ਪੰਜਾਬੀ ਨੂੰ ਹਰ ਸਰਕਾਰੀ ਤੇ ਗੈਰ-ਸਰਕਾਰੀ ਮਹਿਕਮੇ ਵਿੱਚ ਵੀ ਜ਼ੋਰ ਨਾਲ ਲਾਗੂ ਕਰਨਾ ਚਾਹੀਦਾ ਹੈ- ਧਾਲੀਵਾਲ, ਚੰਦੀ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬੀ ਮਾਂ-ਬੋਲੀ ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਉੱਘੇ ਲੇਖਕ ਅਤੇ ਪ੍ਰਵਾਸੀ ਭਾਰਤੀ ਮਾਸਟਰ ਅਜੀਤ ਸਿੰਘ ਅਤੇ ਨਰਿੰਦਰ ਸਿੰਘ ਸੋਨੀਆ ਨੇ ਕਿਹਾ ਕਿ ਮਾਨ ਸਰਕਾਰ ਨੇ ਆਪਣੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨ ਵਾਲੇ ਬਿਆਨ ਦਾ ਸਵਾਗਤ ਕਰਦੇ ਹੈ। ਪਰ ਕਿਤੇ ਇਹ ਕਾਰਜ ਸਿਰਫ਼ ਐਲਾਨ ਤੱਕ ਹੀ ਸੀਮਿਤ ਨਾ ਰਹਿ ਜਾਵੇ ਕਿਉਕਿ ਸਰਦਾਰ ਲੱਛਮਣ ਸਿੰਘ ਗਿੱਲ ਵੱਲੋ ਅਤੇ ਉਸ ਤੋਂ ਬਾਅਦ ਵੀ ਅਨੇਕਾਂ ਵਾਰ ਇਹ ਐਲਾਨ ਹੋਏ ਹਨ। ਇਸ ਮੌਕੇ ਨਰਿੰਦਰ ਸਿੰਘ ਸੋਨੀਆ ਨੇ ਚਰਚਾ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਸਾਬਕਾ ਮੰਤਰੀ ਡਾਕਟਰ ਉਪਿੰਦਰਜੀਤ ਕੌਰ ਨੇ ਮਾਤ ਭਾਸ਼ਾ ਕਨੂੰਨ ਬਣਾਇਆ ਸੀ ਜਿਸ ਸਜ਼ਾਵਾਂ ਵੀ ਨਿਰਧਾਰਿਤ ਕੀਤੀਆਂ ਅਤੇ ਜ਼ਿਲ੍ਹਾ ਪੱਧਰ ਤੇ ਕਨੂੰਨ ਲਾਗੂ ਕਰਾਉਣ ਵਾਸਤੇ ਕਮੇਟੀ ਦਾ ਵੀ ਗਠਨ ਕੀਤਾ। ਲੇਕਿਨ ਸਰਕਾਰ ਬਦਲਣ ਤੇ ਇਸ ਕਾਰਜ ਨੂੰ ਅਮਲੀ ਜਾਮਾ ਨਹੀਂ ਪੈਣ ਦਿੱਤਾ ਗਿਆ। ਉਹਨਾਂ ਕਿਹਾ ਕਿ ਪੰਜਾਬੀ ਪ੍ਰੇਮੀਆਂ ਅਤੇ ਅਗਾਂਹ ਵਧੂ ਤਾਕਤਾਂ ਨੂੰ ਲਗਾਤਾਰ ਇਸ ਵਾਸਤੇ ਮੁਹਿੰਮ ਚਲਾਉਣ ਦੀ ਲੋੜ ਹੈ।ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ ਨੇ ਇਸ ਬਿਆਨ ਦੀ ਪ੍ਰੋੜਤਾ ਕੀਤੀ ਅਤੇ ਸਰਕਾਰ ਨੂੰ ਬੇਨਤੀ ਕੀਤੀ ਕਿ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿਚ ਵੀ ਮਾਂ-ਬੋਲੀ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਵਾਸਤੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਇਸ ਮੌਕੇ ਮੁਖਤਿਆਰ ਸਿੰਘ ਚੰਦੀ ਨੇ ਕਿਹਾ ਕਿ ਅੱਜ ਪੰਜਾਬ ਵਿਚ ਬਹੁ ਗਿਣਤੀ ਅਫਸਰ ਗੈਰ ਪੰਜਾਬੀ ਹਨ ਅਤੇ ਉਹਨਾਂ ਨੂੰ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਉਪਰ ਤੋ ਲੈਕੇ ਹੇਠਲੇ ਪੱਧਰ ਤੱਕ ਪੰਜਾਬੀ ਮਾਂ-ਬੋਲੀ ਨੂੰ ਲਾਗੂ ਕੀਤਾ ਜਾ ਸਕੇ। ਹਰ ਮਹਿਕਮੇ ਵਿੱਚ ਪਹਿਲਾ ਸਥਾਨ ਮਾਂ ਬੋਲੀ ਨੂੰ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਕੂਲੀ ਜੀਵਨ ਵਿਚ ਵਿਦਿਆਰਥੀ ਦੇ ਸਿੱਖਣ ਦੀ ਪ੍ਰਕ੍ਰਿਆ ਦੌਰਾਨ ਸਾਰੇ ਵਿਸ਼ਿਆ ਦਾ ਆਪਣਾ ਹੀ ਮਹੱਤਵ ਹੁੰਦਾ ਹੈ। ਮਾਂ ਬੋਲੀ ਪੰਜਾਬੀ ਦਾ ਵਿਸ਼ਾ ਇਸ ਕਰਕੇ ਜ਼ਿਆਦਾ ਮਹੱਤਵਪੂਰਨ ਬਣ ਜਾਂਦਾ ਹੈ, ਕਿਉਂਕਿ ਵਿਦਿਆਰਥੀ ਜਿੰਨਾ ਜਲਦੀ, ਸੌਖ ਜਾਂ ਸਹਿਜਤਾ ਨਾਲ ਆਪਣੀ ਮਾਤ ਭਾਸ਼ਾ ਵਿੱਚ ਗਿਆਨ ਹਾਸਿਲ ਕਰ ਸਕਦਾ ਹੈ, ਉਹ ਦੂਜੀਆਂ ਭਾਸ਼ਾਵਾਂ ਵਿਚ ਨਹੀਂ ਕਰ ਸਕਦਾ। ਉਦਾਹਰਨ ਵਜੋਂ ਭਾਰਤ ਦੇ ਦੱਖਣ ਦੇ ਸੂਬਿਆਂ ਨੇ ਆਪਣੀ ਮਾਤ ਭਾਸ਼ਾ ਵਿੱਚ ਹਰ ਦੀ ਵਿਦਿਆ ਦਿੱਤੀ ਹੈ।
ਉਹਨਾਂ ਕਿਹਾ ਕਿ ਆਪਾ ਦੇਖ ਸਕਦੇ ਹਾਂ ਕਿ ਚੀਨ ਵਿਚ ਚੀਨੀ ਭਾਸ਼ਾ ਦੀ ਵਰਤੋਂ ਗਿਆਨ ਦੇ ਪ੍ਰਸਾਰ ਲਈ ਕੀਤੀ ਜਾਂਦੀ ਹੈ। ਚੀਨੀਆਂ ਦਾ ਬੋਧਿਕ ਪੱਖ ਮਜ਼ਬੂਤ ਹੋਣ ਕਾਰਨ ਚੀਨ ਅੱਜ ਦੁਨੀਆਂ ਦੀ ਮਹਾਂਸ਼ਕਤੀ ਹੈ। ਸੋ ਜੇਕਰ ਪੰਜਾਬ ਦਾ ਵਿਦਿਆਰਥੀ ਪੰਜਾਬੀ ਭਾਸ਼ਾ ਵਿਚ ਨਿਪੁੰਨ ਹੋਵੇਗਾ ਤਾਂ ਉਹ ਹਿਸਾਬ, ਵਿਗਿਆਨ ਤੇ ਸਮਾਜਿਕ ਵਿਗਿਆਨ ਵਰਗੇ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਦਾ ਗਿਆਨ ਸੌਖੇ ਤਰੀਕੇ ਨਾਲ ਪ੍ਰਾਪਤ ਕਰ ਸਕੇਗਾ। ਇਸ ਮੌਕੇ ਚਰਨ ਸਿੰਘ ਹੈਬਤਪੁਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਦੇ ਵਿਕਾਸ ਅਤੇ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋ ਕਦਮ ਚੁੱਕੇ ਜਾਣੇ ਚਾਹੀਦੇ ਹਨ ਅਤੇ ਨਾਲ ਹੀ ਸਿੱਖ ਤੇ ਪੰਜਾਬੀ ਸੰਸਥਾਵਾਂ ਵੱਲੋ ਵੀ ਇਸ ਗੱਲ ਤਰਫ਼ ਵਿਸ਼ੇਸ ਧਿਆਨ ਦੇਣ ਦੀ ਲੋੜ ਹੈ।
ਇਸ ਮੌਕੇ ਮਾਸਟਰ ਸੁੱਚਾ ਸਿੰਘ ਮਿਰਜ਼ਾ ਪੁਰ , ਡਾਕਟਰ ਸਵਰਨ ਸਿੰਘ ਪ੍ਰਧਾਨ ਸਾਹਿਤ ਸਭਾ, ਡਾਕਟਰ ਹਰਜੀਤ ਸਿੰਘ, ਉੱਘੀ ਕਵਿਤਰੀ ਕੁਲਵਿੰਦਰ ਕੰਵਲ, ਬਲਵੀਰ ਸ਼ੇਰਪੁਰੀ, ਸੰਤ ਸਿੰਘ ਸੰਧੂ,ਗੁਰਚਮਨ ਲਾਲ ਆਦਿ ਹਾਜ਼ਿਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly