ਮੁੰਬਈ (ਸਮਾਜ ਵੀਕਲੀ): ਐੱਨਸੀਬੀ ਨੇ ਡਰੱਗਜ਼ ਪਾਰਟੀ ਮਾਮਲੇ ’ਚ ਅੱਜ ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਬੰਬੇ ਹਾਈ ਕੋਰਟ ਨੂੰ ਕਿਹਾ ਕਿ ਉਹ ਨਾ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦਾ ਸੀ ਬਲਕਿ ਉਹ ਨਸ਼ਿਆਂ ਦੀ ਗ਼ੈਰਕਾਨੂੰਨੀ ਤਸਕਰੀ ’ਚ ਵੀ ਸ਼ਾਮਲ ਸੀ। ਏਜੰਸੀ ਨੇ ਇਹ ਵੀ ਦਾਅਵਾ ਕੀਤਾ ਕਿ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਆਰੀਅਨ ਖਾਨ ਤੇ ਸਾਹਰੁਖ ਖਾਨ ਦੀ ਪ੍ਰਬੰਧਕ ਪੂਜਾ ਡਡਲਾਨੀ ਸਬੂਤਾਂ ਨਾਲ ਛੇੜਛਾੜ ਤੇ ਗਵਾਹਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਐੱਨਸੀਬੀ ਨੇ ਆਰੀਅਨ ਖਾਨ ਦੀ ਹਾਈ ਕੋਰਟ ’ਚ ਦਾਇਰ ਜ਼ਮਾਨਤ ਅਰਜ਼ੀ ਦੇ ਜਵਾਬ ’ਚ ਅੱਜ ਹਲਫ਼ਨਾਮਾ ਦਾਇਰ ਕੀਤਾ ਹੈ।
ਏਜੰਸੀ ਨੇ ਹਲਫ਼ਨਾਮੇ ’ਚ ਕਿਹਾ ਕਿ ਕੇਸ ਨੂੰ ਲੀਹੋਂ ਲਾਹੁਣ ਲਈ ਇਸ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪ੍ਰਭਾਕਰ ਸੈਲ ਦੇ ਹਲਫ਼ਨਾਮੇ ਤੋਂ ਇਹ ਸਪੱਸ਼ਟ ਹੈ। ਏਜੰਸੀ ਨੇ ਕਿਹਾ ਕਿ ਹੁਣ ਤੱਕ ਕੀਤੀ ਗਈ ਜਾਂਚ ’ਚ ਆਰੀਅਨ ਖਾਨ ਦੇ ਨਸ਼ੀਲੇ ਪਦਾਰਥਾਂ ਦੀ ਗ਼ੈਰਕਾਨੂੰਨੀ ਖਰੀਦ, ਤਸਕਰੀ ’ਚ ਸ਼ਾਮਲ ਹੋਣ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੀ ਗੱਲ ਸਾਹਮਣੇ ਆਈ ਹੈ। ਹਲਫਨਾਮੇ ’ਚ ਕਿਹਾ ਗਿਆ ਹੈ ਕਿ ਆਰੀਅਨ ਖਾਨ ਤੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਉਹ ਇਸ ਸਾਜ਼ਿਸ਼ ਦਾ ਹਿੱਸਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly