(ਸਮਾਜ ਵੀਕਲੀ)
ਕਲਾ ਮੁਹਤਾਜ ਨਹੀਂ ਹੁੰਦੀ
ਪੈਸੇ ਵਾਲ਼ੇ ਅਮੀਰ ਦੀ
ਖੂਬਸੂਰਤੀ ਦੀ
ਕਿਸੇ ਵਿਸ਼ੇਸ਼ ਜਾਤ-ਪਾਤ ਦੀ
ਕਿਸੇ ਖਾਸ ਲਿੰਗ ਦੀ
ਕਿਸੇ ਖਾਸ ਕੁੱਖ ਜਾਂ ਪਰਿਵਾਰ ਦੀ
ਕਿਸੇ ਸੁਭਾਅ ਜਾਂ ਮਿਜ਼ਾਜ ਦੀ
ਇਹ ਤਾਂ ਰੱਬੀ ਦਾਤ ਹੁੰਦੀ
ਮਿਹਨਤ ਦੀ ਮੁਰੀਦ ਹੁੰਦੀ
ਅਭਿਆਸ ਕਰਨ ਵਾਲ਼ੇ ਦੀ ਦਾਸੀ
ਕਿਰਤੀ ਹੱਥਾਂ ਦੀ ਪਹਿਚਾਣ
ਸੁਹਣੀ ਸੋਚ ਦੀ ਅਹਿਸਾਸ
ਗੂੰਗੇ ਦੀ ਆਵਾਜ਼
ਸੂਰਦਾਸ ਦੀਆਂ ਅੱਖਾਂ ਦਾ ਨੂਰ
ਲੱਤੋਂ-ਹੀਣੇ ਦੀ ਚਾਲ
ਤੇ ਜਾਂ ਫਿਰ
ਪਲਕਾਂ ਦੀ ਛਾਂ ਵਰਗੀ
ਜਵਾਨੀ ਦੇ ਜੋਸ਼ ਵਰਗੀ
ਰੁਮਕਦੀ ਪੌਣ ਵਰਗੀ
ਵਹਿੰਦੇ ਪਾਣੀ ਦੀ ਰਵਾਨਗੀ ਵਰਗੀ
ਚੜ੍ਹਦੇ ਸੂਰਜ ਦੀ ਲਾਲੀ ਵਰਗੀ
ਪੁੰਨਿਆ ਦੀ ਚਾਨਣੀ ਵਰਗੀ
ਵੀਣਾ ਦੀਆਂ ਮਧੁਰ ਧੁਨਾਂ ਵਰਗੀ
ਸੁਰਖ ਗੁਲਾਬ ਦੀਆਂ ਪੱਤੀਆਂ ਵਰਗੀ
ਪੱਤਿਆਂ ਤੇ ਪਈ ਤ੍ਰੇਲ ਦੀਆਂ ਬੂੰਦਾਂ ਵਰਗੀ
ਦੀਵੇ ਦੀ ਲੋਅ ਵਰਗੀ
ਜੁਗਨੂੰ ਦੇ ਪ੍ਰਕਾਸ਼ ਵਰਗੀ
ਸਭ ਤੋਂ ਵੱਧ
ਉਸ ਪ੍ਰਮਾਤਮਾ ਦੀ
ਬਖਸ਼ੀ ਰੱਬੀ ਰਹਿਮਤ
ਜਿਹੜੀ ਹਰ ਕਲਾਕਾਰ ਨੂੰ
ਰੱਬ ਵਾਂਗ ਸਿਰਜਕ ਹੋਣ ਦਾ
ਮਾਣ ਬਖਸ਼ਦੀ
ਸ਼ਾਲਾ! ਲੰਮੀਆਂ ਉਮਰਾਂ ਵਾਲ਼ੇ
ਜ਼ਿੰਦਗੀ ਦੀ ਬਾਜ਼ੀ ਨੂੰ ਜਿੱਤਣ ਵਾਲ਼ੇ
ਤੰਦਰੁਸਤੀਆਂ ਵਾਲ਼ੇ ਹੋਣ
ਇਹ ਸਿਰਜਨਹਾਰ।।
#ਵੀਨਾ_ਬਟਾਲਵੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly