(ਸਮਾਜ ਵੀਕਲੀ)
ਘਰ ਵਿੱਚ ਖੂਬ ਰੌਣਕ ਲੱਗੀ ਹੋਈ ਸੀ । ਕਈ ਦਿਨਾਂ ਤੋਂ ਚਹਿਲ-ਪਹਿਲ ਸੀ। ਪਰ ਅੱਜ ਸਵੇਰ ਤੋਂ ਤਾਂ ਬਹੁਤ ਹੀ ਰੌਲਾ ਪਿਆ ਹੋਇਆ ਸੀ । ਅੱਜ ਪ੍ਰੀਤੀ ਦਾ ਵਿਆਹ ਜੁ ਸੀ।
ਬਰਾਤ ਆ ਚੁੱਕੀ ਸੀ । ਜੀਤੀ ਨੂੰ ਤਾਂ ਵਿਆਹ ਵਿੱਚ ਸ਼ਾਮਲ ਹੋਣ ਦੀ ਇਜਾਜਤ ਹੀ ਨਹੀਂ ਸੀ l ਪਰ ਉਹ ਆਪਣੇ ਕਮਰੇ ‘ਚ ਨਿੱਕੇ ਜਿਹੇ ਰੋਸ਼ਨਦਾਨ ਰਾਹੀਂ ਸਭ ਨੂੰ ਦੇਖ ਰਹੀ ਸੀ l ਆਪਣੀ ਭਤੀਜੀ ਪ੍ਰੀਤੀ ਨੂੰ ਲਾਲ ਜੋੜੇ ‘ਚ ਦੇਖਦਿਆਂ ਉਹ ਆਪਣੇ ਆਪ ‘ਚ ਬੋਲ ਉੱਠੀ “ਹਾਏ, ਕਾਸ਼! ਮੈਂ ਵੀ ਇੰਝ ਹੀ ਦੁਲਹਨ ਬਣ ਸਕਦੀ….. I’ ਤਦੇ ਹੀ ਉਸ ਦੇ ਪੈਰਾਂ ਹੇਠਲਾ ਮੇਜ਼ ਖਿਸਕ ਪਿਆ ਤੇ ਉਹ ਧੜਮ ਜ਼ਮੀਨ ‘ਤੇ ਜਾ ਪਈ l
‘ਹਾਏ !’ ਉਸ ਦਾ ਬਜ਼ੁਰਗ ਸਰੀਰ ਦਰਦ ਨਾਲ ਤ੍ਰਾਹ ਉੱਠਿਆ l ਉਹ ਹੌਲੀ -ਹੌਲੀ ਉੱਠੀ ਤੇ ਮੰਜੇ ‘ਤੇ ਜਾ ਲੰਮੀ ਪਈ l ਜੀਤੀ ਨੂੰ ਇਕਦਮ ਯਾਦ ਆਇਆ, ਮਾਂ ਤਾਂ ਉਸਦੀ ਪਹਿਲਾ ਹੀ ਮਰ ਚੁੱਕੀ ਸੀ ਤੇ ਪਿਓ ਦੇ ਹਾਦਸੇ ‘ਚ ਮਰਨ ਮਗਰੋਂ ਹੀ ਦੋਵਾਂ ਭਰਾਵਾਂ ਨੇ ਜਾਇਦਾਦ ਵੰਡ ਲਈ ਤੇ ਉਹ ਵਿਚਾਰੀ ਕਿਸੇ ਵੰਡ ਵਿੱਚ ਵੀ ਨਾ ਆ ਸਕੀ ।
ਹਾਂ! ਛੋਟੇ ਭਰਾ ਨੇ ਤਰਸ ਕਰ ਕੇ ਮਕਾਨ ਦੀ ਨੁੱਕਰ ‘ਚ ਇਕ ਨਿੱਕਾ ਜਿਹਾ ਕਮਰਾ ਜਰੂਰ ਦੇ ਦਿਤਾ ਸੀ ਉਸ ਨੂੰ l ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਤਾਂ ਰੋਟੀ ਵੀ ਮਿਲ ਜਾਂਦੀ l ਪਰ ਉਸ ਦੇ ਦੁਲਹਨ ਬਣਨ ਦੇ ਚਾਅ, ਅਰਮਾਨ ਮਿੱਟੀ ਦੀ ਧੂਲ ਵਾਂਗ ਰੁਲ ਗਏ। ਕਿਉਂਕਿ ਕਿਸੇ ਨੇ ਉਸ ਵੱਲ ਧਿਆਨ ਹੀ ਨਹੀਂ ਦਿੱਤਾ। ਮਾਂ -ਪਿਉ ਕੀ ਗਏ , ਉਹ ਤਾਂ ਬੇਸਹਾਰਾ ਹੀ ਹੋ ਗਈ….। ਸਭ ਰਿਸ਼ਤੇ ਹੀ ਸਵਾਰਥੀ ਹੋ ਗਏ।
ਤਦੇ ਫਿਰ ਬਾਹਰੋਂ ਵਾਜਿਆਂ ਦੇ ਵੱਜਣ ਦੀ ਆਵਾਜ ਆਈ l ਸ਼ਾਮ ਪੈ ਚੁੱਕੀ ਸੀ l ਉਹ ਫਿਰ ਰੋਸ਼ਨਦਾਨ ਤੋਂ ਦੇਖਣ ਲੱਗੀ l ਡੋਲੀ ਜਾਣ ਵਾਲੀ ਸੀ l ਪ੍ਰੀਤੀ ਰੋਂਦੀ- ਰੋਂਦੀ ਆਪਣੇ ਪਿਓ ਤੋਂ ਅਲਵਿਦਾ ਲੈ ਕਾਰ ‘ਚ ਜਾ ਬੈਠੀ l ‘ਕਾਸ਼’ ਮੇਰਾ ਪਿਓ ਹਾਦਸੇ ‘ਚ ਇਸ ਦੁਨੀਆ ਤੋਂ…. ਤਾਂ ਉਹ ਮੈਨੂੰ ਵੀ ਅਰਮਾਨਾਂ ਨਾਲ ਇੰਜ ਹੀ ….. I’ ਤੇ ਇਸ ਵਾਰ ਫਿਰ ਉਸ ਦੇ ਪੈਰਾਂ ਹੇਠਲਾ ਮੇਜ਼ ਖਿਸਕ ਪਿਆ l
ਪਰ ਵਾਜਿਆਂ ਦੇ ਸ਼ੋਰ ਨੇ ਉਸ ਦੀ ਦਰਦਮਈ ਚੀਕ ਨੂੰ ਵੀ ਉਸ ਦੇ ਅਰਮਾਨਾਂ ਵਾਂਗ ਹੀ ਦਬਾ ਦਿਤਾ l
ਮਨਪ੍ਰੀਤ ਕੌਰ ਭਾਟੀਆ
ਫਿਰੋਜ਼ਪੁਰ ਸ਼ਹਿਰ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly