ਧੀਆਂ ਦੇ ਕਦਰਦਾਨ

ਬਲਵੀਰ ਕੌਰ ਰਾਮਗੜ੍ਹ ਸਿਵੀਆਂ

(ਸਮਾਜ ਵੀਕਲੀ)

ਪਿਛਲੇ ਦਿਨੀਂ ਮੈਂ ਪੇਕੇ ਪਿੰਡ ਸੀ ਮਿਲਣ ਨੂੰ ਗੇੜਾ ਲਾਇਆ
ਸਭ ਨੂੰ ਮਿਲ ਕੇ ਇੱਕ ਦੂਜੇ ਦਾ ਹਾਲ ਚਾਲ ਪੁੱਛ ਪਾਇਆ
ਜਦ ਮੈਂ ਵਾਪਸ ਮੁੜਨ ਲਈ ਸੀ ਘਰੋਂ ਬਾਹਰ ਹੀ ਆਈ
ਸਾਹਮਣੇ ਤੋਂ ਇੱਕ ਮਿੱਠੀ ਬੋਲੀ ਕੰਨਾਂ ਤਾਈਂ ਸੁਣਾਈ
ਤਕੜੀ ਐਂ ਧੀਏ ਕਹਿਕੇ ਸੀ ਮੈਨੂੰ ਓਸ ਬੁਲਾਇਆ
ਉਹ ਸ਼ਰੀਕੇ ਵਿੱਚੋਂ ਹੀ ਸੀ ਲੱਗਦਾ ਮੇਰਾ ਤਾਇਆ
ਉਹ ਅੱਖਾਂ ਤੇ ਫੇਰਨ ਲੱਗਾ ਲੜ ਸੀ ਆਪਣੀ ਪੱਗ ਦਾ
ਨੈਣੋ ਉਸਦੇ ਪਿਆਰ ਵਾਲਾ ਸੀ ਹੜ੍ਹ ਜਿਹਾ ਜਿਉਂ ਵਗਦਾ
ਮੇਰੇ ਸਿਰ ਤੇ ਹੱਥ ਰੱਖ ਉਹਨੇ ਕੱਢਕੇ ਸੌ ਰੁਪਈਏ
ਮੇਰੇ ਹੱਥ ਫੜਾਕੇ ਕਹਿੰਦਾ ਜਿਉਂਦੀ ਰਹਿ ਤੂੰ ਧੀਏ
ਸਾਡੇ ਘਰ ਦੇ ਸਾਹਮਣੇ ਸੀ ਪਰਚੂਨ ਦੀ ਦੁਕਾਨ
ਉੱਥੋਂ ਹੀ ਉਹ ਲੈਣ ਲੱਗਿਆ ਘਰ ਲਈ ਕੁੱਝ ਸਮਾਨ
ਫੇਰ ਓਸ ਨੇ ਦੁਕਾਨਦਾਰ ਤੋਂ ਸੌਦਾ ਕੁੱਝ ਪਵਾਇਆ
ਕਹਿੰਦਾ ਪੈਸੇ ਫੇਰ ਦੇਊਂਗਾ ਸੌਦਾ ਉਧਾਰ ਲਿਖਾਇਆ
ਮੈਂ ਇਹ ਸਾਰਾ ਕੁੱਝ ਦੇਖਕੇ ਹੋਈ ਬੜੀ ਹੈਰਾਨ
ਮੈਨੂੰ ਦੇ ਰੁਪਈਏ ਉਸਨੇ ਲਿਆ ਉਧਾਰ ਸਮਾਨ
ਮੈਂ ਸਾਰਾ ਸਮਝਣ ਤੇ ਵੀ ਮੂੰਹੋਂ ਨਾ ਕੁੱਝ ਬੋਲੀ
ਖੁਸ਼ੀ ਅਤੇ ਅਪਣੱਤ ਦੇ ਹੰਝੂ ਅੰਦਰ ਜਿਉਂ ਗਈ ਡੋਲੀ
ਪੇਕਿਆਂ ਤੋਂ ਸਹੁਰੇ ਘਰ ਤੱਕ ਮੈਂ ਇਹੀ ਸੋਚੀ ਜਾਵਾਂ
ਧਰਤੀ ਉੱਤੇ ਹੋਣਾ ਕੋਈ ਐਸਾ ਵਿਰਲਾ ਟਾਵਾਂ
ਸ਼ੁਕਰ ਖੁਦਾ ਦਾ ਅਜੇ ਵੀ ਹੈਗੇ ਧੀਆਂ ਦੇ ਕਦਰਦਾਨ
ਮਾਣ ਨਾਲ ਸਿਰ ਉੱਚਾ ਹੋਇਆ ਪਾ ਕੇ ਇਹ ਸਨਮਾਨ
ਓਦਣ ਤੋਂ ਲੈ ਕੇ ਮੈਂ ਅੱਜ ਤੱਕ ਨਾ ਇਹ ਗੱਲ ਭੁਲਾਈ
ਤਾਂ ਬਲਵੀਰ ਰਾਮਗੜ੍ਹ ਸਿਵੀਆਂ ਨੇ ਰਚਨਾਂ ਬਣਾਈ
ਰੱਬ ਕਰਕੇ ਅਜਿਹੇ ਬੰਦੇ ਹਰ ਘਰ ਦੇ ਵਿੱਚ ਹੋਵਣ
ਫਿਰ ਇਹ ਧੀਆਂ ਕਦੇ ਵੀ ਆਪਣੀ ਕਿਸਮਤ ਤੇ ਨਾ ਰੋਵਣ

ਬਲਵੀਰ ਕੌਰ ਰਾਮਗੜ੍ਹ ਸਿਵੀਆਂ
ਮੋਬਾਇਲ ਨੰਬਰ 9915910614

 

Previous articleਸੱਤਿਆ ਭਾਰਤੀ ਸਕੂਲ ਤੁੰਗਾਂਹੇੜੀ ਵਿਖੇ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ।
Next articleਸਟੇਜ ਸੈਕਟਰੀ – ਹਾਸ ਵਿਅੰਗ