ਹੁਣ ਕੌਮੀ ਮਾਰਗਾਂ ’ਤੇ ਲੈਂਡ ਕਰ ਸਕਣਗੇ ਸੈਨਾ ਦੇ ਜਹਾਜ਼

ਬਾੜਮੇਰ (ਸਮਾਜ ਵੀਕਲੀ): ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਨੇ ਰਾਜਸਥਾਨ ਦੇ ਬਾੜਮੇਰ ’ਚ ਕੌਮੀ ਮਾਰਗ 925 ’ਤੇ ਸੱਟਾ-ਗੰਧਵ ’ਚ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਐਮਰਜੈਂਸੀ ਲੈਂਡਿੰਗ ਫੀਲਡ ਦਾ ਅੱਜ ਉਦਘਾਟਨ ਕੀਤਾ।

ਹਵਾਈ ਸੈਨਾ ਦੇ ਹਰਕੁਲਿਸ ਸੀ-130ਜੇ ਜਹਾਜ਼ ’ਤੇ ਦੋਵੇਂ ਮੰਤਰੀਆਂ ਦੇ ਨਾਲ ਚੀਫ਼ ਆਫ਼ ਡਿਫੈਂਸ ਸਟਾਫ ਬਿਪਿਨ ਰਾਵਤ ਵੀ ਸਵਾਰ ਸਨ। ਇਸ ਜਹਾਜ਼ ਨੇ ਕੌਮੀ ਮਾਰਗ ’ਤੇ ‘ਮੌਕ ਐਮਰਜੈਂਸੀ ਲੈਂਡਿੰਗ’ ਕੀਤੀ। ਕੌਮੀ ਮਾਰਗ-925 ’ਤੇ ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਲਈ ਬਣਿਆ ਇਹ ਪਹਿਲਾ ‘ਐਮਰਜੈਂਸੀ ਲੈਂਡਿੰਗ ਫੀਲਡ’ ਹੈ ਅਤੇ ਇਹ ਪਾਕਿਸਤਾਨ ਨਾਲ ਲਗਦੀ ਸਰਹੱਦ ਤੋਂ ਐਨ ਨੇੜੇ ਹੈ। ਦੋਵੇਂ ਮੰਤਰੀਆਂ ਨੇ ਐੱਨਐੱਚ-925 ’ਤੇ ਤਿਆਰ ਹੰਗਾਮੀ ਲੈਂਡਿੰਗ ਸਹੂਲਤ ’ਤੇ ਕਈ ਜਹਾਜ਼ਾਂ ਦੀ ਲੈਂਡਿੰਗ ਨੂੰ ਵੀ ਦੇਖਿਆ। ਸੁਖੋਈ-30 ਐੱਮਕੇਆਈ ਲੜਾਕੂ ਜੈੱਟ, ਹਵਾਈ ਸੈਨਾ ਦੇ ਏਐੱਨ-32 ਮਿਲਟਰੀ ਟਰਾਂਸਪੋਰਟ ਜਹਾਜ਼ ਅਤੇ ਐੱਮਆਈ-17ਵੀ5 ਹੈਲੀਕਾਪਟਰ ਨੇ ਵੀ ਇਥੇ ਐਮਰਜੈਂਸੀ ਲੈਂਡਿੰਗ ਕੀਤੀ।

ਆਪਣੇ ਭਾਸ਼ਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ’ਚ ਬਾੜਮੇਰ ਵਰਗੀਆਂ 20 ਐਮਰਜੈਂਸੀ ਲੈਂਡਿੰਗ ਪੱਟੀਆਂ ਬਣਾਈਆਂ ਜਾ ਰਹੀਆਂ ਹਨ। ‘ਕੇਂਦਰੀ ਸੜਕ ਮੰਤਰਾਲੇ ਦੀ ਸਹਾਇਤਾ ਨਾਲ ਕਈ ਹੈਲੀਪੈਡ ਵੀ ਬਣਾਏ ਜਾ ਰਹੇ ਹਨ। ਇਹ ਸਾਡੇ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਬਣਾਉਣ ਵੱਲ ਅਹਿਮ ਕਦਮ ਹੈ।’

ਉਨ੍ਹਾਂ ਕਿਹਾ ਕਿ ਪਹਿਲਾਂ ਇਹ ਸੋਚਿਆ ਜਾਂਦਾ ਸੀ ਕਿ ਰੱਖਿਆ ’ਤੇ ਇੰਨਾ ਪੈਸਾ ਖ਼ਰਚਿਆ ਜਾਵੇਗਾ ਤਾਂ ਦੇਸ਼ ਦੇ ਵਿਕਾਸ ’ਤੇ ਅਸਰ ਪਵੇਗਾ ਪਰ ਅੱਜ ਕੌਮੀ ਮਾਰਗ ’ਤੇ ਐਮਰਜੈਂਸੀ ਲੈਂਡਿੰਗ ਪੱਟੀ ਦੇਖ ਕੇ ਆਖਿਆ ਜਾ ਸਕਦਾ ਹੈ ਕਿ ਰੱਖਿਆ ਅਤੇ ਵਿਕਾਸ ਨਾਲੋਂ ਨਾਲ ਹੋ ਸਕਦੇ ਹਨ। ਕੌਮੀ ਮਾਰਗ ਅਥਾਰਿਟੀ ਨੇ ਸੱਟਾ-ਗੰਧਵ ਮਾਰਗ ਦੇ ਤਿੰਨ ਕਿਲੋਮੀਟਰ ਹਿੱਸੇ ’ਤੇ ਹਵਾਈ ਸੈਨਾ ਲਈ ਐਮਰਜੈਂਸੀ ਲੈਂਡਿੰਗ ਸਹੂਲਤ ਦਾ ਨਿਰਮਾਣ ਕੀਤਾ ਹੈ। ਰਾਜਨਾਥ ਸਿੰਘ ਨੇ ਕਿਹਾ ਕਿ ਕੌਮਾਂਤਰੀ ਸਰਹੱਦ ਦੇ ਐਨ ਨੇੜੇ ਪੱਟੀ ਬਣਾ ਕੇ ਸੁਨੇਹਾ ਦਿੱਤਾ ਹੈ ਕਿ ਮੁਲਕ ਦੀ ਏਕਤਾ, ਅਖੰਡਤਾ ਅਤੇ ਖੁਦਮੁਖਤਿਆਰੀ ਨੂੰ ਕਿਸੇ ਵੀ ਕੀਮਤ ’ਤੇ ਬਹਾਲ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਲੈਂਡਿੰਗ ਪੱਟੀ ਨਾ ਸਿਰਫ਼ ਜੰਗ ਸਗੋਂ ਕੁਦਰਤੀ ਆਫ਼ਤਾਂ ਵੇਲੇ ਵੀ ਸਹਾਈ ਹੋਵੇਗੀ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfghan embassies, including one in India, turn their back on Taliban
Next articleਹਰ ਪਾਸੇ ਅਨਿਸ਼ਚਿਤਤਾ ਦਾ ਮਾਹੌਲ: ਰਾਜਨਾਥ