ਸ੍ਰੀ ਅਨੰਦਪੁਰ ਸਾਹਿਬ (ਸਮਾਜ ਵੀਕਲੀ) ( ਸੰਜੀਵ ਧਰਮਾਣੀ ) ਗੰਧਲੇ ਹੋ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਜਿੱਥੇ ਪੰਜਾਬ ਸਰਕਾਰ ਸਮੇਤ ਵੱਖ – ਵੱਖ ਵਾਤਾਵਰਨ – ਪ੍ਰੇਮੀ ਸੰਸਥਾਵਾਂ ਵੱਲੋਂ ਬੁਟੇ ਵੰਡ ਕੇ ਅਤੇ ਬੂਟੇ ਲਗਾ ਕੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ , ਉੱਥੇ ਹੀ ਅੱਜ ਵਾਤਾਵਰਨ ਨੂੰ ਸਮਰਪਿਤ ਸੰਸਥਾ ਆਸਰਾ ਫਾਊਂਡੇਸ਼ਨ (ਰਜਿ:) ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ “ਬੂਟੇ ਲਗਾਓ – ਖੁਸ਼ੀਆਂ ਮਨਾਓ” ਦੇ ਤਹਿਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਸਰਪ੍ਰਸਤ ਪ੍ਰੋਫ਼: ਮਨਜੀਤ ਸਿੰਘ ਜੀ ਦਾ ਜਨਮ ਦਿਨ ਗੁਰਮਤਿ ਸਾਗਰ ਟਰੱਸਟ ਵਿਖੇ ਵੱਖ-ਵੱਖ ਤਰਾਂ ਦੇ ਫਲਦਾਰ ਅਤੇ ਛਾਂਦਾਰ ਪੌਦੇ ਲਗਾ ਕੇ ਮਨਾਇਆ ਗਿਆ। ਇਸ ਸੰਬੰਧੀ ਗੱਲ ਕਰਦਿਆਂ ਸੰਸਥਾ ਦੇ ਪ੍ਰਧਾਨ ਮਾਸਟਰ ਸੰਜੀਵ ਧਰਮਾਣੀ ਨੇ ਕਿਹਾ ਕਿ ਸਿੰਘ ਸਾਹਿਬ ਪ੍ਰੋਫ਼:ਮਨਜੀਤ ਸਿੰਘ ਦਾ ਜਨਮ ਦਿਨ ਵਾਤਾਵਰਣ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਦਿੰਦਿਆਂ ਬੂਟੇ ਲਗਾ ਕੇ ਮਨਾਉਣ ਵਿੱਚ ਆਸਰਾ ਫਾਊਂਡੇਸ਼ਨ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਿਹਾ ਹੈ। ਇਸ ਮੌਕੇ ‘ਤੇ ਬੋਲਦੇ ਹੋਏ ਸਿੰਘ ਸਾਹਿਬ ਪ੍ਰੋਫ਼:ਮਨਜੀਤ ਸਿੰਘ ਜੀ ਨੇ ਕਿਹਾ ਕਿ ਅੱਜ ਸਮਾਜ ਦੇ ਹਰੇਕ ਵਿਅਕਤੀ ਨੂੰ ਜ਼ਰੂਰਤ ਹੈ ਕਿ ਆਪਣੇ ਹਿੱਸੇ ਦਾ ਰੁੱਖ ਜ਼ਰੂਰ ਲਾਵੇ। ਉਨ੍ਹਾਂ ਨੇ ਕਿਹਾ ਕਿ ਸਾਡੇ ਗੁਰੂਆਂ – ਪੀਰਾਂ ਨੇ ਵੀ ਸਾਨੂੰ ਰੁੱਖ ਲਗਾਉਣ ਦਾ ਸੰਦੇਸ਼ ਦਿੱਤਾ ਹੈ। ਅੱਜ ਪੂਰੇ ਵਿਸ਼ਵ ਵਿੱਚ ਵਾਤਾਵਰਣ ਨੂੰ ਲੈ ਕੇ ਬੜੇ – ਬੜੇ ਸੈਮੀਨਾਰ ਹੋ ਰਹੇ ਨੇ ; ਕਿਉਂਕਿ ਸਾਡੀ ਧਰਤੀ ਦਾ ਸੰਤੁਲਨ ਇੰਨਾ ਵਿਗੜ (ਦੂਸ਼ਿਤ) ਚੁੱਕਿਆ ਹੈ ਕਿ ਮੌਸਮਾਂ ਵਿੱਚ ਵੀ ਫ਼ਰਕ ਦਿਖਣਾ ਸ਼ੁਰੂ ਹੋ ਗਿਆ ਹੈ, ਕਈ ਪ੍ਰਕਾਰ ਦੀਆਂ ਬੀਮਾਰੀਆਂ ਇਨਸਾਨਾਂ ਵਿੱਚ ਪਾਈਆਂ ਜਾ ਰਹੀਆਂ ਹਨ। ਉਸ ਦਾ ਸਭ ਤੋਂ ਵੱਡਾ ਕਾਰਨ ਵਾਤਾਵਰਣ ਵਿੱਚ ਦਿਨ ਪ੍ਰਤੀ ਦਿਨ ਵਧ ਰਿਹਾ ਪ੍ਰਦੂਸ਼ਣ ਹੈ। ਅੱਜ ਸਮੇਂ ਦੀ ਲੋੜ ਹੈ ਕਿ ਹਰ ਇੱਕ ਵਿਅਕਤੀ (ਇਨਸਾਨ) ਨੂੰ ਆਪਣੇ ਜਨਮ ਦਿਨ ‘ਤੇ ਇੱਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਮਾਈਟੀ ਖਾਲਸਾ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਅਮਿਤੋਜ ਸਿੰਘ, ਆਸਰਾ ਫਾਊਂਡੇਸ਼ਨ ਦੇ ਚੇਅਰਮੈਨ ਨਵੀਨ ਕੁਮਾਰ, ਸਕੱਤਰ ਅੰਕੁਸ਼ ਕੁਮਾਰ, ਦਵਿੰਦਰਪਾਲ ਸਿੰਘ, ਪਰਾਂਤ ਵੋਹਰਾ, ਜਸਦੀਪ ਸਿੰਘ ਧਾਰੀਵਾਲ, ਪੁਸ਼ਵਿੰਦਰ ਸਿੰਘ, ਰਾਜ ਕੁਮਾਰ ਘਈ, ਨਵਿਕਾ ਪੂਰੀ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj