ਆਰੀਅਨ ਨੂੰ ਸ਼ਰਤਾਂ ਸਹਿਤ ਜ਼ਮਾਨਤ

Aryan Khan

 

  • ਸ਼ਰਤਾਂ ਬਾਰੇ ਵੇਰਵੇ ਨਾ ਮਿਲਣ ਕਰਕੇ ਰਿਹਾਈ ਲਈ ਉਡੀਕ ਵਧੀ
  • ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਦੀ ਵੀ ਜ਼ਮਾਨਤ ਮਨਜ਼ੂਰ

ਮੁੰਬਈ (ਸਮਾਜ ਵੀਕਲੀ): ਬੰਬੇ ਹਾਈ ਕੋਰਟ ਨੇ ਬੌਲੀਵੁੱਡ ਸੁਪਰਸਟਾਰ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਤੇ ਦੋ ਹੋਰਨਾਂ ਨੂੰ ਕਰੂਜ਼ ਡਰੱਗਜ਼ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਹੈ। ਮੁੰਬਈ ਦੀ ਆਰਥਰ ਰੋਡ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਤਹਿਤ ਬੰਦ ਆਰੀਅਨ ਖ਼ਾਨ ਨੂੰ ਹਾਲਾਂਕਿ ਫੌਰੀ ਰਿਹਾਈ ਨਹੀਂ ਮਿਲੇਗੀ ਕਿਉਂਕਿ ਜ਼ਮਾਨਤ ਸਖ਼ਤ ਸ਼ਰਤਾਂ ਤਹਿਤ ਦਿੱਤੀ ਗਈ ਹੈ ਤੇ ਕੋਰਟ ਨੇ ਅਜੇ ਤੱਕ ਸ਼ਰਤਾਂ ਬਾਰੇ ਵੇਰਵੇ ਨਸ਼ਰ ਨਹੀਂ ਕੀਤੇ। ਆਰੀਅਨ ਤੇ ਹੋਰਨਾਂ ਨੂੰ 2 ਅਕਤੂਬਰ ਦੀ ਰਾਤ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਜਹਾਜ਼ ’ਤੇ ਚੱਲ ਰਹੀ ਕਥਿਤ ਡਰੱਗਜ਼ ਪਾਰਟੀ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਸੀ ਜਦੋਂਕਿ 3 ਅਕਤੂਬਰ ਤੋਂ ਉਨ੍ਹਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

ਜਸਟਿਸ ਐੱਨ.ਡਬਲਿਊ. ਸਾਂਬਰੇ ਦੇ ਇਕਹਿਰੇ ਬੈਂਚ ਨੇ ਆਰੀਅਨ ਦੇ ਨਾਲ ਇਸ ਕੇਸ ਵਿੱਚ ਸਹਿ-ਮੁਲਜ਼ਮਾਂ ਅਰਬਾਜ਼ ਮਰਚੈਂਟ ਤੇ ਮੁਨਮੁਨ ਧਮੇਚਾ ਨੂੰ ਵੀ ਜ਼ਮਾਨਤ ਦੇ ਦਿੱਤੀ। ਜਾਣਕਾਰੀ ਅਨੁਸਾਰ ਆਰੀਅਨ ਵੱਲੋਂ ਪੇਸ਼ ਸੀਨੀਅਰ ਵਕੀਲ ਤੇ ਸਾਬਕਾ ਅਟਾਰਨੀ ਜਨਰਲ ਮੁਕੁਲ ਰੋਹਤਗੀ ਆਪਣੀਆਂ ਦਲੀਲਾਂ ਰੱਖ ਹੀ ਰਹੇ ਸਨ ਕਿ ਜਸਟਿਸ ਸਾਂਬਰੇ ਨੇ ਕਿਹਾ, ‘‘ਸਾਰੇ ਤਿੰਨ ਅਰਜ਼ੀਕਾਰਾਂ ਦੀ ਜ਼ਮਾਨਤ ਮਨਜ਼ੂਰ ਕੀਤੀ ਜਾਂਦੀ ਹੈ। ਮੈਂ ਤਫ਼ਸੀਲੀ ਹੁਕਮ ਭਲਕੇ ਸ਼ਾਮ ਤੱਕ ਦੇਵਾਂਗਾ।’’

ਇਸ ’ਤੇ ਆਰੀਅਨ ਖ਼ਾਨ ਦੇ ਵਕੀਲਾਂ ਨੇ ਨਗ਼ਦ ਜ਼ਮਾਨਤ ਦਾਖ਼ਲ ਕਰਨ ਦੀ ਪ੍ਰਵਾਨਗੀ ਮੰਗੀ, ਪਰ ਕੋਰਟ ਨੇ ਇਨਕਾਰ ਕਰ ਦਿੱਤਾ ਤੇ ਜ਼ਾਮਨੀ ਭਰਨ ਲਈ ਕਿਹਾ। ਆਰੀਅਨ ਤੇ ਹੋਰਨਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਮੰਗਲਵਾਰ ਤੋਂ ਜਾਰੀ ਹੈ। ਜਸਟਿਸ ਸਾਂਬਰੇ ਨੇ ਕਿਹਾ, ‘‘ਮੈਂ ਇਹ ਹੁਕਮ ਭਲਕੇ (ਸ਼ੁੱਕਰਵਾਰ ਨੂੰ) ਵੀ ਦੇ ਸਕਦਾ ਸੀ, ਪਰ ਮੈਂ ਅੱਜ ਦੇ ਦਿੱਤੇ।’’ ਜੱਜ ਨੇ ਕਿਹਾ ਕਿ ਉਹ ਤਫਸੀਲੀ ਹੁਕਮ ਬਾਅਦ ਵਿੱਚ ਜਾਰੀ ਕਰਨਗੇ, ਜਿਸ ਵਿੱਚ ਜ਼ਮਾਨਤ ਦੇਣ ਦੇ ਕਾਰਨਾਂ ਬਾਰੇ ਦੱਸਿਆ ਜਾਵੇਗਾ। ਆਰੀਅਨ ਦੀ ਲੀਗਲ ਟੀਮ ਵੱਲੋਂ ਹੁਣ ਉਸ ਦੀ ਰਿਹਾਈ ਲਈ ਸ਼ੁੱਕਰਵਾਰ ਜਾਂ ਸ਼ਨਿਚਰਵਾਰ ਨੂੰ ਸਾਰੀ ਕਾਨੂੰਨੀ ਕਾਰਵਾਈ ਪੂਰੀ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਅਗਲੇ ਕਈ ਦਹਾਕਿਆਂ ਤੱਕ ਕਿਤੇ ਵੀ ਜਾਣ ਵਾਲੀ ਨਹੀਂ: ਪ੍ਰਸ਼ਾਂਤ ਕਿਸ਼ੋਰ
Next articleAmit Mitra likely to be retained as Finance department advisor