ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਨ ਮਨਾਇਆ ਗਿਆ

ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦਾ 116ਵਾਂ ਜਨਮ ਦਿਨ ਮਨਾਇਆ ਗਿਆ

ਬਰਮਿੰਘਮ (ਸਮਾਜ ਵੀਕਲੀ)- ਬੀਤੇ ਸ਼ਨੀਵਾਰ, 14 ਅਕਤੂਬਰ 2023, ਨੂੰ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ 116ਵੇਂ ਜਨਮ ਦਿਨ ਨੂੰ ਸਮਰਪਿਤ ਇਕ ਪਰਿਵਾਰਿਕ ਪ੍ਰੋਗਰਾਮ ਰਾਏ ਫੰਕਸ਼ਨ ਹਾਲ, ਹੈਂਡਜ਼ਵਰਥ, ਬਰਮਿੰਘਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਪੰਜਾਬੀ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਨੇ ਲੋਕਾਂ ਨੂੰ ਜੀ ਆਇਆਂ ਆਖਕੇ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ, ਸੋਚ ਅਤੇ ਦੇਸ਼ ਲਈ ਕੀਤੀ ਕੁਰਬਾਨੀ ਬਾਰੇ ਵਿਚਾਰ ਸਾਂਝੇ ਕਰਕੇ ਕੀਤੀ। ਉਹਨਾਂ ਤੋਂ ਬਾਅਦ ਬੱਚਿਆਂ ਦੀ ਢੋਲ ਟੀਮ ਨੇ ਚੰਗਾ ਰੰਗ ਬੰਨਿਆ। ਡਾ. ਹਰੀਸ਼ ਮਲਹੋਤਰਾ ਅਤੇ ਬਲਵੀਰ ਰੱਤੂ ਜੀ ਨੇ ਸੁਸਾਇਟੀ ਵਲੋਂ ਬੋਲਦਿਆਂ ਸ਼ਹੀਦ ਭਗਤ ਸਿੰਘ ਦੇ ਜੀਵਨ, ਦਰਸ਼ਨ, ਨੌਜਵਾਨਾਂ ਨੂੰ ਸੁਨੇਹੇ, ਤਰਕਸ਼ੀਲਤਾ ਅਤੇ ਤਰਕ ਅਧਾਰਿਤ ਜੀਵਨ ਜਾਂਚ ਬਾਰੇ ਵੇਰਵੇ ਨਾਲ ਦੱਸਿਆ। ਇੰਡੀਆ ਤੋਂ ਆਏ ਬੁਲਾਰੇ ਕੁਲਵਿੰਦਰ ਵੜ੍ਹੈਚ ਅਤੇ ਡਾ. ਅਜੀਤ ਪਾਲ ਐਮ.ਡੀ. ਜੀ ਨੇ ਪੰਜਾਬ ਅਤੇ ਪੂਰੇ ਭਾਰਤ ਦੇ ਹਾਲਾਤਾਂ ਬਾਰੇ ਹਾਜ਼ਰ ਦਰਸ਼ਕਾਂ ਨੂੰ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਅੱਜ ਦਾ ਇੰਡੀਆ ਸ਼ਹੀਦ ਭਗਤ ਦੇ ਸੁਪਨਿਆਂ ਦਾ ਇੰਡੀਆ ਨਹੀਂ ਹੈ ਅਤੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਭਾਰਤੀ ਮਜ਼ਦੂਰ ਸਭਾ ਦੇ ਬਰਮੀਘੰਮ ਬ੍ਰਾਂਚ ਦੇ ਪ੍ਰਧਾਨ ਸ਼ੀਰਾ ਜੌਹਲ ਨੇ ਇੰਗਲੈਂਡ ‘ਚ ਹੰਢਾਏ ਨਸਲੀ ਵਿਤਕਰੇ ਅਤੇ ਸੰਘਰਸ਼ ਬਾਰੇ ਦਰਸ਼ਕਾਂ ਨੂੰ ਯਾਦ ਕਰਾਇਆ ਅਤੇ ਅੱਜ ਦਰਪੇਸ਼ ਸਮੱਸਿਆ ਬਾਰੇ ਸੰਘਰਸ਼ ਦੀ ਲੋੜ ਤੇ ਜੋਰ ਦਿੱਤਾ।

ਭਰੇ ਹਾਲ ਵਿੱਚ ਹਾਜ਼ਰੀਨ ਲਈ ਬਲਵੀਰ ਭੁਜੰਗੀ, ਜਸਵੰਤ ਲਖਨਪਾਲ, ਸੋਖਾ ਉੱਪਲ, ਮੰਗਾ ਉੱਪਲ, ਬੰਗੜ ਅਤੇ ਹਰਜਿੰਦਰ ਸੋਢੀ ਨੇ ਅਗਾਂਹਵਧੂ ਗੀਤ ਗਾ ਕੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕੀਤਾ। ਰਾਜਿੰਦਰ ਦੂਲੇ ਦੀ ਕਵਿਤਾ ਨੇ ਲੋਕਾਂ ਦੀ ਵਾਹਵਾ ਵਾਹ-ਵਾਹ ਖੱਟੀ। ਗੁਰਦਿਆਲ ਖੁਸ਼ਦਿਲ ਦੀ ਜਾਦੂ ਦੀ ਕਲਾ ਵੇਖਕੇ ਦਰਸ਼ਕਾਂ ਦੀਆਂ ਅੱਖਾਂ ਹੈਰਾਨੀ ਨਾਲ ਅੱਡੀਆਂ ਰਹਿ ਗਈਆਂ। ਖੁਸ਼ਦਿਲ ਜੀ ਨੇ ਜਦੋਂ ਜਾਦੂ ਦੇ ਕੁਝ ਭੇਦ ਖੋਹਲੇ ਅਤੇ ਦੱਸਿਆ ਕਿ ਕਿਵੇਂ ਇਹੋ ਜਿਹੇ ਟਰਿੱਕ ਕਰਕੇ ਪਾਖੰਡੀ ਬਾਬੇ ਸਾਨੂੰ ਲੁੱਟਦੇ ਹਨ ਤਾਂ ਹਾਜ਼ਰੀਨ ਅਸ਼ ਅਸ਼ ਕਰ ਉੱਠੇ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਸੁਸਾਇਟੀ ਨੇ ਮੁਫ਼ਤ ਕਿਤਾਬਾਂ ਦਾ ਸਟਾਲ ਲਗਾਇਆ ਜਿਥੋਂ ਦਰਸ਼ਕਾਂ ਨੇ ਕਾਫੀ ਕਿਤਾਬਾਂ ਖਰੀਦੀਆਂ।

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧਰਮਿੰਦਰ ਸਿੰਘ, ਸੱਚਦੇਵ ਵਿਰਦੀ, ਭਗਵੰਤ ਸਿੰਘ, ਸੁਰਿੰਦਰਪਾਲ ਵਿਰਦੀ, ਅਸ਼ਵਨੀ ਕੁਮਾਰ, ਰਾਜਿੰਦਰ ਦੂਲੇ, ਹਰਜੀਤ ਸਿੰਘ, ਤਾਰੀ ਅਟਵਾਲ, ਬਲਵੀਰ ਰੱਤੂ, ਡਾ. ਹਰੀਸ਼ ਮਲਹੋਤਰਾ, ਬਲਵਿੰਦਰ ਸਿੰਘ ਮਿੱਠੂ,

ਭੁਪਿੰਦਰਪਾਲ, ਪਰਮਜੀਤ ਸਿੰਘ, ਕਮਲਜੀਤ ਸਿੰਘ, ਸੁਖਵਿੰਦਰ ਕੰਦੋਲਾ, ਪ੍ਰੀਤਮਪਾਲ ਅਤੇ ਖਟਕੜ੍ਹ ਕਲਾਂ ਨਿਵਾਸੀਆਂ ਨੇ ਖਾਸ ਭੂਮਿਕਾ ਨਿਭਾਈ। ਪ੍ਰੋਗਰਾਮ ‘ਚ ਆਉਣ ਵਾਲੇ ਲੋਕਾਂ ਲਈ ਚਾਹ ਪਾਣੀ ਦਾ ਪ੍ਰਬੰਧ ਬਲਵਿੰਦਰ ਸਿੰਘ ਮਿੱਠੂ, ਹਰਜਿੰਦਰ ਕਾਲਾ ਅਤੇ ਭੁਪਿੰਦਰਪਾਲ ਨੇ ਕੀਤਾ। ਹਮੇਸ਼ਾ ਦੀ ਤਰਾਂ ਫਰੀ ਹਾਲ ਅਤੇ ਖਾਣੇ ਦਾ ਪ੍ਰਬੰਧ ਹਾਲ ਦੇ ਮਾਲਕ ਮੰਗਤ ਰਾਏ ਸੋਨੀ ਵਲੋਂ ਕੀਤਾ

ਗਿਆ ਸੀ। ਰਾਜਿੰਦਰ ਦੂਲੇ ਅਤੇ ਹਰਜੀਤ ਸਿੰਘ ਨੇ ਬੁਲਾਰਿਆਂ ਦੀ ਅਵਾਜ਼ ਦਰਸ਼ਕਾਂ ਤੱਕ ਪਹੁੰਚਦੀ ਕਰਨ ਲਈ ਸਾਉਂਡ ਸਿਸਟਮ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਬਾਖੂਬੀ ਨਿਭਾਈ।

ਪ੍ਰੋਗਰਾਮ ਦੀ ਸਮਾਪਤੀ ਸੁਸਾਇਟੀ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਵਲੋਂ ਸੁਸਾਇਟੀ ਦੇ ਹੁਣ ਤੀਕਰ ਕੀਤੇ ਕੰਮਾਂ ਅਤੇ ਭਵਿੱਖ ਦੇ ਪ੍ਰੋਜੈਕਟਾਂ ਬਾਰੇ ਦੱਸ ਕੇ ਅਤੇ ਆਏ ਸਭਨਾ ਲੋਕਾਂ ਦਾ ਧੰਨਵਾਦ ਕਰਕੇ ਕੀਤੀ ਗਈ। ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਨਵਦੀਪ ਸਿੰਘ ਨੇ ਕੀਤਾ।

Previous articleBiden to make case for US funding of Israel, Ukraine wars in today’s address
Next articleਪਾਕਿਸਤਾਨੀ ਅਤੇ ਭਾਰਤੀ ਪੰਜਾਬ ਦੇ ਕਲਾਕਾਰਾਂ ਨੇ ਸ਼ਾਂਤੀ ਅਤੇ ਪਿਆਰ ਨੂੰ ਪ੍ਰਫੁੱਲਤ ਕਰਨ ਲਈ ਮਿਲ ਕੇ ਕੰਮ ਕੀਤਾ ਹੈ