(ਸਮਾਜ ਵੀਕਲੀ) ਅੱਜ ਸਵੇਰੇ ਜਦੋਂ ਜਗਜੀਤ ਸਿੰਘ ਦੀ ਪਤਨੀ ਉਸ ਨੂੰ ਚਾਹ ਦੇਣ ਆਈ ਤਾਂ ਉਸ ਨੇ ਉਸ ਨੂੰ ਆਖਿਆ,” ਅੱਜ ਐਤਵਾਰ ਆ। ਅੱਜ ਘਰ ਕੰਮ ਵੀ ਕੋਈ ਨਹੀਂ। ਮੈਨੂੰ ਪਿੰਡ ਗਏ ਨੂੰ ਛੇ , ਸੱਤ ਮਹੀਨੇ ਹੋ ਗਏ ਆ। ਅੱਜ ਕਿਉਂ ਨਾ ਮੈਂ ਪਿੰਡ ਜਾ ਕੇ ਵੱਡੇ ਭਰਾ ਤੇ ਉਸ ਦੇ ਬੱਚਿਆਂ ਨੂੰ ਮਿਲ ਆਵਾਂ?”
” ਮੈਂ ਤਾਂ ਕੁੱਝ ਨ੍ਹੀ ਕਹਿੰਦੀ। ਜੇ ਤੁਸੀਂ ਪਿੰਡ ਜਾਣਾ ਚਾਹੁੰਦੇ ਹੋ ਤਾਂ ਜਾ ਆਉ।” ਜਗਜੀਤ ਸਿੰਘ ਦੀ ਪਤਨੀ ਨੇ ਉਸ ਨੂੰ ਆਖਿਆ।
ਜਗਜੀਤ ਸਿੰਘ ਨੇ ਛੇਤੀ ਨਾਲ ਉੱਠ ਕੇ ਇਸ਼ਨਾਨ ਕਰਕੇ ਕਪੜੇ ਪਾਏ ਤੇ ਨਾਸ਼ਤਾ ਕਰਕੇ ਲੁਧਿਆਣੇ ਦੇ ਬੱਸ ਅੱਡੇ ਤੇ ਪਹੁੰਚ ਗਿਆ।ਛੇਤੀ ਹੀ ਉਸ ਨੂੰ ਨਵਾਂ ਸ਼ਹਿਰ ਜਾਣ ਵਾਲੀ ਬੱਸ ਮਿਲ ਗਈ। ਪੌਣੇ ਦੋ ਘੰਟਿਆਂ ਵਿੱਚ ਬੱਸ ਨਵਾਂ ਸ਼ਹਿਰ ਦੇ ਬੱਸ ਅੱਡੇ ਤੇ ਪਹੁੰਚ ਗਈ। ਉਹ ਬੱਸ ਤੋਂ ਉੱਤਰ ਕੇ ਬੱਸ ਅੱਡੇ ਤੋਂ ਬਾਹਰ ਆ ਕੇ ਸੇਬਾਂ ਵਾਲੀ ਰੇਹੜੀ ਕੋਲ ਰੁਕ ਗਿਆ ਤੇ ਸੇਬ ਵੇਚਣ ਵਾਲੇ ਨੂੰ ਪੁੱਛਿਆ,” ਸੇਬ ਕਿੱਦਾਂ ਕਿਲੋ ਆ?”
” ਵੈਸੇ 80 ਰੁਪਏ ਦੇ ਵੇਚੀ ਦੇ ਆ। ਚਲੋ ਤੁਹਾਨੂੰ 75 ਰੁਪਏ ਲਗਾ ਦਿੰਦੇ ਆਂ।” ਸੇਬ ਵੇਚਣ ਵਾਲੇ ਨੇ ਕਿਹਾ।
” ਚੱਲ ਫੇਰ ਦੋ ਕਿਲੋ ਦੇ ਦੇ।” ਉਸ ਨੇ ਆਖਿਆ।
ਸੇਬ ਵੇਚਣ ਵਾਲੇ ਨੇ ਕਾਲਾ ਲਿਫ਼ਾਫ਼ਾ ਲਿਆ ਤੇ ਉਸ ਵਿੱਚ ਸੇਬ ਪਾਣ ਹੀ ਲੱਗਾ ਸੀ ਕਿ ਜਗਜੀਤ ਸਿੰਘ ਨੇ ਉਸ ਤੋਂ ਲਿਫ਼ਾਫ਼ਾ ਫੜ ਲਿਆ ਤੇ ਛਾਂਟ, ਛਾਂਟ ਕੇ ਵਧੀਆ ਸੇਬ ਉਸ ਵਿੱਚ ਪਾਣ ਲੱਗਾ।
” ਲੈ ਬਈ, ਵੇਖ ਤਾਂ ਕਿੰਨੇ ਹੋ ਗਏ ਆ?” ਜਗਜੀਤ ਸਿੰਘ ਨੇ ਸੇਬਾਂ ਵਾਲਾ ਲਿਫ਼ਾਫ਼ਾ ਉਸ ਨੂੰ ਫੜਾਂਦਿਆਂ ਆਖਿਆ।
ਉਹ ਸੇਬ ਜੋਖਣ ਲੱਗ ਪਿਆ ਤੇ ਜਗਜੀਤ ਸਿੰਘ ਆਪਣਾ ਬਟੂਆ ਕੱਢ ਕੇ ਉਸ ਵਿੱਚੋਂ ਇੱਕ 100 ਰੁਪਏ ਦਾ ਅਤੇ ਇੱਕ 50 ਰੁਪਏ ਦਾ ਨੋਟ ਲੱਭਣ ਲੱਗ ਪਿਆ। ਉਸ ਨੇ ਦੋ ਕਿਲੋ ਸੇਬ ਜੋਖ ਕੇ ਕਾਲੇ ਲਿਫ਼ਾਫ਼ੇ ਨੂੰ ਦੋ, ਤਿੰਨ ਗੰਢਾਂ ਮਾਰ ਕੇ ਲਿਫ਼ਾਫ਼ਾ ਜਗਜੀਤ ਸਿੰਘ ਦੇ ਹੱਥ ਫੜਾ ਦਿੱਤਾ ਤੇ ਜਗਜੀਤ ਸਿੰਘ ਨੇ ਉਸ ਨੂੰ 150 ਰੁਪਏ ਦੇ ਦਿੱਤੇ। ਜਗਜੀਤ ਸਿੰਘ ਸੇਬਾਂ ਵਾਲੇ ਲਿਫ਼ਾਫ਼ੇ ਨੂੰ ਹੱਥ ਵਿੱਚ ਫੜ ਕੇ ਪਿੰਡ ਨੂੰ ਜਾਣ ਵਾਲੀ ਮਿੰਨੀ ਬੱਸ ਵਿੱਚ ਬੈਠ ਗਿਆ। ਛੇਤੀ ਹੀ ਬੱਸ ਚੱਲ ਪਈ ਅਤੇ ਵੀਹ ਮਿੰਟ ਵਿੱਚ ਉਸ ਦੇ ਪਿੰਡ ਪਹੁੰਚ ਗਈ। ਉਹ ਮਿੰਨੀ ਬੱਸ ਵਿੱਚੋਂ ਉੱਤਰ ਕੇ ਆਪਣੇ ਵੱਡੇ ਭਰਾ ਦੇ ਘਰ ਵੱਲ ਨੂੰ ਤੁਰ ਪਿਆ। ਘਰ ਪਹੁੰਚ ਕੇ ਉਸ ਨੇ ਲਿਫ਼ਾਫ਼ਾ ਆਪਣੇ ਭਤੀਜੇ ਦੇ ਹੱਥ ਫੜਾ ਦਿੱਤਾ ਅਤੇ ਆਪ ਵੱਡੇ ਭਰਾ ਤੇ ਭਰਜਾਈ ਕੋਲ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਬੈਠ ਗਿਆ। ਇੰਨੇ ਚਿਰ ਨੂੰ ਉਸ ਦੇ ਭਤੀਜੇ ਨੇ ਸੇਬਾਂ ਵਾਲੇ ਲਿਫ਼ਾਫ਼ੇ ਦੀਆਂ ਗੰਢਾਂ ਖੋਲ੍ਹ ਦਿੱਤੀਆਂ ਤੇ ਸਾਰੇ ਸੇਬ ਉਸ ਵਿੱਚੋਂ ਕੱਢ ਕੇ ਸਾਮ੍ਹਣੇ ਪਏ ਮੇਜ਼ ਤੇ ਰੱਖ ਦਿੱਤੇ। ਉਸ ਨੇ ਵੇਖਿਆ, ਸਾਰੇ ਸੇਬਾਂ ਵਿੱਚੋਂ ਤਿੰਨ ਸੇਬ ਹੀ ਵਧੀਆ ਸਨ ਤੇ ਬਾਕੀ ਸਾਰੇ ਗਲ਼ੇ ਹੋਏ ਸਨ। ਉਹ ਸੇਬ ਵੇਚਣ ਵਾਲੇ ਵੱਲੋਂ ਲਿਫ਼ਾਫ਼ਾ ਬਦਲਾਏ ਜਾਣ ਤੇ ਹੈਰਾਨ ਸੀ। ਉਹ ਸੋਚ ਰਿਹਾ ਸੀ ਕਿ ਇਹ ਤਾਂ ਉਸ ਦਾ ਆਪਣਾ ਘਰ ਸੀ, ਭਲਾ ਜੇ ਕਰ ਉਹ ਕਿਸੇ ਹੋਰ ਥਾਂ ਇਹੀ ਸੇਬ ਲੈ ਕੇ ਗਿਆ ਹੁੰਦਾ ਤਾਂ ਉਸ ਦਾ ਕੀ ਬਣਦਾ?
ਮਹਿੰਦਰ ਸਿੰਘ ਮਾਨ(ਮੁੱਖ ਅਧਿਆਪਕ)
ਪਿੰਡ ਤੇ ਡਾਕ ਰੱਕੜਾਂ ਢਾਹਾ
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਪਿੰਨ 145526
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly