HOME ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ...

ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦਾ 118ਵਾਂ ਜਨਮ ਦਿਨ ਮਨਾਇਆ ਗਿਆ

1

ਸਮਾਜ ਵੀਕਲੀ ਯੂ ਕੇ

ਬਰਮਿੰਘਮ- ਬੀਤੇ ਸ਼ਨੀਵਾਰ, 11 ਅਕਤੂਬਰ 2025, ਨੂੰ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਅਤੇ ਖੱਟਕੜ ਕਲਾਂ ਨਿਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਜੀ ਦੇ 118ਵੇਂ ਜਨਮ ਦਿਨ ਨੂੰ ਸਮਰਪਿਤ ਇਕ ਪਰਿਵਾਰਿਕ ਪ੍ਰੋਗਰਾਮ ਰਾਏ ਫੰਕਸ਼ਨ ਹਾਲ, ਹੈਂਡਜ਼ਵਰਥ, ਬਰਮਿੰਘਮ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਨੂੰ ਪੰਜਾਬੀ ਭਾਈਚਾਰੇ ਵਲੋਂ ਭਰਪੂਰ ਹੁੰਗਾਰਾ ਮਿਲਿਆ।

ਪ੍ਰੋਗਰਾਮ ਦੀ ਸ਼ੁਰੂਆਤ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਨੇ ਲੋਕਾਂ ਨੂੰ ਜੀ ਆਇਆਂ ਆਖ ਕੇ ਅਤੇ ਸ਼ਹੀਦ ਭਗਤ ਸਿੰਘ ਜੀ ਦੇ ਜੀਵਨ, ਸੋਚ ਅਤੇ ਦੇਸ਼ ਲਈ ਕੀਤੀ ਕੁਰਬਾਨੀ ਬਾਰੇ ਵਿਚਾਰ ਸਾਂਝੇ ਕਰਕੇ ਕੀਤੀ। ਉਹਨਾਂ ਤੋਂ ਬਾਅਦ ਬੱਚਿਆਂ ਦੀ ਢੋਲ ਟੀਮ ਨੇ ਚੰਗਾ ਰੰਗ ਬੰਨਿਆ।

ਸੁਸਾਇਟੀ ਦੇ ਜਨਰਲ ਸਕੱਤਰ ਨਵਦੀਪ ਸਿੰਘ ਜੀ ਨੇ ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਸ਼ਹੀਦ ਭਗਤ ਸਿੰਘ ਜੀ ਦੀ ਸੋਚ, ਮੁੱਖ ਘਟਨਾਵਾਂ ਅਤੇ ਫਾਂਸੀ ਚੜਾਉਣ ਸਮੇਂ ਹਾਜ਼ਰ ਅੰਗਰੇਜ਼ ਅਤੇ ਭਾਰਤੀ ਅਫਸਰਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸ਼ਹੀਦ ਭਗਤ ਸਿੰਘ ਜੀ ਦੇ ਕੇਸ, ਜਿਸ ਕਰਕੇ ਉਹਨਾਂ ਨੂੰ ਫਾਂਸੀ ਦਿੱਤੀ ਗਈ, ਦੌਰਾਨ ਸਰਕਾਰੀ ਗਵਾਹ ਬਣੇ ਫੋਨਿੰਦਰ ਨਾਥ ਘੋਸ਼, ਜੈ ਗੋਪਾਲ, ਹੰਸ ਰਾਜ ਵੋਹਰਾ ਅਤੇ ਮਨਮੋਹਨ ਬੈਨਰਜ਼ੀ ਨੂੰ ਸਰਕਾਰ ਵਲੋਂ ਦਿੱਤੇ ਇਨਾਮਾਂ ਬਾਰੇ ਵੀ ਦੱਸਿਆ ਗਿਆ।

ਨਵਦੀਪ ਸਿੰਘ ਜੀ ਨੇ ਸੁਸਾਇਟੀ ਦੇ 2026 ਵਿੱਚ ਸ਼ੁਰੂ ਹੋਣ ਜਾ ਰਹੀ ਮਾਨਸਿਕ ਸਿਹਤ ਸੰਬੰਧੀ ਸੇਵਾ ਦਿਲ ਦੀ ਗੱਲ ਅਤੇ SEND (Special Educational Needs and Disability) ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਸੰਬੰਧੀ ਜਾਣਕਾਰੀ ਦੇਣ ਅਤੇ ਸਹੂਲਤਾਂ ਕਿਵੇਂ ਲਈਆਂ ਜਾ ਸਕਦੀਆਂ ਹਨ, ਬਾਰੇ ਮੱਦਦ ਕਰਨ ਲਈ ਸੇਵਾ ਬਾਰੇ ਜਾਣਕਾਰੀ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਨਵੇਂ ਸਾਲ ਵਿੱਚ ਇਕ ਸੈਮੀਨਾਰਾਂ ਦੀ ਲੜੀ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਆਮ ਲੋਕਾਂ ਨੂੰ ਦਰਪੇਸ਼ ਨਿੱਜੀ ਅਤੇ ਸਮੂਹਿਕ ਸਮੱਸਿਆਵਾਂ ਬਾਰੇ ਵਿਸ਼ਿਆਂ ਤੇ ਸੈਮੀਨਾਰ ਹੋਣਗੇ। ਜਨਵਰੀ 2026 ਵਿੱਚ ਆਰਟੀਫੀਸ਼ਲ ਇੰਨਟੈਲੀਜੈਂਸ ਵਿਸ਼ੇ ਤੇ ਸੈਮੀਨਾਰ ਹੋਵੇਗਾ ਕਿਉਂਕਿ ਆਰਟੀਫੀਸ਼ਲ ਇੰਨਟੈਲੀਜੈਂਸ ਨੂੰ ਲੈ ਕੇ ਲੋਕਾਂ ਵਿੱਚ ਆਪਣੀਆਂ ਨੌਕਰੀਆਂ ਬਾਰੇ ਕਾਫੀ ਫਿਕਰ ਪਾਇਆ ਜਾ ਰਿਹਾ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਆਰਟੀਫੀਸ਼ਲ ਇੰਨਟੈਲੀਜੈਂਸ ਨਾਲ ਬਹੁਤ ਸਾਰੀਆਂ ਨੌਕਰੀਆਂ ਖ਼ਤਰੇ ਵਿੱਚ ਹਨ। ਨਵਦੀਪ ਜੀ ਨੇ ਸੁਸਾਇਟੀ ਦੇ ਆਪਣੇ ਨਵੇਂ ਦਫ਼ਤਰ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਜੋ ਕਿ ਹੁਣ ਪੂਰੀ ਤਰਾਂ ਤਿਆਰ ਹੋ ਚੁੱਕਾ ਹੈ।

ਡਾ. ਸੰਦੀਪ ਕੁਮਾਰ ਐਮ. ਡੀ, ਸਾਇਕੈਟਰੀ ਨੇ ਮਾਨਸਿਕ ਸਿਹਤ ਬਾਰੇ ਬਹੁਤ ਹੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਨੇ ਇਸਦੇ ਕਾਰਨਾਂ, ਇਲਾਜਾਂ ਅਤੇ ਇੰਗਲੈਂਡ ਵਿੱਚ ਮੁਹੱਈਆ ਸਰਕਾਰੀ ਸੇਵਾਵਾਂ ਬਾਰੇ ਦੱਸਿਆ। ਡਾ. ਸੰਦੀਪ ਜੀ ਦੱਸਿਆ ਕਿ ਮਾਨਸਿਕ ਸਿਹਤ ਬਾਰੇ ਸਮਾਜ ਦਾ ਨਜ਼ਰੀਆ Mad ਤੋਂ Bad ਅਤੇ Bad ਤੋਂ Sad ਤੱਕ ਬਦਲਿਆ ਹੈ। ਇਸਦੀ ਉਦਾਹਰਣ ਦਿੰਦਿਆਂ ਉਹਨਾਂ ਕਿਹਾ ਕਿ ਅੱਜ ਤੋਂ ਕੁਝ ਦਹਾਕੇ ਪਹਿਲਾਂ ਤੱਕ ਇੰਗਲੈਂਡ ਵਿੱਚ ਮਾਨਸਿਕ ਰੋਗੀਆਂ ਲਈ ਹਸਪਤਾਲਾਂ ਵਿੱਚ ਇਕ ਲੱਖ ਬੈੱਡ ਸਨ ਜੋ ਕਿ ਅੱਜ ਘੱਟਕੇ 12 ਕੁ ਹਜ਼ਾਰ ਰਹਿ ਗਏ ਹਨ। ਉਹਨਾਂ ਇਹ ਵੀ ਦੱਸਿਆ ਕਿ ਬਹੁਤ ਹੀ ਥੋੜੇ ਜਿਹੇ ਮਾਨਸਿਕ ਰੋਗੀਆਂ ਨੂੰ ਹਸਪਤਾਲ ਵਿੱਚ ਰੱਖ ਕੇ ਇਲਾਜ਼ ਕਰਨ ਦੀ ਜ਼ਰੂਰਤ ਪੈਂਦੀ ਹੈ। ਬਹੁਤ ਵੱਡੀ ਗਿਣਤੀ ਲੋਕ ਆਪਣੇ ਘਰਾਂ, ਭਾਈਚਾਰਿਆਂ ਵਿੱਚ ਰਹਿ ਕੇ ਇਲਾਜ਼ ਕਰਵਾਉਂਦੇ ਹਨ ਅਤੇ ਠੀਕ ਹੋ ਜਾਂਦੇ ਹਨ। ਹਾਜ਼ਰ ਦਰਸ਼ਕਾਂ ਨੇ ਉਹਨਾਂ ਦੀ ਗੱਲਬਾਤ ਨੂੰ ਬਹੁਤ ਹੀ ਸਰਾਹਿਆ।

ਬਰਮੀਘੰਮ ਹਿਊਮਨਿਸਟਸ ਐਸੋਸੀਏਸ਼ਨ ਦੇ ਚੇਅਰ ਪਰਸਨ ਸਾਰਹ ਰੌਬਿਨਸਨ ਅਤੇ ਲੈਸਟਰ ਸੈਕੂਲਰ ਸੁਸਾਇਟੀ ਤੋਂ ਅਮਰ ਸ਼ਾਹ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼ਹੀਦ ਭਗਤ ਸਿੰਘ ਦੇ ਅਜ਼ਾਦੀ ਲਈ ਦਿੱਤੇ ਬਲੀਦਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦੋਵਾਂ ਬੁਲਾਰਿਆਂ ਨੇ ਏਸ਼ੀਅਨ ਤਰਕਸ਼ੀਲ ਸੁਸਾਇਟੀ ਬ੍ਰਿਟੇਨ ਨਾਲ ਮਿਲ ਕੇ ਕੀਤੇ ਸਾਂਝੇ ਕੰਮਾਂ ਦੀ ਜਾਣਕਾਰੀ ਮੀਟਿੰਗ ਨਾਲ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਵੀ ਸਾਂਝੇ ਪ੍ਰੋਜੈਕਟਾਂ ਤੇ ਰਲ ਕੇ ਕੰਮ ਕਰਨ ਦਾ ਵਾਅਦਾ ਕੀਤਾ।

ਭਰੇ ਹਾਲ ਵਿੱਚ ਹਾਜ਼ਰੀਨ ਲਈ ਬਲਵੀਰ ਭੁਜੰਗੀ, ਜਸਵੰਤ ਲਖਨਪਾਲ, ਅਤੇ ਹੈਪੀ ਖੱਟਕੜ੍ਹ ਨੇ ਅਗਾਂਹਵਧੂ ਗੀਤ ਗਾ ਕੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕੀਤਾ। ਹਮੇਸ਼ਾਂ ਦੀ ਤਰ੍ਹਾਂ ਇਸ ਵਾਰੀ ਵੀ ਸੁਸਾਇਟੀ ਨੇ ਕਿਤਾਬਾਂ ਦਾ ਸਟਾਲ ਲਗਾਇਆ ਜਿਥੋਂ ਦਰਸ਼ਕਾਂ ਨੇ ਕਾਫੀ ਕਿਤਾਬਾਂ ਖਰੀਦੀਆਂ।

ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਸੱਚਦੇਵ ਵਿਰਦੀ, ਭਗਵੰਤ ਸਿੰਘ, ਸੁਰਿੰਦਰਪਾਲ ਵਿਰਦੀ, ਰਾਜਿੰਦਰ ਦੂਲੇ, ਅਸ਼ਵਨੀ ਕੁਮਾਰ, ਤਾਰੀ ਅਟਵਾਲ, ਕੁਲਵੰਤ ਮਰਾੜ, ਸੁਖਵਿੰਦਰ ਕੰਦੋਲਾ, ਅਮਰ ਸ਼ਾਹ, ਗੁਰਦਿਆਲ ਖੁਸ਼ਦਿਲ, ਮੰਗਤ ਰਾਏ ਸੋਨੀ, ਹਰਪਾਲ ਸਿੰਘ ਲਾਡੀ ਅਤੇ ਖੱਟਕੜ੍ਹ ਕਲਾਂ ਨਿਵਾਸੀਆਂ ਨੇ ਭਰਪੂਰ ਯਤਨ ਕੀਤੇ। ਹਮੇਸ਼ਾ ਦੀ ਤਰਾਂ ਫਰੀ ਹਾਲ ਅਤੇ ਖਾਣੇ ਦਾ ਪ੍ਰਬੰਧ ਹਾਲ ਦੇ ਮਾਲਕ ਮੰਗਤ ਰਾਏ ਸੋਨੀ ਜੀ ਵਲੋਂ ਕੀਤਾ ਗਿਆ ਸੀ।

ਪ੍ਰੋਗਰਾਮ ਦੀ ਸਮਾਪਤੀ ਸੁਸਾਇਟੀ ਦੇ ਪ੍ਰਧਾਨ ਸੱਚਦੇਵ ਵਿਰਦੀ ਜੀ ਆਏ ਸਭਨਾ ਲੋਕਾਂ ਦਾ ਧੰਨਵਾਦ ਕਰਕੇ ਕੀਤੀ। ਸਟੇਜ ਦਾ ਸੰਚਾਲਨ ਸੁਸਾਇਟੀ ਦੇ ਜਨਰਲ ਸਕੱਤਰ ਨਵਦੀਪ ਸਿੰਘ ਨੇ ਕੀਤਾ।

Previous articleA Legacy of Revival and Revolution: The Buddhist Resurgence in India
Next articlePakistan’s Miscalculated Attack on Afghanistan: A Strategic Blunder