ਮਨਮਾਨੀਆਂ

ਸੁਰਜੀਤ ਸਿੰਘ ਲਾਂਬੜਾ

(ਸਮਾਜ ਵੀਕਲੀ)

ਮੈਂ-ਮੇਰੀ ਨੂੰ ਮਾਰ ਕੇ, ਕਿਤੇ ਦੂਰ ਵਗਾਹ ਕੇ ਸੁੱਟ।
ਨਾਮ ਹਰੀ ਦੇ ਭਰੇ ਖ਼ਜ਼ਾਨੇ, ਤੂੰ ਜਿੰਨੇ ਮਰਜ਼ੀ ਲੁੱਟ।
‘ਕੱਲੇ ਆਏ, ‘ਕੱਲੇ ਜਾਣਾ, ਜੱਗ ‘ਤੇ ਬਣਦਾ ਕਰਜ਼ ਚੁਕਾਣਾ,
ਕੰਮ ਕੌਮ ਦੇ ਆ ਲਾਂਬੜਾ, ਏਥੋਂ ਕੁਝ ਵੀ ਨਾਲ ਨੀਂ ਜਾਣਾ।
ਪਿਆਰ, ਮੁਹੱਬਤ ਵੰਡ ਸਭ ਨੂੰ ਤੇ ਪੁੱਟ ਨਫ਼ਰਤ ਦਾ ਪੌਦਾ,
ਝੂਠੇ ਵਣਜਾਂ ਤੋਂ ਕੀ ਲੈਣਾ, ਤੂੰ ਕਰ ਕੋਈ ਸੱਚਾ ਸੌਦਾ।

ਵੇ ਸੁਣ ਦਿਲ ਜਾਨੀਆਂ! ਮੈਂ ਤੈਨੂੰ ਸਮਝਾਨੀ ਆਂ
ਨਾ ਕਰ ਮਨਮਾਨੀਆਂ, ਤੂੰ ਛੱਡ ਬੇਈਮਾਨੀਆਂ
ਬੰਦੇ ਦੇ ਗੁਨਾਹਾਂ ਦੀਆਂ ਇਹ ਹੁੰਦੀਆਂ ਨਿਸ਼ਾਨੀਆਂ
ਨਾ ਕਰ ਮਨਮਾਨੀਆਂ …

ਜ਼ਿੰਦਗੀ ਮਿਲੀ ਜੋ ਬੀਬਾ, ਹੱਸ ਕੇ ਗੁਜ਼ਾਰ ਤੂੰ
ਲੋਭ ਲਾਲਚਾਂ ਨੂੰ ਧੁਰ ਅੰਦਰੋਂ ਨਕਾਰ ਤੂੰ
ਏਦਾਂ ਹੋਣਗੀਆਂ ਦੂਰ ਪਰੇਸ਼ਾਨੀਆਂ..ਨਾ ਕਰ ਮਨਮਾਨੀਆਂ

ਦੁੱਖ-ਸੁੱਖ, ਗ਼ਮ ਸਭ ਜ਼ਿੰਦਗੀ ਦੇ ਨਾਲ ਦੇ
ਸੱਚ ਦੇ ਪੁਜਾਰੀ ਮੁੱਖੋਂ ਸੱਚ ਹੀ ਉਚਾਰਦੇ
ਕਦੇ ਭੁੱਲ ਕੇ ਨਾ ਕਰਦੇ ਨਾਦਾਨੀਆਂ..ਨਾ ਕਰ ਮਨਮਾਨੀਆਂ

ਲੋਕ ਹਿੱਤ ਵਿਚ ਦਿਲੋਂ ਕਰ ਕੋਈ ਕਾਰ ਤੂੰ
ਜਾਣੇ ਅਣਜਾਣੇ ਬੇਗੁਨਾਹਾਂ ਨੂੰ ਨਾ ਮਾਰ ਤੂੰ
ਮਜ਼ਲੂਮਾਂ ਦੀਆਂ ਸੁਣੀਆਂ ਕਹਾਣੀਆਂ…ਨਾ ਕਰ ਮਨਮਾਨੀਆਂ

ਉਸ ਦਾ ਹੀ ਹੋ ਜਾ, ਜੀਹਨੇ ਭੇਜਿਆ ਜਹਾਨ ‘ਤੇ
ਬੰਦਗੀ ਬਿਨਾਂ ਨਾ ਬੰਦੇ ਪੁੱਜਣਾ ਮੁਕਾਮ ‘ਤੇ
ਹੋਈਆਂ ਤੇਰੇ ‘ਤੇ ਉਹਦੀਆਂ ਮੇਹਰਬਾਨੀਆਂ …ਨਾ ਕਰ ਮਨਮਾਨੀਆਂ

ਨੇਕੀਆਂ ਦੇ ਨਾਲ ਜਿਹੜੇ ਜੀਵਨ ਸੰਵਾਰਦੇ
ਹੱਸ ਹੱਸ ਕੌਮ ਉੱਤੋਂ ਜਾਨ ਤੱਕ ਵਾਰਦੇ
ਯਾਦ ਰੱਖੀ ‘ਲਾਂਬੜਾ’ ਤੂੰ ਕੁਰਬਾਨੀਆਂ …ਨਾ ਕਰ ਮਨਮਾਨੀਆਂ

ਸੁਰਜੀਤ ਸਿੰਘ ਲਾਂਬੜਾ

 

Previous articleਅੰਦਰਲਾ ਇਨਸਾਨ…..
Next articleਗੁਰਪਾਲ ਸਿੰਘ ਇੰਡੀਅਨ ਨੂੰ ਇਮਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਨ ਤੇ ਸਨਮਾਨਿਤ ਕੀਤਾ ਗਿਆ