ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਦੇ ਸਿਆਸੀ ਦ੍ਰਿਸ਼ ’ਤੇ ਸ਼੍ਰੋਮਣੀ ਅਕਾਲੀ ਦਲ ਨਾਲ ਢਾਈ ਦਹਾਕਿਆਂ ਤੱਕ ਛੋਟੇ ਭਾਈਵਾਲ ਵਜੋਂ ਵਿਚਰਦੀ ਆ ਰਹੀ ਭਾਰਤੀ ਜਨਤਾ ਪਾਰਟੀ 16ਵੀਂ ਵਿਧਾਨ ਸਭਾ ਲਈ ਹੋਈਆਂ ਚੋਣਾਂ ਵਿੱਚ ਨਿਭਾਈ ਭੂਮਿਕਾ ਤੋਂ ਬਾਅਦ ਚੰਗੀ ਕਾਰਗੁਜ਼ਾਰੀ ਲਈ ਆਸਵੰਦ ਹੈ। ਭਾਜਪਾ ’ਤੇ ਮੋਦੀ-ਸ਼ਾਹ ਜੋੜੀ ਦਾ ਕੰਟਰੋਲ ਹੋਣ ਤੋਂ ਬਾਅਦ ਪੰਜਾਬ ਵਿੱਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਲਈ ਵਿਧਾਨ ਸਭਾ ਚੋਣਾਂ ਇੱਕ ਪ੍ਰੀਖਿਆ ਸਨ।
ਪਾਰਟੀ ਦੇ ਸੂਬਾਈ ਅਤੇ ਕੌਮੀ ਆਗੂ ਭਾਵੇਂ ਨਤੀਜਿਆਂ ਸਬੰਧੀ ਸਪੱਸ਼ਟ ਟੇਵਾ ਤਾਂ ਨਹੀਂ ਲਾ ਰਹੇ ਪਰ ਭਗਵਾਂ ਪਾਰਟੀ ਦੇ ਆਗੂਆਂ ਦਾ ਦਾਅਵਾ ਹੈ ਕਿ 10 ਮਾਰਚ ਨੂੰ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਅਗਲੀ ਸਰਕਾਰ ਦੇ ਗਠਨ ਵਿੱਚ ਪਾਰਟੀ ਦੀ ਅਹਿਮ ਭੂਮਿਕਾ ਹੋਵੇਗੀ। ਪੰਜਾਬ ਵਿੱਚ ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੇ ਸਮੇਂ ਸੰਸਦੀ ਜਾਂ ਵਿਧਾਨ ਸਭਾ ਚੋਣਾਂ ਦੌਰਾਨ 5 ਤੋਂ ਲੈ ਕੇ ਸਾਢੇ 8 ਫ਼ੀਸਦੀ ਤੱਕ ਵੋਟਾਂ ਹਾਸਲ ਹੁੰਦੀਆਂ ਰਹੀਆਂ ਹਨ।
ਅਕਾਲੀ ਦਲ ਨਾਲ ਗੱਠਜੋੜ ਦੌਰਾਨ ਭਾਜਪਾ 23 ਵਿਧਾਨ ਸਭਾ ਹਲਕਿਆਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਦੀ ਸੀ ਜਦਕਿ ਇਸ ਵਾਰੀ 70 ਤੋਂ ਵੱਧ ਵਿਧਾਨ ਸਭਾ ਹਲਕਿਆਂ ’ਤੇ ਭਗਵਾਂ ਪਾਰਟੀ ਦੇ ਉਮੀਦਵਾਰ ਖੜ੍ਹੇ ਸਨ। ਵਿਧਾਨ ਸਭਾ ਚੋਣਾਂ ਦਾ ਹੀ ਅੰਕੜਾ ਦੇਖਿਆ ਜਾਵੇ ਤਾਂ ਭਗਵਾਂ ਪਾਰਟੀ ਦੇ ਹਿੱਸੇ 2007 ਵਿੱਚ 8.33 ਫ਼ੀਸਦੀ, 2012 ਵਿੱਚ 7.18 ਫ਼ੀਸਦੀ ਵੋਟਾਂ ਆਈਆਂ ਸਨ ਜਦਕਿ 2017 ਵਿੱਚ ਵੋਟ ਫ਼ੀਸਦ ਘਟ ਕੇ 5.4 ਫ਼ੀਸਦੀ ਰਹਿ ਗਈ ਸੀ ਤੇ ਸੀਟਾਂ ਵੀ ਤਿੰਨ ਹੀ ਹੱਥ ਲੱਗੀਆਂ ਸਨ। ਉਸ ਮਗਰੋਂ ਪਾਰਟੀ ਲਗਾਤਾਰ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰਦੀ ਆ ਰਹੀ ਸੀ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ ਵਿਛੋੜੇ ਤੋਂ ਬਾਅਦ ਪਾਰਟੀ ਨੂੰ ਬੇੜੀ ਬੰਨੇ ਲਾਉਣ ਲਈ ਕੋਈ ਕੱਦਾਵਾਰ ਆਗੂ ਵੀ ਨਹੀਂ ਲੱਭਿਆ।
ਪਾਰਟੀ ਨੇ ਹਿੰਦੂ ਵਰਗ ਦੇ ਵੋਟਰਾਂ ਨੂੰ ਲੁਭਾਉਣ ਲਈ ਆਮ ਆਦਮੀ ਪਾਰਟੀ (ਆਪ) ’ਤੇ ਖਾਲਿਸਤਾਨ ਪੱਖੀ ਹੋਣ ਦਾ ਡਟਵਾਂ ਪ੍ਰਚਾਰ ਹੀ ਨਹੀਂ ਕੀਤਾ ਸਗੋਂ ਪੰਜਾਬ ਸਮੇਤ ਹੋਰਨਾਂ ਸੂਬਿਆਂ ਦੇ ਸੰਘੀ ਵਰਕਰਾਂ ਨੇ ਪੰਜਾਬ ਦੇ ਛੋਟੇ ਵੱਡੇ ਸ਼ਹਿਰਾਂ ਸਮੇਤ ਪਿੰਡਾਂ ਵਿੱਚ ਵੀ ਡੇਰੇ ਲਾ ਕੇ ਹਿੰਦੂ ਵੋਟ ਨੂੰ ਪਾਰਟੀ ਦੇ ਪੱਖ ਵਿੱਚ ਭੁਗਤਾਉਣ ਲਈ ਤਾਣ ਲਾਇਆ। ਰਾਜਸੀ ਹਲਕਿਆਂ ਵਿੱਚ ਇਹ ਚਰਚਾ ਭਾਰੂ ਹੈ ਕਿ ਭਾਜਪਾ ਨੇ ਚੋਣ ਨਤੀਜਿਆਂ ਤੋਂ ਲਟਕਵੀਂ ਵਿਧਾਨ ਸਭਾ ਆਉਣ ਦੀ ਸੂਰਤ ਵਿੱਚ ਬਾਅਦ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਸੱਤਾ ਤੋਂ ਦੂਰ ਰੱਖਣ ਲਈ ਚੋਣ ਰਣਨੀਤੀ ਤਹਿਤ ਗੱਠਜੋੜ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।
‘ਆਪ’ ਅਤੇ ਕਾਂਗਰਸ ਦੇ ਆਗੂਆਂ ਨੂੰ ਵੀ ਇਹ ਡਰ ਸਤਾਉਣ ਲੱਗਾ ਹੈ ਕਿ ਕਿਸੇ ਵੀ ਧਿਰ ਨੂੰ ਜੇਕਰ ਸਪੱਸ਼ਟ ਬਹੁਮਤ ਨਹੀਂ ਮਿਲਦਾ ਤਾਂ ਭਾਜਪਾ ‘ਬੇੜੀ ਵਿੱਚ ਵੱਟੇ’ ਪਾਉਣ ਦਾ ਕੰਮ ਕਰ ਸਕਦੀ ਹੈ। ਭਾਜਪਾ ਆਗੂਆਂ ਦਾ ਦਾਅਵਾ ਹੈ ਕਿ ਪਾਰਟੀ ਨੂੰ ਜਿੰਨੀਆਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਦੌਰਾਨ ਹਾਸਲ ਹੁੰਦੀਆਂ ਸਨ, ਓਨੀਆਂ ਸੀਟਾਂ ਹੱਥ ਆਉਣ ਦੇ ਆਸਾਰ ਦਿਖਾਈ ਦੇ ਰਹੇ ਹਨ। ਬਿਨਾਂ ਸ਼ੱਕ ਇਨ੍ਹਾਂ ਚੋਣਾਂ ਦੌਰਾਨ ਭਾਜਪਾ ਆਪਣੇ ਅਤੇ ਆਪਣੇ ਸਹਿਯੋਗੀਆਂ ਦੇ ਵੱਡੀ ਗਿਣਤੀ ਉਮੀਦਵਾਰਾਂ ਲਈ ਡੇਰਾ ਸਿਰਸਾ ਤੇ ਡੇਰਾ ਬਿਆਸ ਸਮੇਤ ਹੋਰਨਾਂ ਕਈ ਡੇਰਿਆਂ ਦੀ ਹਮਾਇਤ ਹਾਸਲ ਕਰਨ ’ਚ ਕਾਮਯਾਬ ਹੋ ਗਈ ਸੀ, ਜਿਸ ਕਰਕੇ ਪਾਰਟੀ ਨੂੰ ਵੋਟ ਪ੍ਰਤੀਸ਼ਤ ਦਾ ਮੋਟਾ ਹਿੱਸਾ ਮਿਲਣ ਅਤੇ ਹੈਰਾਨੀਜਨਤਕ ਨਤੀਜਿਆਂ ਦੀ ਆਸ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly