ਨਾਭਾ (ਸਮਾਜ ਵੀਕਲੀ) ( ਨਵਤੇਜ ਆਲੋਵਾਲ ) ਦੁਨੀਆਂ ਵਿੱਚ ਤਿੰਨ ਤਰ੍ਹਾਂ ਦੇ ਇਨਸਾਨ ਹੁੰਦੇ ਹਨ । ਆਪਣੇ ਆਪ ਦਾ , ਆਪਣੇ ਪਰਿਵਾਰ ਦਾ ਅਤੇ ਸਮਾਜ ਦਾ ਫ਼ਿਕਰ ਕਰਨ ਵਾਲ਼ੇ । ਕਲਾਕਾਰ ਲੋਕ ਭਾਵੇਂ ਉਹ ਕਿਸੇ ਵੀ ਕਲਾ ਨਾਲ਼ ਜੁੜੇ ਹੋਣ ਉਹ ਸਮੁੱਚੇ ਸਮਾਜ ਦੇ ਦੁੱਖ ਸੁੱਖ ਨੂੰ ਸਮਝਦੇ ਅਤੇ ਉਸ ਪ੍ਰਤੀ ਫ਼ਿਕਰਮੰਦ ਵੀ ਹੁੰਦੇ ਹਨ , ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਮੂਲ ਚੰਦ ਸ਼ਰਮਾ ਨੇ ਲੇਖਕ ਪਾਠਕ ਕਲਾ ਮੰਚ ਲੁਬਾਣਾ ਟੇਕੂ ( ਨਾਭਾ ) ਦੇ ਦੂਸਰੇ ਮਾਸਿਕ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ । ਬੀਤੇ ਮਹੀਨੇ ਉਪਰੋਕਤ ਮੰਚ ਦੀ ਸਥਾਪਨਾ ਪਿੰਡ ਲੁਬਾਣਾ ਵਿਖੇ ਲੇਖਕਾਂ , ਪਾਠਕਾਂ , ਕਲਾਕਾਰਾਂ ਅਤੇ ਕਲਾ ਪ੍ਰੇਮੀਆਂ ਦੇ ਹੋਏ ਇਕੱਠ ਵਿੱਚ ਕੀਤੀ ਗਈ ਸੀ । ਅੱਜ ਉਸ ਦੀ ਦੂਸਰੀ ਮਾਸਿਕ ਇਕੱਤਰਤਾ ਕਾਰਜਕਾਰੀ ਪ੍ਰਧਾਨ ਸ਼੍ਰੀ ਰਾਮ ਲੁਬਾਣਾ ਟੇਕੂ ਦੀ ਪ੍ਰਧਾਨਗੀ ਹੇਠ ਅਲੌਹਰਾਂ ਗੇਟ ਨਾਭਾ ਵਿਖੇ ਕੀਤੀ ਗਈ , ਜਿਸ ਵਿੱਚ ਧੂਰੀ ਜਿਲ੍ਹਾ ਸੰਗਰੂਰ ਤੋਂ ਪਹੁੰਚੇ ਮੂਲ ਚੰਦ ਸ਼ਰਮਾ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ । ਪੰਜਾਬੀ ਸਾਹਿਤ , ਮਾਤ ਭਾਸ਼ਾ , ਕਲਾ ਅਤੇ ਸੱਭਿਆਚਾਰ ਦੀ ਸਾਂਭ ਸੰਭਾਲ ਅਤੇ ਪ੍ਰਫੁੱਲਤਾ ਲਈ ਵਿਚਾਰ ਚਰਚਾ ਕਰਨ ਤੋਂ ਇਲਾਵਾ ਸਰਵ ਸ਼੍ਰੀ ਹਰਬੰਸ ਸਿੰਘ ਮੰਡੌਰ , ਨਵਤੇਜ ਸਿੰਘ ਗੁਰਨਾ , ਰਾਜ ਫੈਜਗੜ੍ਹੀਆ , ਹਰਕੇਸ਼ ਕੌਰ , ਪਾਲ ਸਿੰਘ ਭੜੀ ਪਨੈਚਾਂ , ਗਰੀਬ ਦਾਸ ਕੈਦੂਪੁਰ , ਸਰੂਪ ਸਿੰਘ ਚੌਧਰੀ ਮਾਜਰਾ , ਮਾਸਟਰ ਕਰਮ ਸਿੰਘ , ਗੁਰਜੰਟ ਸਿੰਘ ਸਹੋਤਾ ਅਤੇ ਸੇਵਾ ਮੁਕਤ ਪੰਚਾਇਤ ਅਫ਼ਸਰ ਰਾਮ ਸ਼ਰਮਾ ਲੁਬਾਣਾ ਟੇਕੂ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨ੍ਹਿਆਂ । ਅੰਤ ਵਿੱਚ ਫੈਸਲਾ ਕੀਤਾ ਗਿਆ ਕਿ ਅਗਲੀ ਇਕੱਤਰਤਾ ਜਿਹੜੀ ਮਈ ਮਹੀਨੇ ਦੇ ਤੀਸਰੇ ਐਤਵਾਰ ਹੋਵੇਗੀ ਉਸ ਵਿੱਚ ਸਮੂਹ ਅਹੁਦੇਦਾਰਾਂ ਦੀ ਬਕਾਇਦਾ ਚੋਣ ਕਰ ਕੇ ਮੰਚ ਨੂੰ ਹੋਰ ਸਰਗਰਮ ਕੀਤਾ ਜਾਵੇਗਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj