨਹੀਂ ਲੱਗਦਾ।ਅਸਲ ਵਿੱਚ ਮਾਪਿਆਂ ਦੇ ਪੈਸੇ ਤੇ ਜਾਇਦਾਦ ਤੇ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਨੇ ਨੂੰਹਾਂ ਪੁੱਤ।ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਮਾਪਿਆਂ ਤੋਂ ਉਨ੍ਹਾਂ ਦੇ ਬੁਢਾਪੇ ਲਈ ਸੰਭਾਲੇ ਪੈਸੇ ਕਿਸੇ ਨਾ ਕਿਸੇ ਤਰੀਕੇ ਨਾਲ ਕਢਵਾ ਲਏ ਜਾਣ।ਅਸਲ ਵਿੱਚ ਨੂੰਹਾਂ ਪੁੱਤਾਂ ਆਂਡਾ ਖਾਣ ਦੀ ਥਾਂ ਮੁਰਗੀ ਖਾਣ ਲੱਗਦੀ ਹੈ।ਮਾਪੇ ਆਪਣੇ ਆਪ ਨੂੰ ਆਪਣੇ ਹੀ ਘਰ ਵਿੱਚ ਅਸੁਰੱਖਿਅਤ ਮਹਿਸੂਸ ਕਰਨ ਲੱਗਦੇ ਹਨ।ਤਾਹਨੇ ਮਿਹਣੇ ਸੁਣਨ ਤੋਂ ਬਚਣ ਲਈ ਕਮਰੇ ਵਿੱਚ ਬੰਦ ਰਹਿਣ ਲੱਗਦਾ ਹਨ।ਇਸ ਸਮੱਸਿਆ ਕਰਕੇ ਕੁੱਝ ਬਜ਼ੁਰਗ ਮਾਨਸਿਕ ਰੋਗੀ ਹੋ ਜਾਂਦੇ ਹਨ।ਚੈਨ ਨਾਲ ਰਹਿਣ ਲਈ ਬਣਾਇਆ ਘਰ ਅਤੇ ਆਪਣੇ ਦੁੱਖ ਸੁੱਖ ਲਈ ਜੋੜਿਆ ਪੈਸਾ ਹੀ ਉਨ੍ਹਾਂ ਲਈ ਮੁਸੀਬਤ ਬਣ ਜਾਂਦਾ ਹੈ।

ਸੀਨੀਅਰ ਸਿਟੀਜ਼ਨ ਐਕਟ ਬਣਿਆ ਹੋਇਆ ਹੈ।ਬਹੁਤ ਬਜ਼ੁਰਗਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਅਤੇ ਕੁੱਝ ਇਸਨੂੰ ਵਰਤਦੇ ਹੀ ਨਹੀਂ। ਐਕਟ ਨੂੰ ਲਾਗੂ ਕਰਨ ਅਤੇ ਬਜ਼ੁਰਗਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਚੱਕਰ ਲਗਵਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ।ਬਜ਼ੁਰਗਾਂ ਕੋਲੋਂ ਬਹੁਤੀ ਵਾਰ ਇੰਨੇ ਚੱਕਰ ਲੱਗਦੇ ਹੀ ਨਹੀਂ ਐਕਟ ਮੁਤਾਬਿਕ ਬਜ਼ੁਰਗਾਂ ਦੀ ਜਾਇਦਾਦ ਅਤੇ ਪੈਸੇ ਆਦਿ ਦੀ ਰੱਖਿਆ ਕਰਨੀ ਸੰਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਹੈ।ਜਿਹੜੀ ਔਲਾਦ ਮਾਪਿਆਂ ਨੂੰ ਇਵੇਂ ਤੰਗ ਪ੍ਰੇਸ਼ਾਨ ਕਰਦੀ ਹੈ,ਉਸਤੇ ਐਕਟ ਮੁਤਾਬਿਕ ਕਾਰਵਾਈ ਹੋਣੀ ਬਹੁਤ ਜ਼ਰੂਰੀ ਹੈ।ਹੈਰਾਨੀ ਇਸ ਗੱਲ ਦੀ ਹੈ ਕਿ ਨੂੰਹਾਂ ਪੁੱਤ ਮਾਪਿਆਂ ਨੂੰ ਰੋਟੀ ਵੀ ਨਹੀਂ ਦੇ ਸਕਦੇ।ਕਦੇ ਨੂੰਹਾਂ ਪੁੱਤਾਂ ਨੇ ਆਪਣੀ ਪੀੜ੍ਹੀ ਹੇਠਾਂ ਸੋਟਾ ਫੇਰਿਆ ਕਿ ਅਸੀਂ ਆਪਣੀ ਕਮਾਈ ਵਿਚੋਂ ਮਾਪਿਆਂ ਨੂੰ ਕੀ ਦੇ ਰਹੇ ਹਾਂ।ਹਾਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ।ਪੈਸੇ ਦੀ ਭੁੱਖ ਵੱਧਦੀ ਜਾ ਰਹੀ ਹੈ ਅਤੇ ਉਸ ਭੁੱਖ ਦੀ ਪੂਰਤੀ ਲਈ ਮਾਪਿਆਂ ਵਰਗਾ ਰਿਸ਼ਤਾ ਵੀ ਬਲੀ ਚਾੜ ਦਿੱਤਾ ਜਾਂਦਾ ਹੈ।

ਪ੍ਰਭਜੋਤ ਕੌਰ ਢਿੱਲੋਂ ਮੁਹਾਲੀ

ਮੋਬਾਈਲ ਨੰਬਰ ਮੋਬਾਈਲ 9815030221

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSudan’s warring parties accept 3-day extension of truce
Next article33 soldiers killed in attack in Burkina Faso