ਨਵੀਂ ਦਿੱਲੀ (ਸਮਾਜ ਵੀਕਲੀ):ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਜੀਸੀਆਈ) ਨੇ ਮੁੰਬਈ ਦੀ ਦਵਾਈ ਕੰਪਨੀ ਸਿਪਲਾ ਨੂੰ ਐਮਰਜੈਂਸੀ ਵਰਤੋਂ ਲਈ ਮੌਡਰਨਾ ਦੇ ਕੋਵਿਡ-19 ਟੀਕੇ ਦੀ ਦਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ। ਅਧਿਕਾਰਤ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ ਹੈ। ਕੋਵੀਸ਼ੀਲਡ, ਕੋਵੈਕਸੀਨ ਅਤੇ ਸਪੂਤਨਿਕ ਤੋਂ ਬਾਅਦ ਮੌਡਰਨਾ ਦਾ ਟੀਕਾ ਭਾਰਤ ’ਚ ਮੁਹੱਈਆ ਹੋਣ ਵਾਲਾ ਕੋਵਿਡ-19 ਰੋਕੂ ਚੌਥਾ ਟੀਕਾ ਹੋਵੇਗਾ।
ਸੂਤਰਾਂ ਨੇ ਦੱਸਿਆ, ‘ਡੀਸੀਜੀਆਈ ਨੇ ਡਰੱਸਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਨਵੀਂ ਦਵਾਈ ਤੇ ਕਲੀਨਿਕਲ ਟਰਾਇਲ, 2019 ਦੀਆਂ ਮੱਦਾਂ ਅਨੁਸਾਰ ਸਿਪਲਾ ਨੂੰ ਦੇਸ਼ ’ਚ ਸੀਮਤ ਵਰਤੋਂ ਲਈ ਮੌਡਰਨਾ ਦੇ ਕਰੋਨਾ ਰੋਕੂ ਟੀਕਾ ਦੀ ਦਰਾਮਦ ਦੀ ਇਜਾਜ਼ਤ ਦੇ ਦਿੱਤੀ ਹੈ।’ ਮੌਡਰਨਾ ਨੇ ਇੱਕ ਪੱਤਰ ’ਚ 27 ਜੂਨ ਨੂੰ ਡੀਸੀਜੀਆਈ ਨੂੰ ਸੂਚਨਾ ਦਿੱਤੀ ਸੀ ਕਿ ਅਮਰੀਕੀ ਸਰਕਾਰ ਇੱਥੇ ਵਰਤੋਂ ਲਈ ਕੋਵਿਡ-19 ਦੇ ਆਪਣੇ ਟੀਕਿਆਂ ਦੀ ਇੱਕ ਵਿਸ਼ੇਸ਼ ਗਿਣਤੀ ’ਚ ਖੁਰਾਕ ਕੋਵੈਕਸ ਰਾਹੀਂ ਭਾਰਤ ਸਰਕਾਰ ਨੂੰ ਦਾਨ ਕਰਨ ਲਈ ਸਹਿਮਤ ਹੋ ਗਈ ਹੈ।
ਨਾਲ ਹੀ ਉਸ ਨੇ ਇਸ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਤੋਂ ਮਨਜ਼ੂਰੀ ਮੰਗੀ ਹੈ। ਸਿਪਲਾ ਨੇ ਬੀਤੇ ਦਿਨ ਅਮਰੀਕੀ ਫਾਰਮਾ ਕੰਪਨੀ ਵੱਲੋਂ ਇਨ੍ਹਾਂ ਟੀਕਿਆਂ ਦੀ ਦਰਾਮਦ ਤੇ ਵੰਡ ਦਾ ਅਧਿਕਾਰ ਦੇਣ ਲਈ ਅਪੀਲ ਕੀਤੀ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਹੰਗਾਮੀ ਹਾਲਤਾਂ ’ਚ ਸੀਮਤ ਵਰਤੋਂ ਲਈ ਇਹ ਇਜਾਜ਼ਤ ਲੋਕਾਂ ਦੇ ਹਿੱਤ ’ਚ ਹੈ। ਕੰਪਨੀ ਨੂੰ ਟੀਕਾਕਰਨ ਪ੍ਰੋਗਰਾਮ ਲਈ ਟੀਕੇ ਦੀ ਵਰਤੋਂ ਸ਼ੁਰੂ ਕਰਨ ਤੋਂ ਪਹਿਲਾਂ ਪਹਿਲੇ ਸੌ ਲਾਭਪਾਤਰੀਆਂ ’ਚ ਕੀਤਾ ਗਿਆ ਟੀਕੇ ਦਾ ਸੁਰੱਖਿਆ ਮੁਲਾਂਕਣ ਸੌਂਪਣਾ ਪਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly