(ਸਮਾਜ ਵੀਕਲੀ)
“ਦਾਦਾ ਜੀ ਅੰਬਾ ਆਲਿਆਂ ਦਾ ਕਰਮਾ ਵੀਰਾ ਕਹਿੰਦਾ ਸੀ ਕਿ ਉਸਨੇ ਆਪਣੇ ਬਾਪੂ ਨਾਲ ਕੱਲ ਫਤਿਹ ਗੜ੍ਹ ਸਾਹਿਬ ਸਭਾ ਤੇ ਜਾਣਾ ਹੈ— ਦਾਦਾ ਜੀ ਮੈਨੂੰ ਵੀ ਲੈ ਚੱਲੋ ਸਭਾ ਤੇ”। “ਲੈ ਤਾਂ ਮੈਂ ਤੈਨੂੰ ਜਾਵਾਂਗਾ ਪਰ ਮੱਲਾ ਤੈਨੂੰ ਪਤੈ ਵੀ ਹੈ ਕਿ ਸਭਾ ਕੀ ਹੁੰਦੀ ਹੈ।” ” ਨਹੀਂ ਦਾਦਾ ਜੀ”। “ਮੈਂ ਦਸਦੈਂ , ਉਹ ਫੋਟੋ ਵੇਖ ਰਿਹਾ — ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ –ਇਹਨਾ ਦੇ ਦੋ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਹਿ ਸਿੰਘ ਜੀ ਨੂੰ ਨਵਾਬ ਵਜ਼ੀਰ ਖਾਂ ਨੇ ਸਰਹਿੰਦ ਵਿਖੇ ਨ੍ਹੀਹਾਂ ਵਿੱਚ ਚਿਣਵਾ ਦਿੱਤਾ ਸੀ ਤੇ ਉਹ ਸ਼ਹੀਦ ਹੋ ਗਏ ਸਨ। ਉਹਨਾਂ ਦੀ ਯਾਦ ਵਿੱਚ ਸਭਾ ਹੁੰਦੀ ਹੈ।
ਮੈਂ ਤੈਨੂੰ ਸਾਕਾ ਸਰਹਿੰਦ ਦੀ ਪੂਰੀ ਕਹਾਣੀ ਦੱਸਦਾ ਹਾਂ—- ਰਸੋਈਏ ਗੰਗੂ ਬ੍ਰਾਹਮਣ ਨੇ ਕੁਝ ਕੁ ਮੋਹਰਾਂ ਬਦਲੇ, ਮੋਹਰਾਂ ਪੈਸਿਆਂ ਨੂੰ ਕਹਿੰਦੇ ਹਨ, ਦੋਨੋਂ ਸਹਿਬਜ਼ਾਦਿਆਂ ਤੇ ਉਹਨਾਂ ਦੀ ਦਾਦੀ ਦੀ ਖ਼ਬਰ ਨਵਾਬ ਨੂੰ ਦੇ ਦਿੱਤੀ।ਨਵਾਬ ਨੇ ਉਹਨਾਂ ਨੂੰ ਫੜ ਲਿਆ ਤੇ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗਾ।ਕਹਿਣ ਲੱਗਾ ਕਿ ਤੁਸੀਂ ਮੁਸਲਮਾਨ ਬਣ ਜਾਓ ਮੈਂ ਤੁਹਾਨੂੰ ਛੱਡ ਦਿਆਂਗਾ ਨਹੀਂ ਤਾਂ ਮੋਤ ਦੇ ਘਾਟ ਉਤਾਰ ਦੇਵਾਂਗਾ– ਪਰ ਸਹਿਬਜ਼ਾਦਿਆਂ ਨੇ ਕਿਹਾ ਕਿ ਅਸੀਂ ਅਪਣਾ ਧਰਮ ਨਹੀਂ ਛੱਡ ਸਕਦੇ, ਤੁਸੀਂ ਜੋ ਸਜ਼ਾ ਦੇਵੋਗੇ ਸਾਨੂੰ ਕਬੂਲ ਹੈ।”ਦਾਦਾ ਜੀ ਫੇਰ ਉਹਨਾਂ ਨੂੰ ਸਜ਼ਾ ਦਿੱਤੀ।”
“ਮੱਲਾ ਉਸ ਜ਼ਾਲਮ ਵਜ਼ੀਰ ਖਾਂ ਨੇ ਤੇਰੀ ਉਮਰ ਦੇ ਨਿੱਕੇ ਬੱਚਿਆਂ ਨੂੰ ਨ੍ਹੀਹਾਂ ਵਿੱਚ ਚਿਣਵਾ ਦਿੱਤਾ ਗਿਆ ਪਰ ਦੋਨਾਂ ਵਿਚੋਂ ਕੋਈ ਵੀ ਡੋਲਿਆ ਨਹੀਂ, ਕੁਰਲਾਇਆ ਨਹੀਂ–ਜਦੋਂ ਉਹਨਾਂ ਨੂੰ ਨ੍ਹੀਹਾਂ ਵਿੱਚ ਖੜਾ ਕੀਤਾ ਗਿਆ ਤਾਂ ਨਿੱਕੇ ਸਹਿਬਜ਼ਾਦੇ ਨੇ ਪੁੱਛਿਆ ਕਿ ਵੀਰ ਜੀ ਇਹ ਕੀ ਕਰ ਰਹੇ ਨੇ, ਤਾਂ ਵੱਡੇ ਨੇ ਕਿਹਾ ਕਿ ਇਹ ਸਾਡਾ ਇਮਤਿਹਾਨ ਲੈ ਰਹੇ ਹਨ, ਇਸ ਵਿਚ ਆਪਾਂ ਫਤਿਹ ਪਾਉਣੀ ਹੈ—-ਆਪਾਂ ਹੱਥ ਜੋੜ ਅਰਦਾਸ ਕਰਨੀ ਹੈ, ਮੈਂ ਅੱਗੇ ਅੱਗੇ ਬੋਲੀ ਜਾਵਾਂਗਾ ਤੇ ਤੂੰ ਪਿੱਛੇ ਪਿੱਛੇ ਬੋਲੀ ਜਾਵੀਂ।
ਕੰਧ ਉਸੱਰਨੀ ਸ਼ੁਰੂ ਹੋ ਗਈ ਵੱਡੇ ਨੇ ਕਿਹਾ ੧ਓ , ਨਿੱਕੇ ਨੇ ਪਿੱਛੇ ਕਿਹਾ ੧ਓ ਕੰਧ ਨਿੱਕੇ ਦੀ ਵੱਖੀ ਤੱਕ ਆ ਗੲੀ —ਵੱਡੇ ਨੇ ਕਿਹਾ ਸਤਿਨਾਮ– ਨਿੱਕੇ ਨੇ ਜਵਾਬ ਦਿੱਤਾ ਸਤਿਨਾਮ , ਕੰਧ ਨਿੱਕੇ ਦੇ ਗਲ ਤੱਕ ਆ ਗੲੀ, ਵੱਡੇ ਨੇ ਕਿਹਾ-ਕਿਵੁ ਸਚਿਆਰਾ ਹੋਈਏ , ਪਿੱਛੋਂ ਹੋਲੀ ਜਿਹੀ ਆਵਾਜ਼ ਆਈ–ਕਿਵੁ ਸਚਿਆਰਾ ਹੋਈਏ, ਕੰਧ ਹੋਰ ਉੱਚੀ ਹੋ ਗਈ, ਨਿੱਕੇ ਦਾ ਸਿਰ ਦਿਸਨਾ ਬੰਦ ਹੋ ਗਿਆ, ਵੱਡੇ ਨੇ ਕਿਹਾ–ਕਿਵੁ ਕੂੜੈ ਤੁਟੈ ਪਾਲੁ—-ਉੱਚੀ ਆਵਾਜ਼ ਵਿੱਚ ਕਿਹਾ–ਕਿਵੁ ਕੂੜੈ ਤੁਟੈ ਪਾਲੁ —ਪਰ ਕੋਈ ਜਵਾਬ ਨਹੀਂ ਆਇਆ—–ਕਿਵੁ ਕੂੜੈ ਤੁਟੈ ਪਾਲੁ——-ਕਿਵੁ ਕੂੜੈ ਤੁਟੈ ਪਾਲੁ ——– ਤੇ ਇਹ ਸ਼ਬਦ ਵੰਗਾਰ ਬਣ ਕੇ ਸਰਹਿੰਦ ਸ਼ਹਿਰ ਦੀ ਫਿਜ਼ਾ ਵਿਚ ਸਮਾ ਗਏ——–!”
ਸੂਰੀਆ ਕਾਂਤ ਵਰਮਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly