ਵਿਧਾਨ ਸਭਾ ਚੋਣਾਂ ਨੇਡ਼ੇ ਤੇ ਨੇਤਾਵਾਂ ਦੇ ਵੱਖ ਵੱਖ ਮੁਕਾਬਲੇ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਤਿੰਨ ਕੁ ਦਹਾਕੇ ਪਹਿਲਾਂ ਕੋਈ ਵੀ ਚੋਣਾਂ ਹੁੰਦੀਆਂ ਸਨ ਤਾਂ ਰਾਜਨੀਤਕ ਪਾਰਟੀਆਂ ਯੋਗ ਵਿਅਕਤੀਆਂ ਨੂੰ ਹੀ ਟਿਕਟ ਦਿੰਦੀਆਂ ਸਨ,ਸਭ ਤੋਂ ਪਹਿਲਾਂ ਇਹ ਪਰਖਿਆ ਜਾਂਦਾ ਸੀ ਕਿ ਸਬੰਧਤ ਵਿਅਕਤੀ ਲੋਕ ਸੇਵਕ ਹੈ ਕਿਤੇ ਵਿਖਾਵਾਕਾਰੀ ਨੇਤਾ ਤਾਂ ਨਹੀਂ।ਚੋਣਾਂ ਦਾ ਨਤੀਜਾ ਨਿਕਲਣ ਤੋਂ ਬਾਅਦ ਵੱਧ ਸੀਟਾਂ ਲੈਣ ਵਾਲੀ ਪਾਰਟੀ ਸਰਬਸੰਮਤੀ ਨਾਲ ਆਪਣਾ ਮੁਖੀ ਚੁਣ ਲੈਂਦੀ ਸੀ।ਹੁਣ ਹਰ ਇਕ ਰਾਜਨੀਤਕ ਪਾਰਟੀ ਦਾ ਪਹਿਲਾਂ ਆਪਣੇ ਆਪ ਵਿੱਚ ਮੁਕਾਬਲਾ ਹੁੰਦਾ ਹੈ,”ਚਿਹਰਾ” ਹਰੇਕ ਰਾਜਨੀਤਕ ਪਾਰਟੀ ਦਾ ਪਹਿਲਾ ਮੁੱਦਾ ਬਣ ਗਿਆ ਹੈ।

ਪਿਛਲੀਆਂ ਅਨੇਕਾ ਚੋਣਾਂ ਵਿੱਚ ਵੇਖਣ ਨੂੰ ਮਿਲਿਆ ਹੈ ਕੁਝ ਰਾਜਨੀਤਕ ਪਾਰਟੀਆਂ ਦਾ ਆਧਾਰ ਬਹੁਤ ਮਜ਼ਬੂਤ ਹੁੰਦਾ ਹੈ,ਪਰ ਇਨ੍ਹਾਂ ਦਾ ਮੁੱਖ ਪਾਤਰ “ਚਿਹਰਾ”ਆਪਣੀ ਪਾਰਟੀ ਨੂੰ ਦੋਫਾੜ ਕਰ ਦਿੰਦਾ ਹੈ ਤੇ ਆਖਰ ਨੂੰ ਹਾਰ ਮਿਲਦੀ ਹੈ।ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਪਾਂ ਵੇਖ ਹੀ ਚੁੱਕੇ ਹਾਂ।ਵੋਟਰਾਂ ਨੂੰ ਤਾਂ ਸਮਝ ਆ ਗਈ ਕਿ ਅਸੀਂ ਜਿਹੜੀ ਪਾਰਟੀ ਨੂੰ ਚੁਣਨਾ ਚਾਹੁੰਦੇ ਸੀ ਉਹ ਕਿਸੇ ਦੇ ਕੰਮ ਦੀ ਨਹੀਂ ਸੀ,ਉਨ੍ਹਾਂ ਨੇ ਚਿਹਰੇ ਦੀ ਲੜਾਈ ਵੇਖ ਲਈ ਤੇ ਪਾਰਟੀ ਵੱਲੋਂ ਮੂੰਹ ਮੋੜ ਲਿਆ।

ਪੰਜਾਬ ਵਿੱਚ ਦੋ ਮੁੱਖ ਰਾਜਨੀਤਕ ਪਾਰਟੀਆਂ ਹਨ ਉਨ੍ਹਾਂ ਦੀ ਅਦਲਾਬਦਲੀ ਚਲਦੀ ਹੈ,ਦੋਨੋਂ ਪਾਰਟੀਆਂ ਸਾਡੇ ਲਈ ਕੀ ਕਰਦੀਆਂ ਹਨ ਦੱਸਣ ਦੀ ਜ਼ਰੂਰਤ ਨਹੀਂ।ਹੁਣ ਵਿਧਾਨ ਸਭਾ ਦੀਆਂ ਚੋਣਾਂ ਦਾ ਐਲਾਨ ਹੋਇਆ ਨਹੀਂ ਚਿਹਰੇ ਦੇ ਨਾਲ ਹੁਣ ਜਾਤਾਂ ਵੀ ਜੋੜ ਦਿੱਤੀਆਂ ਗਈਆਂ,ਸਿੱਖ ਚਿਹਰਾ ਦਲਿਤ ਚਿਹਰਾ ਬਾਕੀ ਤੁਹਾਨੂੰ ਰਾਜਨੀਤਕ ਪਾਰਟੀਆਂ ਦੀ ਚਾਲ ਦਾ ਪਤਾ ਹੈ ਕਿ ਦੋਫਾੜ ਵੋਟਰ ਕਿਵੇਂ ਕੀਤੇ ਜਾਣ ਤੇ ਕੁਰਸੀ ਹਾਸਿਲ ਕਰ ਲਈ ਜਾਵੇ।

ਰਾਜਨੀਤਕ ਪਾਰਟੀਆਂ ਦੀ ਚਿਹਰਾ ਚਾਲ ਨੇ ਪੰਜਾਬ ਦੇ ਹਾਲਾਤ ਵਿਗਾੜ ਕੇ ਰੱਖ ਦਿੱਤੇ ਹਨ,ਪਹਿਲਾਂ ਚਿਹਰਾ ਚੁਣਨ ਲਈ ਜਨਤਾ ਨੂੰ ਭੁੱਲ ਜਾਂਦੇ ਹਨ ਫੇਰ ਚਿਹਰਾ ਚੁਣਨ ਤੋਂ ਬਾਅਦ ਜੇ ਕੁਰਸੀ ਮਿਲ ਜਾਵੇ,ਫੇਰ ਚਿਹਰਾ ਆਪਣੇ ਖਾਸ ਬੰਦਿਆਂ ਨੂੰ ਪਹਿਲ ਦਿੰਦਾ ਹੈ ਕਿਉਂਕਿ ਸਾਡੇ ਰਾਜਨੀਤਕ ਨੇਤਾਵਾਂ ਨੂੰ ਅੱਜ ਦਾ ਨਹੀਂ ਕੱਲ੍ਹ ਦਾ ਤੇ ਕੁਰਸੀ ਦਾ ਫਿਕਰ ਰਹਿੰਦਾ ਹੈ।ਪੰਜਾਬ ਪੂਰੇ ਦੇਸ਼ ਨੂੰ ਅਨਾਜ ਪੈਦਾ ਕਰਕੇ ਦਿੰਦਾ ਹੈ,ਹਰ ਘਰ ਵਿੱਚ ਆਪਣੀ ਮਿਹਨਤ ਨਾਲ ਚੁੱਲ੍ਹਾ ਬਲਦਾ ਹੈ ਪੂਰੇ ਭਾਰਤ ਵਿੱਚ ਪੰਜਾਬ ਦੀ ਸਿਹਤ ਪੱਖੋਂ ਹਾਲਤ ਬਹੁਤ ਵਧੀਆ ਹੈ।

ਪਰ ਪੰਜਾਬ ਦੇ ਅਨੇਕਾਂ ਗੰਭੀਰ ਮੁੱਦੇ ਹਨ,ਪੰਜਾਬ ਸਿਰ ਕੇਂਦਰ ਦਾ ਕਰਜ਼ਾ ਜੋ ਬਹੁਤ ਗੰਭੀਰ ਸਮੱਸਿਆ ਹੈ,ਸਬਸਿਡੀਆਂ ਲੋਕਾਂ ਨੂੰ ਭਰਮਾਉਣ ਲਈ ਰਾਜਨੀਤਕ ਪਾਰਟੀਆਂ ਲਈ ਵੋਟ ਬੈਂਕ ਮਜ਼ਬੂਤ ਕਰਨ ਲਈ ਬਹੁਤ ਵਧੀਆ ਤਰੀਕਾ ਅਪਣਾਇਆ ਹੋਇਆ ਹੈ।ਪਾਵਰ ਕਾਰਪੋਰੇਸ਼ਨ ਪੂਰੇ ਭਾਰਤ ਦਾ ਬਿਜਲੀ ਸੰਬੰਧੀ ਸੇਵਾ ਨਿਭਾਉਣ ਲਈ ਬਹੁਤ ਵਧੀਆ ਅਦਾਰਾ ਹੈ,ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਢੇਰ ਸਾਰੀਆਂ ਸਬਸਿਡੀਆਂ ਪਰੋਸੀਆਂ ਹੋਈਆਂ ਹਨ ਪਰ ਕਾਰਪੋਰੇਸ਼ਨ ਨੂੰ ਇਕ ਧੇਲਾ ਵੀ ਨਹੀਂ ਦਿੰਦੇ।ਉਸ ਦੀ ਸਜ਼ਾ ਪੰਜਾਬ ਵਿਚ ਬਿਜਲੀ ਦਾ ਪ੍ਰਬੰਧ ਬੇਹੱਦ ਕਮਜ਼ੋਰ ਹੈ,ਬਿਜਲੀ ਦੀ ਕਦੇ ਵੀ ਕੋਈ ਕਮੀ ਨਹੀਂ ਹੁੰਦੀ ਕਿਉਂਕਿ ਹੁਣ ਨੈਸ਼ਨਲ ਪੱਧਰ ਦੀਆਂ ਬਿਜਲੀ ਦੀਆਂ ਲਾਈਨਾਂ ਮੌਜੂਦ ਹਨ।ਪਰ ਬਿਜਲੀ ਪੰਜਾਬ ਵਿੱਚ ਪਹੁੰਚਾਉਣ ਦਾ ਪ੍ਰਬੰਧ ਬੇਹੱਦ ਖਸਤਾ ਹੋ ਚੁੱਕਿਆ ਹੈ।

ਪਾਵਰ ਕਾਰਪੋਰੇਸ਼ਨ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਦੇਣ ਜੋਗੇ ਪੈਸੇ ਹੀ ਵਸੂਲ ਕਰਦੀ ਹੈ,ਬਾਕੀ ਤਕਨੀਕੀ ਪ੍ਰਬੰਧ ਸੁਧਾਰਨ ਲਈ ਇਨ੍ਹਾਂ ਕੋਲੋਂ ਕੋਈ ਵੀ ਸਾਧਨ ਮੌਜੂਦ ਨਹੀਂ ਫਿਊਜ਼ ਲਗਾਉਣ ਲਈ ਵੀ ਤਾਰਾਂ ਨਹੀਂ ਹੁੰਦੀਆਂ।ਇਨ੍ਹਾਂ ਦੇ ਚਿਹਰੇ ਆਟਾ ਦਾਲ ਬਿਜਲੀ ਦੀਆਂ ਯੂਨਿਟਾਂ ਹੋਰ ਪਤਾ ਨਹੀਂ ਕੀ ਕੀ ਰਿਆਇਤਾਂ ਦੇਣ ਦੇ ਨਾਅਰੇ ਲਗਾ ਰਹੀਆਂ ਹਨ।ਖ਼ਜ਼ਾਨੇ ਵਿੱਚ ਕੀ ਹੈ ਕਦੇ ਕਿਸੇ ਨੇ ਵੇਖਿਆ ਨਹੀਂ,ਕੁਰਸੀ ਮੱਲ ਲਓ ਫੇਰ ਇਕ ਰਟਿਆ ਹੋਇਆ ਸ਼ਬਦ ਇਨ੍ਹਾਂ ਕੋਲੇ ਹਮੇਸ਼ਾਂ ਮੌਜੂਦ ਰਹਿੰਦਾ ਹੈ,ਪਿਛਲੀ ਪਾਰਟੀ ਜੋ ਰਾਜ ਕਰਦੀ ਸੀ ਖਜ਼ਾਨਾ ਖਾਲੀ ਕਰ ਗਈ। ਹਰੇਕ ਉੱਚ ਅਧਿਕਾਰੀ ਤੇ ਮੰਤਰੀ ਦਾ ਪ੍ਰੋਟੋਕੋਲ ਸਿਧਾਂਤ ਹੁੰਦਾ ਹੈ,ਕਿਸ ਤਰ੍ਹਾਂ ਕੰਮ ਕਰਨੇ ਹਨ ਤੇ ਜਨਤਾ ਵਿਚ ਜਾਣਾ ਹੈ।

ਅੱਜਕੱਲ੍ਹ ਦੋ ਮੁੱਖਮੰਤਰੀ ਵਿਖਾਵਾ ਰੂਪੀ ਲਾਈਨ ਉੱਤੇ ਚੜ੍ਹੇ ਹੋਏ ਹਨ ਜਾ ਕੇ ਕਿਸੇ ਦੇ ਘਰ ਰੋਟੀ ਖਾਓ ਚਾਹ ਪੀਓ,ਰਿਕਸ਼ਾ ਵਾਲਾ ਮਿਲ ਗਿਆ ਉਸ ਦੇ ਰਿਕਸ਼ੇ ਦੇ ਉੱਤੇ ਬੈਠ ਜਾਓ।ਜਿਸ ਮੁੱਖ ਮੰਤਰੀ ਨੂੰ ਆਪਣੀ ਕੁਰਸੀ ਦਾ ਗਿਆਨ ਨਹੀਂ,ਉਹ ਜਨਤਾ ਲਈ ਕੀ ਕਰ ਸਕਦਾ ਹੈ।ਅਜਿਹੇ ਵਿਖਾਵੇ ਜਨਤਾ ਬਹੁਤ ਲੰਮੇ ਸਮੇਂ ਤੋਂ ਵੇਖ ਰਹੀ ਹੈ,ਹੁਣ ਅਜਿਹੇ ਨਾਟਕ ਜਨਤਾ ਲਈ ਹੱਸਣ ਦਾ ਬਹੁਤ ਵਧੀਆ ਸਾਧਨ ਹਨ।ਸਦਕੇ ਜਾਈਏ ਦੋ ਮੁੱਖਮੰਤਰੀ ਇੱਕ ਦੂਸਰੇ ਦੇ ਰੰਗ ਦੀ ਪਤਾ ਨੀਂ ਤਾਰੀਫ਼ ਕਰਦੇ ਹਨ ਪਤਾ ਨਹੀਂ ਭੰਡੀ ਕਰਦੇ ਹਨ ਕੁਝ ਪਤਾ ਨਹੀ,ਪਰ ਆਪਣਾ ਆਧਾਰ ਕਮਜ਼ੋਰ ਕਰ ਰਹੇ ਹਨ।ਇੱਕ ਆਪਣੇ ਕਾਰਜਕਾਲ ਦੇ ਕੰਮ ਗਿਣਾ ਰਿਹਾ ਹੈ ਤੇ ਦੂਸਰਾ ਆਪਣੀ ਜ਼ਿੰਦਗੀ ਵਿੱਚ ਕਿਹੜੇ ਕੰਮ ਕੀਤੇ ਉਨ੍ਹਾਂ ਦੀ ਹਰ ਰੋਜ਼ ਲਿਸਟ ਪੇਸ਼ ਕੀਤੀ ਜਾ ਰਹੀ ਹੈ।ਕਿਸੇ ਵੀ ਨੇਤਾ ਦੀ ਜ਼ਾਤੀ ਜ਼ਿੰਦਗੀ ਕੀ ਹੈ ਉਸ ਦਾ ਜਨਤਾ ਨਾਲ ਕੋਈ ਸਬੰਧ ਨਹੀਂ,ਉਸ ਤੇ ਜਨਤਾ ਨਾਲ ਕਿਸ ਰੂਪ ਵਿੱਚ ਸਬੰਧ ਹਨ ਇਹ ਸੋਚਣ ਵਾਲਾ ਗੰਭੀਰ ਮਾਮਲਾ ਹੈ।

ਮੇਰੇ ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੇ ਇਕ ਸਾਲ ਦਾ ਕਮਾਲ ਦਾ ਧਰਨਾ ਲਗਾ ਕੇ,ਕੇਂਦਰ ਸਰਕਾਰ ਨੂੰ ਝੁਕਾ ਲਿਆ ਇਹ ਸੰਘਰਸ਼ ਪੂਰੀ ਦੁਨੀਆਂ ਵਿੱਚ ਪਹਿਲਾਂ ਸੰਘਰਸ਼ ਹੈ ਜੋ ਨਵੇਕਲਾ ਤੇ ਉੱਚ ਪੱਧਰ ਦੇ ਤਰੀਕੇ ਨਾਲ ਨਿਭਾਇਆ ਗਿਆ।ਪੂਰੀ ਦੁਨੀਆਂ ਲਈ ਇਹ ਸੰਘਰਸ਼ ਇਕ ਸਾਰਥਿਕ ਸਬਕ ਬਣ ਗਿਆ ਹੈ।ਰਾਜਨੀਤਕ ਪਾਰਟੀਆਂ ਨੇ ਸਾਡੀ ਖੇਤੀ ਦਾ ਜੋ ਬੁਰਾ ਹਾਲ ਕੀਤਾ ਹੈ,ਉਸ ਵਿੱਚੋਂ ਹੀ ਇਹ ਸੰਘਰਸ਼ ਨਿਕਲਿਆ।ਸਾਡੇ ਕਿਸਾਨ ਤੇ ਮਜ਼ਦੂਰ ਨੇਤਾਵਾਂ ਨੇ ਆਪਣੇ ਤਰੀਕੇ ਨਾਲ ਸ਼ਹੀਦੀਆਂ ਦੇ ਕੇ ਜਿੱਤ ਲਿਆ।ਰਾਜਨੀਤਕ ਪਾਰਟੀਆਂ ਨੇ ਸੰਘਰਸ਼ ਵਿੱਚ ਦਾਖਲ ਹੋਣ ਲਈ ਬਹੁਤ ਤਰੀਕੇ ਵਰਤੇ,ਪਰ ਜਿਹੜੀਆਂ ਰਾਜਨੀਤਕ ਪਾਰਟੀਆਂ ਨੇ ਕੰਡੇ ਬੀਜੇ ਹੋਏ ਸਨ ਉਹ ਨੂੰ ਅਸੀਂ ਕਿਵੇਂ ਥਾਂ ਦੇ ਦੇਵਾਂਗੇ।ਕਿਸਾਨ ਸ਼ੰਘਰਸ ਦੁਨੀਆਂ ਵਿੱਚ ਜਿੰਨੇ ਸੰਘਰਸ਼ ਹੋਏ ਹਨ ਉਨ੍ਹਾਂ ਵਿਚੋਂ ਉੱਚ ਕੋਟੀ ਦਾ ਹੋ ਨਿੱਬੜਿਆ,ਸ਼ਹੀਦੀਆਂ ਦਿੱਤੀਆਂ ਪਰ ਪਿੱਛੇ ਨਹੀਂ ਹਟੇ।

ਮੇਰੇ ਪੰਜਾਬ ਨਿਵਾਸੀਓ ਹੁਣ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਹਨ ਰਾਜਨੀਤਕ ਪਾਰਟੀਆਂ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ,ਇਹ ਚਿਹਰਿਆਂ ਨੂੰ ਫੇਸ਼ੀਅਲ ਕਰਵਾਉਂਦੇ ਰਹਿਣ ਜਾਂ ਚਮਕਾਉਂਦੇ ਰਹਿਣ,ਕਿਸਾਨ ਸੰਘਰਸ਼ ਵੇਲੇ ਇਨ੍ਹਾਂ ਦੇ ਚੇਹਰੇ ਕਿਉਂ ਨਹੀਂ ਚਮਕੇ।ਸਾਡੇ ਨੇਤਾਵਾਂ ਨੇ ਜਿਸ ਤਰ੍ਹਾਂ ਇਹ ਮੋਰਚਾ ਫਤਹਿ ਕੀਤਾ ਹੈ ਕਿ ਉਹ ਵਿਧਾਨ ਸਭਾ ਦੇ ਮੁਖੀ ਨਹੀਂ ਬਣ ਸਕਦੇ?ਰਾਜਨੀਤਕ ਪਾਰਟੀਆਂ ਦੇ ਚਿਹਰਿਆਂ ਨੂੰ ਵੇਖਣਾ ਬੰਦ ਕਰੋ ਆਪਣੇ ਅੰਦਰ ਝਾਤ ਮਾਰੋ ਆਪਣੇ ਕਿਸਾਨ ਮਜ਼ਦੂਰਾਂ ਦੇ ਚਿਹਰੇ ਪੂਰੀ ਦੁਨੀਆ ਇਕ ਸਾਲ ਵੇਖਦੀ ਰਹੀ ਹੈ।ਵਿਦੇਸ਼ੀ ਮੀਡੀਆ ਹਰ ਤਰ੍ਹਾਂ ਨਾਲ ਇਸ ਮੋਰਚੇ ਦੀ ਤਾਰੀਫ਼ ਕਰਦਾ ਰਿਹਾ ਹੈ ਫਿਰ ਆਪਣੇ ਚਿਹਰੇ ਪਹਿਚਾਣੋ।

ਰਾਜਨੀਤਕ ਪਾਰਟੀਆਂ ਦੇ ਸੱਤ ਦਹਾਕੇ ਬਹੁਤ ਸੇਵਾ ਕਰ ਲਈ ਇਨ੍ਹਾਂ ਨੂੰ ਆਰਾਮ ਦਾ ਮੌਕਾ ਦੇਵੋ।ਕੇਂਦਰ ਤੇ ਰਾਜ ਕਰਦੀ ਪਾਰਟੀ ਨੂੰ ਆਪਾਂ ਝੁਕਾ ਸਕਦੇ ਹਾਂ ਫੇਰ ਆਪਣੀ ਵੋਟ ਤਾਂ ਇਨਕਲਾਬ ਲਿਆ ਸਕਦੀ ਹੈ ਸੋਚ ਕੇ ਵੇਖੋ।ਇਸ ਵਾਰ ਜੇ ਰਾਜਨੀਤਕ ਪਾਰਟੀਆਂ ਦੇ ਪਿੱਛੇ ਲੱਗ ਗਏ ਫੇਰ ਅਜਿਹੇ ਮੋਰਚੇ ਤਹਾਨੂੰ ਹਮੇਸਾ ਲਗਾਉਣੇ ਪੈਣਗੇ ਤੇ ਆਪਣੀ ਵੋਟ ਦੀ ਵਰਤੋਂ ਤੇ ਪਛਤਾਉਣਾ ਪਵੇਗਾ ਜਾਗੋ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ
Next articleਸੁਖਬੀਰ ਸਿੰਘ ਬਾਦਲ ਵੱਲੋਂ ਜੀ ਡੀ ਗੋਨਿਕਾ ਇੰਟਰਨੈਸ਼ਨਲ ਸਕੂਲ ਦਾ ਦੌਰਾ