ਪੇਟ ਦੀ ਭੁੱਖ

(ਸਮਾਜ ਵੀਕਲੀ)

ਮੈਂ ਬਹੁਤ ਖੁਸ਼ ਸੀ ਕਿਉਂਕਿ ਮੈਂ ਆਪਣੇ ਸਾਥੀਆਂ ਨਾਲ ਐਨ. ਸੀ. ਸੀ. ਦੇ ਰਾਸ਼ਟਰੀ ਕੈਂਪ ਲਈ ਕੇਰਲਾ ਜਾ ਰਿਹਾ ਸੀ । ਜਿੱਥੇ ਸਾਰੇ ਭਾਰਤ ਦੇ ਵਿਦਿਆਰਥੀਆਂ ਨੇ ਭਾਗ ਲੈਣਾ ਸੀ । ਮੇਰੇ ਤੋਂ ਇਲਾਵਾ ਪੰਜਾਬ ਦੇ ਕੁੱਲ ਦਸ ਵਿਦਿਆਰਥੀ ਇਹ ਕੈਂਪ ਲਗਾਉਣ ਜਾਂ ਰਹੇ ਸਨ। ਮੇਰੀ ਜ਼ਿੰਦਗੀ ਦਾ ਵਿਦਿਆਰਥੀ ਜੀਵਨ ਦਾ ਰੇਲਗੱਡੀ ਦੇ ਪਹਿਲੇ ਦਰਜੇ ਦਾ ਇਹ ਪਹਿਲਾ ਟੂਰ ਸੀ ਕਿਉਂਕਿ ਘਰ ਆਰਥਿਕ ਤੰਗੀ ਹੋਣ ਕਰਕੇ ਮੈਂ ਕਦੇ ਟੂਰ ਤੇ ਨਹੀਂ ਜਾ ਸਕਿਆ ਪਰ ਇਸ ਟੂਰ ਦਾ ਸਾਰਾ ਖਰਚ ਕਾਲਜ (ਕਿਰਾਇਆ ਤੇ ਖਾਣ ਪੀਣ ਦਾ ਰੋਜ਼ਾਨਾ ਖਰਚ)ਨੇ ਦਿੱਤਾ ਸੀ।

ਅਸੀਂ ਦਿੱਲੀ ਤੋਂ ਕੇਰਲਾ ਜਾਣ ਵਾਲੀ ਰੇਲਗੱਡੀ ਵਿੱਚ ਸਵਾਰ ਹੋਣਾ ਸੀ ਜਿਸ ਦਾ ਸਮਾਂ ਸੇਵਰੇ ਤਿੰਨ ਵਜੇ ਸੀ ਪਰ ਕੁੱਝ ਕਾਰਨਾਂ ਕਰਕੇ ਰੇਲਗੱਡੀ ਤਿੰਨ ਘੰਟੇ ਲੇਟ ਹੋ ਗਈ। ਅਸੀਂ ਸਾਰੇ ਸਾਥੀਆਂ ਨੇ ਰੇਲਗੱਡੀ ਵਿੱਚ ਆਪਣਾ ਸਮਾਨ ਧਰ ਸੀਟਾਂ ਮੱਲ ਲਈਆਂ। ਸਾਡੇ ਵਾਲੇ ਡੱਬੇ ਵਿੱਚ ਹੀ ਇਕ ਪੰਜਾਬ ਦਾ ਨੌਜਵਾਨ ਬੈਠਾ ਸੀ ਜੋ ਫੋਨ ਤੇ ਆਪਣੀ ਮਾਂ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ” ਮਾਂ ਫ਼ਿਕਰ ਨਾ ਕਰਿਆ ਕਰ ਮੈਂ ਠੀਕ ਹਾਂ ਸਭ ਕੁੱਝ ਖਾਸ ਲਵਾਂਗਾਂ “।

ਸਾਡੇ ਪੁੱਛਣ ਤੇ ਉਸ ਨੇ ਦੱਸਿਆ ਕਿ ਉਹ ਨੇਵੀ ਵਿੱਚ ਅਫਸਰ ਹੈ , ਪਿੰਡ ਮਾਂ ਇੱਕਲੀ ਹੈ । ਅਸੀਂ ਸਾਰਿਆਂ ਨੇ ਇੱਕੋ ਅਵਾਜ਼ ਚ ਕਿਹਾ “ਫਿਰ ਤਾਂ ਵੀਰ ਮੌਜਾਂ ਨੇ ਤੇਰੀਆਂ “।

” ਮੋਜਾਂ ਕਾਹਦੀਆਂ ਭਰਾਵੋ, ਇਹ ਪੇਟ ਦੀ ਭੁੱਖ ਐ ਜੋ ਘਰ-ਵਾਰ ਛੱਡ ਬਾਹਰ ਨੋਕਰੀ ਕਰਨੀ ਪੈਂਦੀ ਹੈ, ਇੱਕ ਵਾਰ ਸੁਮੰਦਰ ਵਿੱਚ ਜਹਾਜ ਲੈ ਤੁਰ ਜਾਈਦਾ ਫਿਰ ਸੱਤ ਅੱਠ ਮਹੀਨਿਆਂ ਬਾਅਦ ਵਾਪਸ ਆਈਦਾ।

” ਫੇਰ ਤਾਂ ਵੀਰ ਸੱਚੀ ਔਖਾ ਹੀ ਆ”।

ਅਸੀਂ ਗੱਲਾਂ ਚ ਮਸਤ ਸੀ ਅਚਾਨਕ ਸਾਡੇ ਕੰਨੀ ਉੱਚੀ ਜਿਹੀ

” ਆਜ ਕੀ ਤਾਜ਼ਾ ਖ਼ਬਰ- ਆਜ ਕੀ ਤਾਜ਼ਾ ਖਬਰ” ਦੀ ਅਵਾਜ਼ ਸੁਣਾਈ ਦਿੱਤੀ ਤੇ ਸਾਡੇ ਸਾਰਿਆਂ ਦਾ ਧਿਆਨ ਉਸ ਨਿੱਕੇ ਜਿਹੇ ਬੱਚੇ ਤੇ ਪਿਆ ਜੋ ਅਖ਼ਬਾਰ ਵੇਚ ਰਿਹਾ ਸੀ ਤੇ ਬੋਲ ਰਿਹਾ ਸੀ ” ਆਜ ਕੀ ਤਾਜ਼ਾ ਖ਼ਬਰ-ਆਜ ਕੀ ਤਾਜ਼ਾ ਖਬਰ, ਬੰਬੇ ਮੈਂ ਸੁਪਰਸਟਾਰ ਕੀ ਹੱਤਿਆ, ਦਿੱਲੀ ਮੈਂ ਬੰਬ ਧਮਾਕਾ, ਸਾਨੀਆ ਮਿਰਜ਼ਾ ਨੇ ਜੀਤਾ ਉਲਾਪਿੰਕ ਮੈਡਲ , …..ਇੱਕੋ ਸਾਹ ਢੇਰ ਸਾਰੀਆਂ ਖਬਰਾਂ ਬੋਲ ਗਿਆ। ਅਸੀਂ ਵੀ ਉਸ ਦੇ ਬੋਲਾਂ ਤੋਂ ਪ੍ਰਭਾਵਿਤ ਹੋ ਅੱਠ-ਦਸ ਵੱਖੋ-ਵੱਖਰੇ ਅਖ਼ਬਾਰ ਖਰੀਦ ਲਏ। ਪੜਨ ਤੇ ਪਤਾ ਲੱਗਾ ਜੋ ਬੱਚੇ ਨੇ ਬੋਲਿਆ ਸੀ ਉਹੋ ਜਿਹਾ ਅਖਬਾਰ ਵਿੱਚ ਕੁੱਝ ਵੀ ਨਹੀਂ ਸੀ।

ਸਾਡੀ ਗੱਡੀ ਦੇ ਚੱਲਣ ਦਾ ਸਮਾਂ ਕੁੱਝ ਬਾਕੀ ਹੋਣ ਕਰਕੇ ਅਸੀਂ ਸਟੇਸ਼ਨ ਤੇ ਚਾਹ ਪੀਣ ਲੱਗ ਗਏ, ਮੇਰੀ ਚਾਹ ਪੀਂਦਿਆਂ ਨਿਗਾਹ ਉਸ ਅਖ਼ਬਾਰ ਵੇਚਣ ਵਾਲੇ ਬੱਚੇ ਤੇ ਪੈ ਗਈ ਜੋ ਬੈਂਚ ਤੇ ਬੈਠਾ ਪੈਸੇ ਗਿਣ ਰਿਹਾ ਸੀ, ਮੇਰੇ ਤੋਂ ਰਿਹਾ ਨਾ ਗਿਆ ਮੈਂ ਉਸ ਕੋਲ ਚਲਾ ਗਿਆ ਤੇ ਜਾ ਬੱਚੇ ਨੂੰ ਪੁੱਛਿਆ ਕਿ ” ਜੋ ਤੂੰ ਬੋਲਿਆ ਸੀ ਉਹ ਤਾਂ ਅਖ਼ਬਾਰਾਂ ਵਿੱਚ ਕੁੱਝ ਵੀ ਨਹੀਂ ਸੀ, ਤੂੰ ਝੂਠ ਬੋਲਿਆ”।

” ਬਾਬੂ ਜੀ ਇਹ ਸਭ ਪੇਟ ਦੀ ਭੁੱਖ ਲਈ ਕਰਨਾ ਪੈਂਦਾ , ਕਿਸ ਦਾ ਜੀਅ ਕਰਦਾ ਝੂਠ ਬੋਲਣ ਨੂੰ , ਨੇਤਾ ਲੋਕ ਤਾਂ ਝੂਠ ਮਾਰ-ਮਾਰ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਦੇ ਪੇਟ ਦੀ ਭੁੱਖ ਮਿਟਾ ਦਿੰਦੇ ਨੇ , ਇਹ ਝੂਠ ਤਾਂ ਮੈਂ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਹੀ ਬੋਲਿਆ………………”। ਬੱਚਾ ਨੇ ਪੈਸੇ ਗਿਣਦੇ ਗਿਣਦੇ ਜਵਾਬ ਦਿੱਤਾ।

ਬੱਚੇ ਦੇ ਕਹੇ ਬੋਲ ਮੈਨੂੰ ਸੱਚ ਪ੍ਰਤੀਤ ਹੋਏ, ਤੇ ਮੇਰੇ ਤੋਂ ਆਪਣਾ ਆਪ ਸੰਭਾਲ ਨਾ ਹੋਇਆ। ਏਨੇ ਨੂੰ ਸਾਡੀ ਰੇਲਗੱਡੀ ਦਾ ਹਾਰਨ ਵੱਜਿਆ ਤੇ ਅਸੀਂ ਭੱਜ ਕੇ ਆਪਣੇ ਵਾਲੇ ਡੱਬੇ ਚ ਚੜ ਗਏ , ਪਰ ਮੇਰਾ ਧਿਆਨ ਹਾਲੇ ਵੀ ਉਸ ਬੱਚੇ ਦੀਆਂ ਕਹੀਆਂ ਗੱਲਾਂ ਵੱਲ ਹੀ ਸੀ ਕਿ ਕੋਈ ਪੇਟ ਦੀ ਭੁੱਖ ਮਿਟਾਉਣ ਲਈ ਕਮਾਉਂਦਾ ਤੇ ਕੋਈ ਆਪਣੀਆਂ ਪੀੜ੍ਹੀਆਂ ਦੇ ਪੇਟ ਦੀ ਭੁੱਖ ਮਿਟਾਉਣ ਲਈ। ਵਾਹ ਉਹ ਰੱਬਾ ਤੇਰੇ ਰੰਗ ਤੂੰ ਹੀ ਜਾਣੇ।

ਅਸਿ. ਪ੍ਰੋ. ਗੁਰਮੀਤ ਸਿੰਘ

 

 

 

 

 

 

ਸਰਕਾਰੀ ਕਾਲਜ ਮਾਲੇਰਕੋਟਲਾ
9417545100

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੋਚਣਾ ਤਾਂ ਬਣਦੈ!
Next articleਸ਼ੁਭ ਸਵੇਰ ਦੋਸਤੋ,