(ਸਮਾਜ ਵੀਕਲੀ)
ਸ਼ਾਲਾ ! ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਇਸੇ ਤਰ੍ਹਾਂ ਗਾਉਂਦੀ ਰਹੇ ਢੋਲੇ, ਟੱਪੇ, ਬੋਲੀਆਂ, ਜਿੰਦੂਏ ਤੇ ਮਾਹੀਏ
‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਪੰਜਾਬ ਦੀਆਂ ਮੋਹਰੀ ਸਾਹਿਤ ਸਭਾਵਾਂ ਵਿਚ ਗਿਣੀ ਜਾਣ ਵਾਲੀ ਇਕ ਪੁਰਾਣੀ ਨਾਮਵਰ ਸਾਹਿਤਕ ਸੰਸਥਾ ਹੈ। ਉਸਦੇ ਥਾਪੜੇ ਨੇ ਕਿੰਨੇ ਹੀ ਲੇਖਕਾਂ ਨੂੰ ਸਾਹਿਤਕ ਖੇਤਰ ਵਿਚ ਮਜ਼ਬੂਤ ਵੀ ਕੀਤਾ ਤੇ ਉਨ੍ਹਾਂ ਨੂੰ ਆਪਣੀ ‘ਮਾਂ ਬੋਲੀ ਪੰਜਾਬੀ’ ਨਾਲ ਜੁੜੇ ਰਹਿਣ ਦੀ ਸੂਝ-ਬੂਝ ਵੀ ਦਿੱਤੀ। ਉਸਦੀ ਬੁੱਕਲ ਵਿੱਚ ਬੈਠੇ ਲੇਖਕਾਂ ਨੇ ਉਸਨੂੰ ‘ਮਾਂ’ ਵਾਂਗ ਸਤਿਕਾਰਿਆ। ਉਸਦੀ ਅਗਵਾਈ ਹੇਠ ਕਿੰਨੇ ਹੀ ਸਾਹਿਤਕ ਸਮਾਗਮ ਅਤੇ ਕਿੰਨੇ ਹੀ ਕਿਤਾਬ ਰੀਲੀਜ਼ ਸਮਾਰੋਹ ਹੋਏ ਤੇ ਹੁੰਦੇ ਆ ਰਹੇ ਹਨ। ਵਿਸ਼ਾਲ ਬੋਹੜ ਦਾ ਬਿਰਖ਼ ਬਣੀ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਦੀ ਪ੍ਰੇਰਨਾ ਸਦਕਾ ਲਾਗੇ ਚਾਗੇ ਕਿੰਨੀਆਂ ਹੀ ਸਾਹਿਤ ਸਭਾਵਾਂ ਨੇ ਜਨਮ ਲਿਆ। ਸਾਰੀਆਂ ਸਭਾਵਾਂ ਉਸਦੀ ਹੱਲਾਸ਼ੇਰੀ ਦਾ ਇਕ ਰੰਗ ਹਨ। ਸਭਾ ਦੇ ਉਨ੍ਹਾਂ ਲੇਖਕ ਪੁੱਤਰਾਂ ‘ਤੇ ਵੀ ਮਾਣ ਹੈ, ਜਿੰਨ੍ਹਾਂ ਆਪਣੀ ਮਾਂ ਸਭਾ ਦੀ ਉਂਗਲ ਫੜ ਕੇ ਸਾਰੀ ਉਮਰ ਸਾਹਿਤਕ ਸਫ਼ਰ ਵੀ ਕੀਤਾ ਤੇ ਉਸ ਕੋਲੋਂ ਉਂਗਲੀ ਛੁਡਾਉਣ ਦੀ ਹਮਾਕਤ ਵੀ ਨਹੀਂ ਕੀਤੀ। ਅਜਿਹੇ ਪੁੱਤਰਾਂ ਦੀ ਬਦੌਲਤ ਹੀ ਉਹ ਅੱਜ ਵੀ ‘ਪੰਜਾਬੀ ਮਾਂ ਬੋਲੀ’ ਦੀ ਪਟਰਾਣੀ ਬਣੀ ਬੈਠੀ ਹੈ।
ਅੱਜ ਵੀ ਉਹ ਆਪਣੇ ਲੇਖਕਾਂ, ਸ਼ਾਇਰਾਂ, ਕਵੀਆਂ, ਕਹਾਣੀਕਾਰਾਂ ਤੇ ਨਾਵਲਕਾਰਾਂ ਨੂੰ ਥਾਪੜੇ ਦਿੰਦੀ ਢੋਲੇ , ਜਿੰਦੂਏ, ਬੋਲੀਆਂ, ਟੱਪੇ, ਗੀਤ ਤੇ ਮਾਹੀਏ ਗਾਉਂਦੀ ਹੈ। ਉਸਦੀ ਸਥਾਪਨਾ ਅਤੇ ਇਤਿਹਾਸ ਬਾਰੇ ਉਸਦੇ ਮਾਣਮੱਤੇ ਨਾਮਵਰ ਲੇਖਕ ਬਾਪੂ ਨਵਰਾਹੀ ਘੁਗਿਆਣਵੀ ਦੱਸਦੇ ਹਨ ਕਿ 1947 ਵਿਚ ਦੇਸ਼ ਦੀ ਵੰਡ ਤੋਂ ਬਾਅਦ ਗੀਤਾਂ ਦੇ ਬਾਦਸ਼ਾਹ ਲਾਲ ਨੰਦ ਨੂਰਪੁਰੀ ਫਰੀਦਕੋਟ ਆਣ ਵਸੇ ਤਾਂ ਕੁਝ ਨੌਜਵਾਨ ਕਵੀ ਉਨ੍ਹਾਂ ਦੀ ਸੰਗਤ ਵਿੱਚ ਆ ਗਏ , ਜਿੰਨ੍ਹਾਂ ਵਿੱਚ ਬਿਸਮਿਲ ਫਰੀਦਕੋਟੀ, ਹਰੀ ਸਿੰਘ ਤਾਂਗਲੀ ਤੇ ਸੰਪੂਰਨ ਸਿੰਘ ਝੱਲਾ ਆਦਿ ਸਨ। ਉਸ ਸਮੇਂ ਨੂਰਪੁਰੀ ਹੋਰੀਂ ਤਾਂ ਜਲੰਧਰ ਚਲੇ ਗਏ। ਸਾਹਿਤਕ ਰੰਗਤ ਨਾਲ ਗੜੁੱਚ ਹੋਏ ਬਿਸਮਿਲ ਫਰੀਦਕੋਟੀ ਅਤੇ ਹੋਰਨਾਂ ਨੇ ਫਰੀਦਕੋਟ ਦੇ ਬਾਗ਼ਾਂ ਵਿਚ ਸਾਹਿਤਕ ਬੈਠਕਾਂ ਸ਼ੁਰੂ ਕਰ ਦਿੱਤੀਆਂ ਅਤੇ ਸਮੇਂ ਦੇ ਨਾਲ ਇਹ ਰੰਗ ਹੋਰ ਗੂੜ੍ਹੇ ਹੁੰਦੇ ਗਏ, ਜਿਹੜੇ ਅੱਜ ਵੀ ਚੜ੍ਹੇ ਹੋਏ ਹਨ। ਇਸ ਤਰ੍ਹਾਂ ਬਿਸਮਿਲ ਫਰੀਦਕੋਟੀ ਨੂੰ ਹੀ ਸਭਾ ਦਾ ਸੰਸਥਾਪਕ ਮੰਨਿਆ ਜਾਂਦਾ ਹੈ। ਬਾਅਦ ਵਿੱਚ ਸਭਾ ਦੀਆਂ ਬੈਠਕਾਂ ‘ਭਗਤ ਸਿੰਘ ਪਾਰਕ’ ਵਿੱਚ ਹੋਣ ਲੱਗੀਆਂ। ਉਸ ਸਮੇਂ ਬਿਸਮਿਲ, ਨਵਰਾਹੀ , ਸੂਰਤ ਸਿੰਘ ਗਿੱਲ, ਕੇਵਲ ਸਿੰਘ ਗਿੱਲ ਤੇ ਹੋਰ ਕਾਫੀ ਲੇਖਕ ਜੁੜਦੇ ਗਏ। 1974 ਵਿਚ ਬਿਸਮਿਲ ਫਰੀਦਕੋਟੀ ਹੋਰਾਂ ਦੀ ਮੌਤ ਨਾਲ ਸਭਾ ਵਿਚ ਨਵਾਂ ਮੌੜ ਆਇਆ।
ਬਿਸਮਿਲ ਦੇ ਪੁਖ਼ਤਾ ਕਲਾਮ ਨੂੰ ਕਿਤਾਬੀ ਰੂਪ ਦੇਣ ਲਈ ਇਕ ਕਮੇਟੀ ਗਠਿਤ ਕੀਤੀ ਗਈ, ਜਿਸ ਵਿੱਚ ਨਵਰਾਹੀ ਘੁਗਿਆਣਵੀ ਤੋਂ ਇਲਾਵਾ ਨਿਰਭੈ ਸਿੰਘ ਕੋਮਲ, ਗੁਰਦਾਸ ਕੋਟਕਪੂਰਵੀ ਤੇ ਹੋਰ ਵੀ ਲੇਖਕ ਸ਼ਾਮਿਲ ਸਨ। 1975 ਵਿਚ ਬਿਸਮਿਲ ਫਰੀਦਕੋਟੀ ਦਾ ਕਲਾਮ ‘ ਖੌਲਦੇ ਸਾਗਰ ‘ ਪ੍ਰਕਾਸ਼ਿਤ ਹੋਇਆ। ਸਭਾ ਦਾ ਇਹ ਇਕ ਇਤਿਹਾਸਕ ਤੇ ਵੱਡਮੁੱਲਾ ਕਾਰਜ ਸੀ, ਜਿਸ ਦੀ ਦੇਸ਼ ਵਿਦੇਸ਼ ਵਿੱਚ ਚਰਚਾ ਹੋਈ। ਬਾਪੂ ਨਵਰਾਹੀ ਘੁਗਿਆਣਵੀ ਦੱਸਦੇ ਹਨ ਕਿ ਬਿਸਮਿਲ ਦੀ ਛੇਵੀਂ ਬਰਸੀ ‘ਤੇ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਬਹੁਤ ਵੱਡਾ ਕਵੀ ਦਰਬਾਰ ਹੋਇਆ, ਜਿਸ ਵਿਚ ਪੰਜਾਬ ਭਰ ‘ਚੋਂ ਕਵੀ, ਲੇਖਕ ਤੇ ਪਾਠਕ ਹੁਮ ਹੁਮਾ ਕੇ ਪਹੁੰਚੇ। ਦੱਸਣਾ ਬਣਦਾ ਕਿ ਬਾਪੂ ਨਵਰਾਹੀ ਤੋਂ ਇਲਾਵਾ ਲੇਖਕ ਇਕਬਾਲ ਘਾਰੂ, ਰਣਜੀਤ ਸਿੰਘ ਸਾਗਰ, ਪ੍ਰੋ: ਜਲੌਰ ਸਿੰਘ ਖੀਵਾ, ਧਰਮ ਕੰਮੇਆਣਾ , ਹਰਚੰਦ ਸਿੰਘ ਸੇਖੋਂ ਤੇ ਲਾਲ ਸਿੰਘ ਕਲਸੀ ਵੀ ਸਰਗਰਮੀ ਨਾਲ ਨਿੱਭਦੇ ਆਏ। ਸਮੇਂ ਸਮੇਂ ਸਿਰ ਡਾ. ਲਾਲ ਸਿੰਘ ਗਿੱਲ, ਗਿਆਨੀ ਸੁਖਚੈਨ ਸਿੰਘ ਵਿਚਾਰਾ, ਡਾ. ਦਰਬਾਰਾ ਸਿੰਘ ਪੰਛੀ ਵੀ ਸਭਾ ਦੀ ਰਹਿਨੁਮਾਈ ਕਰਦੇ ਰਹੇ। ਸਭਾ ਵੱਲੋਂ ਬਿਸਮਿਲ ਐਵਾਰਡ ਤੋਂ ਬਿਨਾਂ ਹੋਰ ਪੁਰਸਕਾਰ ਵੀ ਦਿੱਤੇ ਜਾਣ ਲੱਗੇ। ਹਰ ਸਾਲ ਵੱਡੇ ਤੇ ਭਾਵਪੂਰਤ ਸਮਾਗਮ ਹੁੰਦੇ ਤੇ ਉੱਘੇ ਲੇਖਕਾਂ ਤੇ ਕਵੀਆਂ ਨਾਲ ਸਾਹਿਤਕ ਮਿਲਣੀਆਂ ਹੁੰਦੀਆਂ।
ਹਰ ਮਹੀਨੇ ਸਭਾ ਦੀ ਬੈਠਕ ਹੁੰਦੀ ਆ ਰਹੀ ਹੈ। ਲਗਭਗ 40 ਸਾਲਾਂ ਤੋਂ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ‘ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)’ ਨਾਲ ਜੁੜੀ ਹੋਈ ਹੈ, ਜਿਸ ਵਿਚ ਸਭਾ ਦੇ ਨੁਮਾਇੰਦੇ ਨਵਰਾਹੀ ਘੁਗਿਆਣਵੀ ਤੇ ਇਕਬਾਲ ਘਾਰੂ ਪ੍ਰਮੁੱਖ ਆਗੂ ਹਨ। ਜ਼ਿਕਰਯੋਗ ਹੈ ਕਿ ਪੰਜਾਬੀ ਸਾਹਿਤ ਸਭਾ ਫ਼ਰੀਦਕੋਟ ਨੇ ‘ਸਾਹਿਤ ਸਭਾ ਗੋਲੇਵਾਲਾ’, ‘ਸਾਹਿਤ ਸਭਾ ਘੁਗਿਆਣਾ’ ਅਤੇ ‘ਸਾਹਿਤ ਸਭਾ ਸਾਦਿਕ’ ਕਾਇਮ ਕਰਨ ਵਿੱਚ ਅਗਵਾਈ ਕੀਤੀ, ਜਿੰਨ੍ਹਾਂ ਵਿੱਚ ‘ਸਾਹਿਤ ਸਭਾ ਸਾਦਿਕ’ ਅੱਜ ਵੀ ਸਰਗਰਮੀ ਨਾਲ ‘ਮਾਂ ਬੋਲੀ ਪੰਜਾਬੀ’ ਦੇ ਨਾਂਅ ਨੂੰ ਉੱਚਾ ਚੁੱਕਣ ਲਈ ਯਤਨਸ਼ੀਲ ਹੈ। ਇਹ ਗੱਲ ਵੀ ਬੜੀ ਖੂਬਸੂਰਤ ਹੈ ਕਿ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਅੰਦਰ ਇਸ ਵਕਤ ਵੀ ਨਵੇਂ ਪੁਰਾਣੇ ਲੇਖਕ ਮਿਲ ਜੁਲ ਕੇ ਸਾਹਿਤਕ ਮਹਿਫ਼ਲਾਂ ਜਮਾਉਣ ਵਿਚ ਸਰਗਰਮ ਹਨ। 2023 ਦੌਰਾਨ ਜੂਨ ਦੇ ਪਹਿਲੇ ਹਫ਼ਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਵੱਲੋਂ ’35ਅੱਖਰ ਲੇਖਕ ਮੰਚ ਭਲੂਰ’ ਦੇ ਵਿਹੜੇ ਵਿੱਚ ਸਮੁੱਚੀ ‘ਪੰਜਾਬੀ ਸਾਹਿਤ ਸਭਾ ਫ਼ਰੀਦਕੋਟ’ ਨੂੰ ਪਾਠਕਾਂ, ਲੇਖਕਾਂ ਦੇ ਰੂ-ਬ-ਰੂ ਕਰਦਿਆਂ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ।
ਭਲੂਰ ਤੋਂ ਬੇਅੰਤ ਗਿੱਲ
99143/81958
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly