(ਸਮਾਜ ਵੀਕਲੀ)
ਪੰਜਾਬ ਦੀ ਵਿਧਾਨ ਸਭਾ ਵਿੱਚ ਜਦੋਂ ਮੁੱਖ ਮੰਤਰੀ ਦੀ ਕਮਾਂਡ ਕਪਤਾਨ ਅਮਰਿੰਦਰ ਸਿੰਘ ਨੇ ਸੰਭਾਲੀ।ਬਹੁਤ ਵਾਅਦੇ ਤੇ ਸੌਹਾਂ ਖਾ ਕੇ ਕੁਰਸੀ ਆਰਾਮ ਨਾਲ ਪ੍ਰਾਪਤ ਕਰ ਲਈ, ਕੁਰਸੀ ਤੇ ਬੈਠ ਤੇ ਹੀ ਪੰਜਾਬ ਤੇ ਪੰਜਾਬ ਦੇ ਲੋਕ ਕੀ ਅਤੇ ਕਿੱਥੇ ਹਨ,ਸਾਢੇ ਚਾਰ ਸਾਲ ਵਿਖਾਈ ਹੀ ਨਹੀਂ ਦਿੱਤੇ।ਹਰ ਰੋਜ਼ ਆਪਣੇ ਮੰਤਰੀਆਂ ਤੇ ਪ੍ਰਧਾਨਾਂ ਨਾਲ ਲੜਾਈਆਂ ਪਤਾ ਨ੍ਹੀਂ ਮਨੋਰੰਜਨ ਪਤਾ ਨੀਂ ਟੌਹਰ ਇਕ ਵਿਸ਼ਾ ਬਣਾ ਲਿਆ।ਮੁੱਖ ਮੰਤਰੀ ਦਾ ਦਫਤਰ ਕਿਥੇ ਹੈ ਉਹ ਭੁੱਲ ਗਏ ਬਸ ਸੁਹਾਣੇ ਮੌਸਮ ਵਿੱਚ ਆਪਣੇ ਫਾਰਮ ਨੂੰ ਪੱਕਾ ਠਿਕਾਣਾ ਬਣਾ ਲਿਆ ਪੰਜਾਬ ਦੀ ਜਨਤਾ ਦਾ ਹਾਲ ਕੀ ਪੁੱਛਣਾ ਜਾਂ ਵੇਖਣਾ ਸੀ ਆਪਣੇ ਮੰਤਰੀਆਂ ਨੂੰ ਵੇਖ ਕੇ ਹੀ ਅਣਡਿੱਠ ਕਰਨਾ ਚਾਲੂ ਕਰ ਦਿੱਤਾ।ਪੰਜਾਬ ਵਿੱਚ ਸਿਹਤ,ਸਿੱਖਿਆ ਤੇ ਪ੍ਰਸ਼ਾਸਨ ਸਿਰਫ਼ ਨਾਮ ਦੇ ਹੀ ਰਹਿ ਗਏ ਤੇ ਜਨਤਾ ਦੇ ਕਿਸੇ ਕੰਮ ਨਾ ਆਏ।
ਨਵਜੋਤ ਸਿੰਘ ਸਿੱਧੂ ਨੇ ਜਨਤਾ ਲਈ ਆਵਾਜ਼ ਵਾਰ ਵਾਰ ਉਠਾਉਣ ਦੀ ਕੋਸ਼ਿਸ਼ ਕੀਤੀ ਉਨ੍ਹਾਂ ਨੂੰ ਕਦੇ ਰੋਟੀ ਕਦੇ ਚਾਹ ਪਾਰਟੀ ਦੇ ਕੇ ਮੂੰਹ ਬੰਦ ਕਰਵਾਉਣ ਦਾ ਤਰੀਕਾ ਸਾਢੇ ਚਾਰ ਕੁ ਸਾਲ ਤਕ ਚਲਦਾ ਰਿਹਾ।ਵਿਧਾਨ ਸਭਾ ਦੀਆਂ ਚੋਣਾਂ ਨੇੜੇ ਵੇਖ ਕੇ ਕੁਝ ਮੰਤਰੀ ਤੇ ਪਾਰਟੀ ਵਰਕਰਾਂ ਤੇ ਨਵਜੋਤ ਸਿੰਘ ਸਿੱਧੂ ਮਿਲ ਕੇ ਦਿੱਲੀ ਬੈਠੇ ਆਕਾਵਾਂ ਨਾਲ ਠੋਸ ਗੱਲਬਾਤ ਕੀਤੀ।ਜੋ ਕੁਝ ਕਈ ਸਾਲ ਪਹਿਲਾਂ ਹੋਣਾ ਚਾਹੀਦਾ ਸੀ ਚਲੋ ਹੋ ਗਿਆ ਕੁਝ ਮਹੀਨੇ ਵਿਧਾਨ ਸਭਾ ਦੇ ਬਾਕੀ ਰਹਿੰਦੇ ਹੀ ਕਪਤਾਨ ਸਾਹਿਬ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਤੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਮਾਂਡ ਸੰਭਾਲ ਦਿੱਤੀ।
ਚਰਨਜੀਤ ਸਿੰਘ ਚੰਨੀ ਉੱਚ ਸਿੱਖਿਆ ਪ੍ਰਾਪਤ ਤੇ ਸਮਝਦਾਰ ਵਿਅਕਤੀ ਹਨ,ਜਨਤਾ ਦੇ ਦੁੱਖ ਸੁੱਖ ਦੇ ਭਾਈਵਾਲ ਬਣਨ ਦਾ ਤਰੀਕਾ ਜਾਣਦੇ ਹਨ।ਕੁਝ ਕੁ ਉਦਾਹਰਣਾਂ ਆਪਾਂ ਨੇ ਵੇਖੀਆਂ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਵੋਟਰ ਕੀ ਹੁੰਦੇ ਹਨ ਨੇਤਾਵਾਂ ਨੂੰ ਸਮਝ ਆਉਣ ਲੱਗੀ ਹੈ।ਪਰ ਮੁੱਖ ਮੰਤਰੀ ਜੀ ਨੇ ਆਪਣੇ ਨਾਲ ਖ਼ਾਸ ਕੈਮਰਾਮੈਨ ਰੱਖ ਲਏ ਕਿਸੇ ਗ਼ਰੀਬ ਗੁਰਬੇ ਨੂੰ ਸ਼ਗਨ ਪਾ ਦਿੱਤਾ,ਖੰਭੇ ਤੇ ਚੜ੍ਹ ਕੇ ਤਾਰਾਂ ਜੋੜ ਦਿੱਤੀਆਂ ਜਾਂ ਹੋਰ ਵੀ ਬਹੁਤ ਕੁਝ ਵਿਖਾਵਾ ਰੂਪੀ ਕੰਮਾਂ ਦੀ ਝੜੀ ਲਗਾ ਦਿੱਤੀ।ਜਿਸ ਲਈ ਪ੍ਰਿੰਟ ਮੀਡੀਆ ਤੇ ਸੋਸ਼ਲ ਮੀਡੀਆ ਦਾ ਬਹੁਤ ਵੱਡਾ ਸਹਾਰਾ ਲਿਆ ਜਾਣ ਲੱਗਿਆ।
ਪਰ ਪੰਜਾਬ ਦੇ ਮੁੱਖ ਮੁੱਦਾ ਸਿੱਖਿਆ ਸਿਹਤ ਤੇ ਬੇਰੁਜ਼ਗਾਰੀ ਵੱਲ ਕੋਈ ਖ਼ਾਸ ਝਾਤ ਨਹੀਂ ਮਾਰੀ, ਇਹ ਵੱਡੇ ਮਸਲੇ ਜ਼ਰੂਰ ਹਨ ਪਰ ਇਨ੍ਹਾਂ ਦਾ ਹੱਲ ਬਹੁਤ ਆਸਾਨ ਹੈ ਇੱਕ ਆਮ ਆਦਮੀ ਆਰਾਮ ਨਾਲ ਇਨ੍ਹਾਂ ਦਾ ਠੋਸ ਹੱਲ ਕਰ ਸਕਦਾ ਹੈ।ਹਸਪਤਾਲਾਂ ਵਿੱਚ ਡਾਕਟਰ ਨਹੀਂ,ਸਕੂਲਾਂ ਵਿੱਚ ਅਧਿਆਪਕ ਨਹੀਂ ਤੇ ਪ੍ਰਸ਼ਾਸਨ ਰਾਜਨੀਤਕ ਨੇਤਾਵਾਂ ਦਾ ਸੇਵਾਦਾਰ ਬਣ ਕੇ ਰਹਿ ਗਿਆ ਹੈ।ਸਾਡੇ ਲੱਖਾਂ ਕਰੋੜਾਂ ਨੌਜਵਾਨ ਉੱਚ ਸਿੱਖਿਆ ਪ੍ਰਾਪਤ ਕਰਕੇ ਸੜਕਾਂ ਤੇ ਧਰਨੇ ਲਗਾ ਰਹੇ ਹਨ ਤੇ ਸਰਕਾਰ ਵੱਲੋਂ ਡੰਡੇ ਖਾ ਰਹੇ ਹਨ ਇਹ ਉਹੋ ਹੀ ਨੌਜਵਾਨ ਹਨ ਜਿਨ੍ਹਾਂ ਦੀਆਂ ਥਾਵਾਂ ਵੱਖ ਵੱਖ ਵਿਭਾਗਾਂ ਵਿੱਚ ਖਾਲੀ ਹਨ।ਇਨ੍ਹਾਂ ਨੂੰ ਭਰਤੀ ਕਰੋ ਸਾਰੇ ਮਸਲੇ ਹੱਲ ਹੋ ਜਾਣਗੇ। ਤਿੰਨ ਦਹਾਕਿਆਂ ਤੋਂ ਪੰਜਾਬ ਦੇ ਨੇਤਾ ਜਨਤਾ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ।
ਜਨਤਾ ਦਾ ਮਨ ਬਹਿਲਾਉਣ ਜਾਂ ਧਿਆਨ ਹਟਾਉਣ ਲਈ ਕੋਈ ਨਾ ਕੋਈ ਮਸਲਾ ਖੜ੍ਹਾ ਕਰ ਲੈਂਦੇ ਹਨ ਤੇ ਹੱਲ ਖ਼ੁਦ ਹੀ ਕਰਨਾ ਹੁੰਦਾ ਹੈ ਕਰਦੇ ਨਹੀਂ,ਕਿਉਂਕਿ ਜਨਤਾ ਆਪਣੇ ਹੱਕ ਮੰਗੇਗੀ ਧਰਮ ਪੰਜਾਬ ਦੇ ਲੋਕ ਸਮਝ ਨਹੀਂ ਸਕੇ ਕਿ ਕੀ ਹੁੰਦਾ ਹੈ,ਪਰ ਧਰਮ ਦੇ ਨਾਮ ਤੇ ਇਕ ਸ਼ੋਸ਼ਾ ਛੱਡ ਦੇਵੋ ਲੜਾਈ ਕਰਨਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ।ਇਹੋ ਕੁਝ ਹੀ ਹੋ ਰਿਹਾ ਹੈ ਕਿਉਂਕਿ ਆਪਾਂ ਆਪਣੇ ਅਧਿਕਾਰਾਂ ਨੂੰ ਬਿਲਕੁਲ ਜਾਣਦੇ ਹੀ ਨਹੀਂ।ਤਿੰਨ ਕੁ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਕੀ ਹਨ,ਨਵੇਂ ਮੁੱਖ ਮੰਤਰੀ ਜੀ ਤੋਂ ਜੋ ਆਸਾਂ ਸਨ ਉਹ ਸਾਰੀਆਂ ਸਾਡੇ ਨੇਤਾਵਾਂ ਨੇ ਕੁਝ ਆਪਣੇ ਜਾਤੀ ਮਸਲਿਆਂ,ਕੁਝ ਕੁਰਸੀਆਂ ਲਈ ਤੇ ਬਾਕੀ ਇਕ ਨਵਾਂ ਸ਼ੋਸ਼ਾ ਅਰੂਸਾ ਆਲਮ ਦਾ ਛੱਡਿਆ।
ਇਹ ਨੇਤਾਵਾਂ ਦੇ ਨਿੱਜੀ ਮਾਮਲੇ ਹਨ ਜਨਤਾ ਨਾਲ ਇਨ੍ਹਾਂ ਦਾ ਕੋਈ ਠੋਸ ਸਬੰਧ ਨਹੀਂ।ਕੋਈ ਕਿਸ ਤਰ੍ਹਾਂ ਆਪਣੀ ਆਮ ਜ਼ਿੰਦਗੀ ਵਿੱਚ ਰਹਿੰਦਾ ਹੈ ਕਿਸ ਨਾਲ ਬਹਿੰਦਾ ਉੱਠਦਾ ਹੈ ਇਹ ਜਾਤੀ ਮਾਮਲਾ ਹੈ।ਪਰ ਸਾਡੇ ਮੰਤਰੀਆਂ ਨੇ ਅਰੂਸਾ ਆਲਮ ਦੇ ਮਸਲੇ ਨੂੰ ਹੀ ਮੁੱਖ ਮੁੱਦਾ ਬਣਾ ਲਿਆ,ਬੀਬੀ ਜੀ ਕਿੰਨੇ ਸਾਲਾਂ ਤੋਂ ਸਾਡੇ ਪੰਜਾਬ ਚ ਰਹਿੰਦੇ ਹਨ ਉਸ ਸਮੇਂ ਇਹ ਮੰਤਰੀ ਜੀ ਕਿੱਥੇ ਸਨ। ਹੁਣ ਜਨਤਾ ਦੇ ਹਿੱਤਾਂ ਲਈ ਖਾਸ ਮੁੱਦਿਆਂ ਨੂੰ ਲੁਕੋਣ ਲਈ ਇਹ ਇਕ ਵੱਡੀ ਡਰਾਮਾਬਾਜ਼ੀ ਕੀਤੀ ਹੈ।ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਜੀ ਦੀ ਕਿਸੇ ਨਾਲ ਸੁਰ ਕਦੇ ਮਿਲੀ ਨਹੀਂ ਹੁਣ ਵੀ ਸੁਰ ਕਦੇ ਕਿੱਧਰ ਕਦੇ ਕਿੱਧਰ ਵਿਗੜਦੀ ਦਿਖਾਈ ਦੇ ਰਹੀ ਹੈ। ਉਨ੍ਹਾਂ ਦਾ ਕਿਸੇ ਨਾਲ ਵੀ ਰੋਸਾ ਉਨ੍ਹਾਂ ਦੇ ਆਪਣੇ ਹੱਕਾਂ ਲਈ ਹੁੰਦਾ ਹੈ,ਜਨਤਾ ਲਈ ਕੁਝ ਵੀ ਨਹੀਂ।
ਕਪਤਾਨ ਸਾਹਿਬ ਨਵੀਂ ਪਾਰਟੀ ਦਾ ਨੀਂਹ ਪੱਥਰ ਰੱਖਣ ਲਈ ਤਿਆਰੀਆਂ ਖਿੱਚ ਰਹੇ ਹਨ,ਉਨ੍ਹਾਂ ਨੂੰ ਪਤਾ ਨਹੀਂ ਤੇ ਚਾਰ ਸਾਲ ਤੁਸੀਂ ਪੰਜਾਬ ਦੀ ਜਨਤਾ ਲਈ ਡੱਕਾ ਤੋਡ਼ਿਆ ਨਹੀਂ ਹੁਣ ਉਹ ਤੁਹਾਨੂੰ ਵੋਟਾਂ ਪਾ ਦੇਣਗੇ ਆਓ ਪੰਜਾਬ ਨਿਵਾਸੀਓ ਆਪਣੀ ਵੋਟ ਦੀ ਕੀਮਤ ਨੂੰ ਪਹਿਚਾਣੋ,ਆਪਣੇ ਕਿਸਾਨ ਤੇ ਮਜ਼ਦੂਰ ਆਪਣੇ ਹੱਕਾਂ ਲਈ ਦਿੱਲੀ ਨੂੰ ਘੇਰੀ ਬੈਠੇ ਹਨ ਕਿਸੇ ਵੀ ਰਾਜਨੀਤਕ ਪਾਰਟੀ ਨੇ ਜਾ ਕੇ ਉਨ੍ਹਾਂ ਦੇ ਧਰਨਿਆਂ ਵਿੱਚ ਹਿੱਸਾ ਨਹੀਂ ਲਿਆ।ਫੇਰ ਆਪਾਂ ਉਹ ਵੋਟ ਕਿਸ ਨੂੰ ਪਾਈਏ ਕਦੇ ਸੋਚ ਕੇ ਤਾਂ ਵੇਖੋ।ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਏਕੇ ਨੇ ਜਾਤੀਵਾਦ ਧਰਮਵਾਦ ਤੇ ਪਾਖੰਡਵਾਦ ਨੂੰ ਬਿਲਕੁੱਲ ਖ਼ਤਮ ਕਰ ਦਿੱਤਾ ਹੈ।
ਕੇਂਦਰ ਸਰਕਾਰ ਨੇ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ਲਈ ਕਿੰਨੇ ਘਟੀਆ ਤਰੀਕੇ ਵਰਤੇ ਹਨ ਪਰ ਸਾਡੇ ਯੋਧਿਆਂ ਦਾ ਹੌਸਲਾ ਤੇ ਹਲੀਮੀ ਵੇਖੋ ਸ਼ਹੀਦੀਆਂ ਦਿੱਤੀਆਂ ਪਰ ਆਪਣੀ ਸਹਿਣ ਸ਼ਕਤੀ ਕਮਾਲ ਦੀ ਆਪਣੇ ਨਾਲ ਰੱਖੀ ਹੈ।ਕਿਸਾਨ ਮੋਰਚਾ ਜਿੱਤ ਵੱਲ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਜੋ ਆਪਣੀਆਂ ਠੋਸ ਨੀਤੀਆਂ ਕਾਰਨ ਕਿਸਾਨ ਤੇ ਮਜ਼ਦੂਰ ਇੱਕ ਨਵਾਂ ਇਨਕਲਾਬ ਸਿਰਜਣਗੇ। ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਜਨੀਤਕ ਪਾਰਟੀਆਂ ਆਪਣੇ ਲਈ ਹੀ ਸਭ ਕੁਝ ਕਰਦੀਆਂ ਹਨ,ਕਿਸਾਨ ਮੋਰਚਾ ਵੀ ਆਪਾਂ ਆਪਣੇ ਏਕੇ, ਪਿਆਰ ਮੁਹੱਬਤ,ਆਪਣੇ ਸਰੀਰਾਂ ਤੇ ਹਰ ਤਰ੍ਹਾਂ ਦੇ ਦਰਦ ਸਹਿ ਕੇ ਜਿੱਤਾਂਗੇ ਫੇਰ ਰਾਜਨੀਤਕ ਪਾਰਟੀਆਂ ਦਾ ਆਪਣੇ ਨਾਲ ਕਿਹੜਾ ਮੇਲ ਜੋਲ ਹੋਇਆ।
ਅੱਜ ਹਰ ਆਪਣਾ ਪੰਜਾਬੀ ਭੈਣ ਭਰਾ ਸਰਕਾਰ ਦੀਆਂ ਕੋਝੀਆਂ ਹਰਕਤਾਂ ਜਾਣ ਚੁੱਕਿਆ ਹੈ,ਹੱਕ ਕਿਵੇਂ ਪੂਰੇ ਕਰਵਾਉਣੇ ਹਨ ਹਰ ਕੋਈ ਸਬਕ ਪੜ੍ਹ ਚੁੱਕਿਆ ਹੈ।ਆਪਣੀ ਸੋਚ ਬਹਾਦਰੀ ਨਾਲ ਮੋਰਚਾ ਜਿੱਤਾਂਗੇ ਆਪਾਂ ਆਪਣੀ ਸਰਕਾਰ ਕਿਉਂ ਨਹੀਂ ਬਣਾ ਸਕਦੇ।ਭੁੱਲ ਜਾਓ ਧਾਰਮਿਕ ਮਸਲੇ ਅਰੂਸਾ ਆਲਮ ਤੇ ਹੋਰ ਸਬਜ਼ਬਾਗ ਜੋ ਰਾਜਨੀਤਕ ਪਾਰਟੀਆਂ ਸਾਨੂੰ ਵਿਖਾ ਰਹੀਆਂ ਹਨ।ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਅਗਲੀਆਂ ਚੋਣਾਂ ਲਈ ਤਿਆਰੀ ਕਰੋ ਨੇਤਾ ਆਪਣੇ ਪਿੱਛੇ ਠੂਠਾ ਲੈ ਕੇ ਘੁੰਮਣਗੇ ਆਪਾਂ ਖੈਰ ਬਿਲਕੁਲ ਨਹੀਂ ਪਾਵਾਂਗੇ।ਹਰ ਇਨਕਲਾਬ ਪੰਜਾਬ ਵਿੱਚੋਂ ਉੱਠਿਆ ਹੈ ਤੇ ਜਿੱਤ ਪ੍ਰਾਪਤ ਕੀਤੀ ਹੈ ਹੁਣ ਅਜਿਹਾ ਕਿਉਂ ਨਹੀਂ ਹੋ ਸਕਦਾ।ਆਪਣੇ ਮੁੱਦਿਆਂ ਨੂੰ ਮੁੱਖ ਰੱਖੋ ਤੇ ਕਿਵੇਂ ਪ੍ਰਾਪਤ ਕਰਨੇ ਹਨ ਨਤੀਜਾ ਆਪਣੇ ਆਪ ਨਿਕਲ ਆਵੇਗਾ।
ਸੰਪਰਕ ਨੰਬਰ-9914880392
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly