(ਸਮਾਜ ਵੀਕਲੀ)
ਹਰ ਖੇਤਰ ਵਿੱਚ ਔਰਤ ਨੇ ਵੱਡਮੁੱਲਾ ਯੋਗਦਾਨ ਪਾਇਆ।ਉਸ ਨੇ ਖੰਡਰਾਂ ਨੂੰ ਘਰ ਬਣਾਇਆ।ਆਪਣੀ ਹਿੰਮਤ ਤੇ ਦਲੇਰੀ ਨਾਲ ਉਹ ਮਰਦ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਚੱਲੀ ਹੀ ਨਹੀਂ ਬਲ ਕਿ ਉਸ ਤੋਂ ਵੀ ਅੱਗੇ ਨਿਕਲ ਗਈ। ਇੱਕ ਪੜ੍ਹੀ ਲਿਖੀ ਅਤੇ ਅੱਗੇ ਨਿਕਲ ਚੁੱਕੀ ਔਰਤ ਵੀ ਜ਼ੁਲਮ ਦਾ ਸ਼ਿਕਾਰ ਹੁੰਦੀ ਹੈ, ਫਿਰ ਅਨਪੜ੍ਹ ਪੇਂਡੂ ਤੇ ਗਰੀਬ ਔਰਤਾਂ ਦੀ ਦੁਰਦਸ਼ਾ ਦਾ ਅੰਦਾਜ਼ਾ ਲਗਾਉਣਾ ਕੋਈ ਮੁਸ਼ਕਲ ਨਹੀਂ ਹੈ। ਅੱਜ ਸਭ ਤੋਂ ਵੱਡੀ ਲੋੜ ਔਰਤ ਵਰਗ ਨੂੰ ਇਕ ਮੁੱਠ ਹੋਣ ਤੇ ਆਪਣੀ ਸ਼ਕਤੀ ਪਹਿਚਾਨਣ ਦੀ ਹੈ।
ਕੀ ਔਰਤ ਇੰਨੀ ਬੇਸਹਾਰਾ ਤੇ ਕਮਜ਼ੋਰ ਹੈ ਕਿ ਜਿਸ ਦਾ ਦਿਲ ਕਰੇ, ਉਸ ਨੂੰ ਘਰੋਂ ਚੁੱਕ ਕੇ ਲੈ ਜਾਵੇ।ਜਿਸ ਦਾ ਦਿਲ ਕਰੇ ਇਸ ਨਾਲ ਵਿਆਹ ਕਰਵਾਉਣ ਨੂੰ ਉਹ ਵਿਆਹ ਕਰਵਾ ਲਵੇ, ਜੇ ਕੋਈ ਨਾ ਮੰਨੇ ਤਾਂ ਉਸ ਨੂੰ ਤੇਜ਼ਾਬ ਨਾਲ ਜਲਾ ਦਿੱਤਾ ਜਾਵੇ। ਜਿੱਥੇ ਦਿਲ ਕਰੇ ਇਸ ਨਾਲ ਬਲਾਤਕਾਰ ਕੀਤਾ ਜਾਵੇ ਉਹ ਥਾਂ ਭਾਵੇਂ ਬੱਸ ਹੋਵੇ, ਟ੍ਰੇਨ ਹੋਵੇ,ਖੇਤ ਜਾਂ ਕੁਝ ਹੋਰ। ਆਖਿਰ ਕਿਉਂ? ਮਾਂ ਦੀ ਗੋਦੀ ਵਿੱਚ ਖੇਡਣ ਵਾਲੀਆਂ ਮਾਸੂਮ ਬੱਚੀਆਂ ਦੇ ਵੀ ਬਲਾਤਕਾਰ ਕੀਤੇ ਜਾਂਦੇ ਹਨ।ਕੀ ਕਦੀ ਸੋਚਿਆ ਕਿਸੇ ਨੇ ਕਿ ਜਿੰਨਾ ਬੱਚੀਆਂ ਨਾਲ ਅਜਿਹੇ ਹਾਦਸੇ ਹੋਏ ਹੋਣਗੇ ਉਹ ਕਿਵੇਂ ਰੋਜ਼ ਤਿਲ ਤਿਲ ਮਰਦੀਆਂ ਹੋਣਗੀਆਂ?
ਜੁਰਮ ਦੀ ਹੱਦ ਦੇਖੋ ਕਿ ਔਰਤਾਂ ਦਾ ਬਲਾਤਕਾਰ ਆਂਢ ਗੁਆਂਢ ਜਾਂ ਰਿਸ਼ਤੇਦਾਰਾਂ ਵਿੱਚ ਹੀ ਚਾਚੇ ਮਾਮੇ ਜਾਂ ਭਰਾ ਲਗਦੇ ਦਰਿੰਦੇ ਹੀ ਔਰਤਾਂ ਨੂੰ ਨੋਚ ਨੋਚ ਖਾ ਗਏ। ਰੋਜ਼ ਅਖਬਾਰਾਂ ਦੀਆਂ ਖ਼ਬਰਾਂ ਦਿਲ ਕੰਬਾਊਂ ਹਨ। ਕੀ ਇਸੇ ਭਾਰਤ ਨੂੰ ਲੋਕ ਮਹਾਨ ਕਹਿੰਦੇ ਹਨ? ਇੱਕ ਮਰਦ ਨੂੰ ਦੁਨੀਆਂ ਤੇ ਆਉਣ ਲਈ ਔਰਤ ਦੀ ਕੁੱਖ ਦੀ ਲੋੜ ਪੈਂਦੀ ਹੈ ਤੇ ਵੱਡੇ ਹੋਣ ਲਈ ਔਰਤ ਦੇ ਦੁੱਧ ਦੀ ਲੋੜ ਪੈਂਦੀ ਹੈ।ਇਹ ਔਰਤ ਹੀ ਹੈ ਸੋ ਜਣੇਪੇ ਦੀਆਂ ਪੀੜਾਂ ਸਹਿ ਕੇ ਬੱਚੇ ਨੂੰ ਜਨਮ ਦਿੰਦੀ ਹੈ ਤੇ ਗਿੱਲੀ ਥਾਂ ਤੇ ਆਪ ਸੌਂ ਕੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ। ਉਸ ਦੀਆਂ ਕੁਰਬਾਨੀਆਂ ਦਾ ਮੁੱਲ ਨਸ਼ੇੜੀ ਪੁੱਤ ਉਸ ਨੂੰ ਘਰੋਂ ਕੱਢ ਕੇ ਪਾਉਂਦੇ ਹਨ। ਨਸ਼ਿਆਂ ਦੇ ਹੜ੍ਹ ਵਗ ਰਹੇ ਤੇ ਪੈਰ ਪੈਰ ਤੇ ਠੇਕੇ ਖੁੱਲ੍ਹ ਗਏ। ਮੇਰੇ ਦੇਸ਼ ਦੀਏ ਧੀਓ ਭੈਣੋਂ। ਸਮੁੱਚੀ ਔਰਤ ਵਰਗ ਨੂੰ ਹੁਣ ਅੱਗੇ ਆਉਣ ਦੀ ਲੋੜ ਹੈ।
ਪਾਊਡਰ, ਕਰੀਮਾਂ, ਸੈਂਡਲਾਂ, ਸਾੜੀਆਂ ਤੇ ਨਕਲੀ ਗਹਿਣਿਆਂ ਤੋਂ ਉੱਚਾ ਉੱਠੋ। ਟੀ ਵੀ ਸੀਰੀਅਲ ਦੇਖ ਕੇ ਜ਼ਿੰਦਗੀ ਬਦਲਣ ਵਾਲੀ ਨਹੀਂ ਹੈ। ਕੁਝ ਰੱਜੇ ਪੁੱਜੇ ਘਰਾਂ ਦੀਆਂ ਔਰਤਾਂ ਨੂੰ ਛੱਡ ਕੇ ਆਮ ਔਰਤ ਦੀ ਸਥਿਤੀ ਤਾਂ ਦੇਖੋ। ਕਿਵੇਂ ਔਰਤਾਂ ਸ਼ਰਾਬੀ ਪਤੀਆਂ ਤੇ ਪੁੱਤਾਂ ਹੱਥੋਂ ਹਰ ਰੋਜ਼ ਤਾਰ ਤਾਰ ਹੁੰਦੀਆਂ ਹਨ। ਦਹੇਜ ਦੀ ਲਾਹਨਤ ਕਰਕੇ ਕਈ ਲੋਕਾਂ ਦੀਆਂ ਧੀਆਂ ਮਾਪਿਆਂ ਦੇ ਘਰ ਬੈਠੀਆਂ ਹਨ। ਰੋਜ਼ ਦੀ ਵਧਦੀ ਮਹਿੰਗਾਈ ਨੇ ਔਰਤਾਂ ਦੇ ਵਾਲ ਚਿੱਟੇ ਕਰ ਦਿੱਤੇ ਹਨ। ਮਾਨਸਿਕ ਪ੍ਰੇਸ਼ਾਨੀ ਚ ਫਸੀਆਂ ਔਰਤਾਂ ਬਾਬਿਆਂ ਦੇ ਚੱਕਰਾਂ ਵਿਚ ਫਸਦੀਆਂ ਹਨ।
ਇਕ ਆਮ ਘਰੇਲੂ ਔਰਤ ਇਕ ਦਿਨ ਕੰਮ ਕਰਨਾ ਛੱਡ ਦੇਵੇ ਤਾਂ ਸੋਚੋ ਕੀ ਹਾਲਤ ਹੋਵੇਗੀ।ਇਕ ਦਿਨ ਵਿਚ ਇਕ ਘਰ ਵਿਚ ਤਿੰਨ ਵਾਰ ਖਾਣਾ ਬਣਦਾ ਹੈ। ਔਰਤ ਤੋਂ ਬਿਨਾਂ ਕਲਪਨਾ ਕਰੋ ਕਿ ਦੁਨੀਆਂ ਕਿਹੋ ਜਿਹੀ ਹੋਵੇਗੀ।
ਸੋ ਅਜੇ ਵੀ ਵੇਲਾ ਹੈ ਸੰਭਲ ਜਾਓ ਔਰਤ ਦੇ ਹੱਕ ਵਿੱਚ ਆਵਾਜ਼ ਉਠਾਓ। ਔਰਤ ਨੂੰ ਮਾਂ,ਭੈਣ, ਪਤਨੀ ਤੇ ਦੀ ਦੇ ਰੂਪ ਵਿੱਚ ਇੱਜ਼ਤ ਦਿਵਾਓ। ਉਸ ਲਈ ਸੁਰੱਖਿਆ ਪ੍ਰਦਾਨ ਕਰੋ। ਸੁਰੱਖਿਆ ਔਰਤ ਦਾ ਹੱਕ ਹੈ,ਭੀਖ ਨਹੀਂ। ਇੱਕ ਔਰਤ ਹੀ ਬਚਪਨ ਤੋਂ ਬੁਢਾਪੇ ਤੱਕ ਹਰ ਮਨੁੱਖ ਨੂੰ ਸੰਭਾਲਦੀ ਹੈ। ਉਹ ਔਰਤ ਚਾਹੇ ਮਾਂ ਹੋਵੇ, ਪਤਨੀ ਹੋਵੇ,ਭੈਣ ਹੋਵੇ,ਧੀ ਹੋਵੇ।ਜੇ ਔਰਤ ਵੱਡੇ ਵੱਡੇ ਟੱਬਰ ਇਕੱਲਿਆਂ ਸੰਭਾਲਦੀ ਹੈ ਤੇ ਆਖਿਰ ਵੱਡਾ ਟੱਬਰ ਇਕ ਇਕੱਲੀ ਸਿਆਣੀ ਔਰਤ ਨੂੰ ਨਹੀਂ ਸੰਭਾਲ ਸਕਦਾ।
ਔਰਤਾਂ ਪਰਿਵਾਰ ਲਈ ਸਾਰਾ ਦਿਨ ਕੰਮ ਕਰਦੀਆਂ ਹਨ ਫਿਰ ਵੀ ਉਨ੍ਹਾਂ ਨੂੰ ਵਿਹਲੀਆਂ ਸਮਝਿਆ ਜਾਂਦਾ ਹੈ। ਮਜ਼ਦੂਰ ਔਰਤਾਂ ਨੂੰ ਬੰਦਿਆਂ ਦੇ ਬਰਾਬਰ ਦਿਹਾੜੀ ਤੱਕ ਨਹੀਂ ਦਿੱਤੀ ਜਾਂਦੀ। ਇੱਥੋਂ ਤੱਕ ਕਿ ਕਈ ਔਰਤਾਂ ਦੀ ਮਜ਼ਦੂਰੀ ਵੀ ਨਸ਼ੇੜੀ ਪੁੱਤ ਜਾਂ ਨਸ਼ੇੜੀ ਪਤੀ ਖੋਹ ਲੈਂਦੇ ਹਨ।ਇੰਨੀ ਬੇਇਨਸਾਫ਼ੀ ਔਰਤਾਂ ਨਾਲ ਕਿਉਂ? ਕਿਉਂ ਨੇ ਬੇਵੱਸ ਤੇ ਮਜ਼ਬੂਰ ਔਰਤਾਂ? ਕਿਉਂ ਹਰ ਗਲ਼ੀ ਤੇ ਸ਼ਹਿਰ ਵਿਚ ਔਰਤ ਦੀ ਇੱਜ਼ਤ ਨੂੰ ਖ਼ਤਰਾ ਹੈ? ਆਖ਼ਿਰ ਕਿਉਂ ਔਰਤ ਨੂੰ ਜਨਮ ਲੈ ਕੇ ਲੱਗਦੈ ਕਿ ਉਹ ਔਰਤ ਨਾ ਹੁੰਦੀ! ਕੀ ਸੱਚੀਉਂ ਔਰਤਾਂ ਸੁਰੱਖਿਅਤ ਹਨ ???
ਰਾਜਿੰਦਰ ਰਾਣੀ
ਪਿੰਡ ਗੰਢੂਆਂ ਜ਼ਿਲ੍ਹਾ ਸੰਗਰੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly