ਅੰਮ੍ਰਿਤਸਰ (ਸਮਾਜ ਵੀਕਲੀ):ਅਫ਼ਗਾਨਿਸਤਾਨ ਵਿਚ ਸੱਤਾ ਪਲਟੇ ਤੋਂ ਬਾਅਦ ਅੱਜ ਦੂਜੀ ਵਾਰ ਕਾਬੁਲ ਵਿਖੇ ਗੁਰਦੁਆਰਾ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭਾ ਕਰਤੇ ਪ੍ਰਵਾਨ ਵਿਚ ਹਥਿਆਰਬੰਦ ਵਿਅਕਤੀਆਂ ਨੇ ਦਾਖਲ ਹੋ ਕੇ ਉੱਥੇ ਹਾਜ਼ਰ ਘੱਟਗਿਣਤੀ ਸਿੱਖ ਅਤੇ ਹਿੰਦੂਆਂ ਨੂੰ ਡਰਾਇਆ-ਧਮਕਾਇਆ ਹੈ। ਇਸ ਤੋਂ ਪਹਿਲਾਂ ਵੀ ਅਣਪਛਾਤੇ ਹਥਿਆਰਬੰਦ ਵਿਅਕਤੀ ਇਸ ਗੁਰਦੁਆਰੇ ਵਿਚ ਦਾਖਲ ਹੋ ਕੇ ਭੰਨ੍ਹ-ਤੋੜ ਕਰ ਚੁੱਕੇ ਹਨ। ਉਨ੍ਹਾਂ ਨੇ ਗੁਰਦੁਆਰੇ ਦੇ ਸੀਸੀਟੀਵੀ ਕੈਮਰੇ ਵੀ ਭੰਨ੍ਹ ਦਿੱਤੇ ਸਨ। ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਅੱਜ ਮੁੜ ਦੂਜੀ ਵਾਰ ਇਸ ਗੁਰਦੁਆਰੇ ਵਿਚ ਅਣਪਛਾਤੇ ਹਥਿਆਰਬੰਦ ਵਿਅਕਤੀ ਦਾਖਲ ਹੋਏ ਹਨ, ਜਿਨ੍ਹਾਂ ਨੇ ਆਪਣੇ ਆਪ ਨੂੰ ‘ਇਸਲਾਮਿਕ ਐਮੀਰੇਟ ਆਫ਼ ਅਫ਼ਗਾਨਿਸਤਾਨ’ ਦਾ ਗੁੱਟ ਦੱਸਿਆ ਹੈ।
ਇੰਡੀਆ ਵਰਲਡ ਫੋਰਮ ਦੇ ਪ੍ਰਧਾਨ ਪੁਨੀਤ ਸਿੰਘ ਚੰਡੋਕ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਵੇਲੇ ਲਗਭਗ ਦੋ ਵਜੇ ਵਾਪਰੀ ਹੈ ਜਦੋਂ ਇਹ ਅਣਪਛਾਤੇ ਸ਼ੱਕੀ ਵਿਅਕਤੀ ਕਾਬੁਲ ਦੇ ਗੁਰਦੁਆਰੇ ਵਿਚ ਦਾਖਲ ਹੋਏ। ਗੁਰਦੁਆਰੇ ਦੇ ਸੁੱਰਖਿਆ ਕਰਮਚਾਰੀ ਅਤੇ ਸੰਗਤ ਵਲੋਂ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਇਨ੍ਹਾਂ ਹਥਿਆਰਬੰਦ ਵਿਅਕਤੀਆਂ ਨੇ ਵਿਰੋਧ ਕਰਨ ਵਾਲੇ ਵਿਅਕਤੀਆਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਨੂੰ ਇਸ ਦੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਸ੍ਰੀ ਚੰਡੋਕ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਉੱਥੋਂ ਦੇ ਸਿੱਖਾਂ ਵਲੋਂ ਫੋਨ ਕਰਕੇ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵੇਲੇ ਲਗਭਗ ਸਿੱਖ ਭਾਈਚਾਰੇ ਦੇ 20 ਵਿਅਕਤੀ ਗੁਰਦੁਆਰੇ ਵਿਚ ਹਾਜ਼ਰ ਸਨ।
ਘਟਨਾ ਤੋਂ ਬਾਅਦ ਉੱਥੇ ਮੁੜ ਘੱਟ ਗਿਣਤੀ ਭਾਈਚਾਰੇ ਦੇ ਲੋਕ ਡਰੇ ਤੇ ਸਹਿਮੇ ਹੋਏ ਹਨ। ਉਨ੍ਹਾਂ ਨੇ ਮੁੜ ਕਾਬੁਲ ਵਿਚੋਂ ਜਲਦੀ ਸੁਰੱਖਿਅਤ ਬਾਹਰ ਕੱਢਣ ਦੀ ਅਪੀਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰੇ ਤੋਂ ਬਾਅਦ ਇਹ ਅਣਪਛਾਤੇ ਵਿਅਕਤੀ ਨੇੜੇ ਇਕ ਸਕੂਲ ਵਿਚ ਤੇ ਅਫਗਾਨਿਸਤਾਨ ਦੇ ਐਮਪੀ ਨਰਿੰਦਰ ਸਿੰਘ ਖਾਲਸਾ ਦੇ ਘਰ ਵਿਚ ਵੀ ਦਾਖਲ ਹੋਏ। ਇਹ ਦੋਵੇਂ ਇਮਾਰਤਾਂ ਗੁਰਦੁਆਰੇ ਦੇ ਨੇੜੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly