(ਸਮਾਜ ਵੀਕਲੀ) ਅਜੋਕੇ ਪਦਾਰਥਵਾਦ ਦੇ ਯੁੱਗ ਵਿੱਚ ਮਨੁੱਖ ਸਦੈਵ ਆਪਣੇ ਆਪ ਨੂੰ ਦੁਨਿਆਵੀ ਚਿੰਤਾਵਾਂ ਵਿੱਚ ਕੈਦ ਮਹਿਸੂਸ ਕਰਦਾ ਹੈ। ਇਹ ਚਿੰਤਾਵਾਂ ਸਰੀਰਿਕ ਕਸ਼ਟ ਦੇ ਨਾਲ ਨਾਲ ਮਾਨਸਿਕ ਪੀੜਾ ਵੀ ਵਧਾਉਂਦੀਆਂ ਹਨ। ਇਸ ਸਬੰਧੀ ਗੁਰਬਾਣੀ ਮਨੁੱਖ ਨੂੰ ਸਟੀਕ ਸੇਧ ਪ੍ਰਦਾਨ ਕਰਦੀ ਹੈ। ਗੁਰਬਾਣੀ ਵਿੱਚ ਦਰਜ ਹੈ
ਨਾਨਕ ਚਿੰਤਾ ਮਤਿ ਕਰਹੁ
ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ
ਤਿਨਾ ਭਿ ਰੋਜੀ ਦੇਇ ॥
ਉਪਰੋਕਤ ਸ਼ਬਦ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ੯੫੫ ਉੱਪਰ ਅੰਕਿਤ ਹੈ। ਇਹ ਸ਼ਬਦ ਸਿੱਖ ਧਰਮ ਦੀਆਂ ਸਭ ਤੋਂ ਡੂੰਘੀਆਂ ਤੇ ਮਹੱਤਵਪੂਰਨ ਸਿੱਖਿਆਵਾਂ ਪ੍ਰਦਾਨ ਕਰਦਾ ਹੈ। ਗੁਰਬਾਣੀ ਦਾ ਉਪਰੋਕਤ ਸ਼ਬਦ ਜੀਵਨ ਦੀ ਸੋਚ, ਦ੍ਰਿਸ਼ਟੀਕੋਣ ਅਤੇ ਜੀਵਨ ਜੀਉਣ ਦਾ ਤਰੀਕਾ ਹੈ।
ਇਸ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਾਂ ਨੂੰ ਸਮਝਾ ਰਹੇ ਹਨ ਕਿ ਉਸ ਨੂੰ ਵਿਅਰਥ ਦੀ ਚਿੰਤਾ ਛੱਡ ਦੇਣੀ ਚਾਹੀਦੀ ਹੈ। ਗੁਰੂ ਸਾਹਿਬ ਫਰਮਾਉਂਦੇ ਹਨ ਕਿ ਜੋ ਸੰਸਾਰ ਦਾ ਰਚਨਹਾਰ ਹੈ ਚਿੰਤਾ ਕਰਨੀ ਉਸ ਦਾ ਕਾਰਜ ਨਾ ਕੀ ਮਨੁੱਖ ਦਾ। ਸੁੱਖਾਂ ਦੀ ਮਣੀ ਸ੍ਰੀ ਸੁਖਮਨੀ ਸਾਹਿਬ ਵਿੱਚ ਗੁਰੂ ਅਰਜੁਨ ਦੇਵ ਸਾਹਿਬ ਫਰਮਾਉਂਦੇ ਹਨ ਕਿ
ਕਰਨ ਕਰਾਵਨ ਆਪੇ ਆਪਿ ।।
ਸਦਾ ਸਦਾ ਨਾਨਕ ਹਰਿ ਜਾਪਿ।।
ਗੁਰੂ ਨਾਨਕ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ “ਚਿੰਤਾ” ਕਰਨੀ ਇਨਸਾਨ ਦੇ ਅਧਿਕਾਰ ਖੇਤਰ ਦਾ ਹਿੱਸਾ ਨਹੀਂ ਕਿਉਂਕਿ ਇਨਸਾਨ ਕਿਸੇ ਵੀ ਚੀਜ਼ ਦਾ ਰਚੇਤਾ ਨਹੀਂ ਅਤੇ ਨਾ ਹੀ ਉਹ ਪ੍ਰਭੂ ਦੀ ਆਗਿਆ ਤੋਂ ਬਿਨਾਂ ਕੋਈ ਕਾਰਜ ਉਲੀਕ, ਆਰੰਭ ਜਾਂ ਸਮਾਪਤ ਨਹੀ ਕਰ ਸਕਦਾ ਹੈ। ਜਿਸ ਪ੍ਰਭੂ ਨੇ ਸਮੁੱਚੇ ਜਗਤ ਦੇ ਵਿੱਚ ਜੀਵਾਂ ਨੂੰ ਪ੍ਰਾਣਾਂ ਦੀ ਦਾਤ ਬਖਸ਼ਿਸ਼ ਕੀਤੀ ਹੈ ਜੋ ਉਹਨਾਂ ਜੀਵਾਂ ਨੂੰ ਹਰ ਤਰ੍ਹਾਂ ਦੇ ਵਾਤਾਵਰਨ ਵਿੱਚ ਰਿਜ਼ਕ ਪ੍ਰਦਾਨ ਕਰਦਾ ਹੈ ਉਹੀ ਅਕਾਲ ਪੁਰਖ ਸਭ ਦੀ ਚਿੰਤਾ ਦਾ ਅਸਲ ਹੱਕਦਾਰ ਹੈ।
ਇਨਸਾਨ ਨੂੰ ਵਿਅਰਥ ਦੀ ਚਿੰਤਾ ਦਾ ਕਾਰਜ ਛੱਡ ਕੇ ਸਿਰਫ ਆਪਣਾ ਕਰਮ ਕਰਨਾ, ਸਬਰ ਸੰਤੋਖ ਨਾਲ ਨਿਆਇਕ ਜੀਵਨ ਜੀਉਣਾ ਹੈ। ਪਦਾਰਥਵਾਦੀ ਸੰਸਾਰ ਦੇ ਵਿੱਚ ਇਨਸਾਨ ਚਿੰਤਾਵਾਂ ਵਿੱਚ ਗ੍ਰਸਤ ਹੋਇਆ ਆਪਣੇ ਆਤਮਿਕ ਸੁੱਖ ਦੇ ਪੈਂਡੇ ਤੋਂ ਭਟਕ ਜਾਂਦਾ ਹੈ ਅਤੇ ਡਰ, ਚਿੰਤਾ ਤੇ ਬੇਚੈਨੀ ਭਰਿਆ ਜੀਵਨ ਬਤੀਤ ਕਰਨ ਲਈ ਮਜ਼ਬੂਰ ਹੋ ਜਾਂਦਾ ਹੈ।
ਅਸਲ ਚਿੰਤਾ ਕਿਸ ਦੀ?
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥
ਜਦੋਂ ਇਨਸਾਨ ਦੇ ਆਪਣੇ ਹੱਥ ਵੱਸ ਕੁਝ ਹੈ ਹੀ ਨਹੀਂ ਅਤੇ ਨਾ ਹੀ ਉਹ ਆਪਣੀ ਮਰਜ਼ੀ ਨਾਲ ਕੁਝ ਕਰ ਸਕਦਾ ਹੈ ਤਾਂ ਉਸ ਦੀ ਚਿੰਤਾ ਕਰਨੀ ਵਿਅਰਥ ਹੈ। ਅਕਾਲ ਪੁਰਖ ਸਮੁੱਚੀ ਕਾਇਨਾਤ ਦਾ ਰਚਨਹਾਰ ਹੈ ਅਤੇ ਪ੍ਰਭੂ ਦੀ ਆਗਿਆ ਨਾਲ ਹੀ ਉਹ ਸਾਰੀ ਕਾਇਨਾਤ ਨੂੰ ਪਾਲਦਾ ਹੈ। ਅਕਾਲ ਪੁਰਖ ਨੇ ਜੀਵਾਂ ਤੇ ਦਇਆ ਕਰਦਿਆਂ ਉਹਨਾਂ ਦੀ ਰੋਜ਼ੀ-ਰੋਟੀ ਦਾ ਬੰਦੋਬਸਤ ਆਪਣੇ ਹੁਕਮਾਂ ਮੁਤਾਬਕ ਕੀਤਾ ਹੋਇਆ ਹੈ। ਕੁਦਰਤ ਦੇ ਹੁਕਮ ਮੁਤਾਬਕ ਹੀ ਦਿਨ ਅਤੇ ਰਾਤ ਦਾ ਚੱਕਰ ਨਿਰੰਤਰ ਚੱਲ ਰਿਹਾ ਹੈ। ਸੰਸਾਰ ਦੀਆਂ ਸਮੁੱਚੀਆਂ ਰੁੱਤਾਂ ਵੀ ਉਸ ਦੇ ਹੁਕਮ ਮੁਤਾਬਕ ਹੀ ਆਪਣੀ ਚਾਲ ਚੱਲਦੀਆਂ ਹਨ। ਹਰ ਜੀਵ ਦੇ ਮਨ ਦੀ ਆਸ ਪੂਰੀ ਕਰਨ ਵਾਲਾ ਵੀ ਉਹ ਆਪ ਖੁਦ ਪ੍ਰਭੂ ਪਿਤਾ ਹੈ। ਇਨਸਾਨ ਅਕਸਰ ਆਪਣੀ ਹੱਦ ਤੋਂ ਵੱਧ ਸੋਚ ਕੇ ਥੱਕ ਹਾਰ ਕੇ ਹੰਭ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ ਜਦ ਰੱਬ ਨੇ ਸਾਨੂੰ ਰਚਿਆ ਹੈ ਤਾ ਫਿਰ ਉਹ ਸਾਡੀ ਸੰਭਾਲ ਕਰੇਗਾ।
ਮਾਨਸਿਕ ਤਣਾਅ ਦਾ ਇਲਾਜ
ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥
ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥
ਅੱਜ ਲੋਕਾਂ ਨੂੰ ਡਰ,ਚਿੰਤਾ,ਤਣਾਅ ਅਤੇ ਫਿਕਰਾਂ ਨੇ ਘੇਰ ਲਿਆ ਹੈ। ਅੱਜ ਦੇ ਸੁਚੇਤ ਮਨੁੱਖ ਦੀ ਮੂਲ ਸਮੱਸਿਆ ਇਹ ਹੈ ਕਿ ਉਹ ਹਮੇਸ਼ਾ ਭਵਿੱਖ ਦੇ ਡਰ ਵਿੱਚ ਜੀਉਂਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਮਨੁੱਖਾਂ ਨੂੰ ਭਵਿੱਖ ਦੀ ਚਿੰਤਾ ਛੱਡ ਕੇ ਨੇਕ ਕਿਰਤ ਕਰਨੀ, ਉਸ ਪ੍ਰਭੂ ਪਿਤਾ ਦਾ ਨਾਮ ਜਪਣਾ ਅਤੇ ਵੰਡ ਕੇ ਛੱਕਣਾ ਹੀ ਉਸ ਨੂੰ ਆਤਮਿਕ ਸ਼ਾਂਤੀ ਪ੍ਰਦਾਨ ਕਰੇਗਾਂ।
ਵਿਸ਼ਵਾਸ ਅਤੇ ਸਮਰਪਣ
ਜਦੋਂ ਇਨਸਾਨ ਰੱਬ ਉੱਤੇ ਭਰੋਸਾ ਕਰਦਾ ਹੈ ਤਾਂ ਉਸ ਸਮੇਂ ਉਹ ਆਪਣੇ ਮਨ ਦੇ ਭਾਰ ਨੂੰ ਹੌਲਾ ਕਰ ਲੈਂਦਾ ਹੈ। ਹਰ ਕੰਮ ਦੀ ਚਿੰਤਾ ਛੱਡ ਕੇ ਨਾਮ ਜਪਣ ਨਾਲ ਮਨ ਵਿਚ ਹੌਸਲਾ ਆ ਜਾਂਦਾ ਹੈ। ਇਸ ਦੀ ਇੱਕ ਉਦਾਹਰਨ ਹੈ ਕਿ ਕਿਰਸਾਣ ਮਿੱਟੀ ’ਚ ਬੀਜ ਬੀਜਦਾ ਹੈ ਪਰ ਬੀਜ ਨੂੰ ਅੰਕੁਰਿਤ ਕਰਨ ਦੀ ਚਿੰਤਾ ਰੱਬ ਖੁਦ ਆਪ ਕਰਦਾ ਹੈ। ਪੰਛੀ ਦਾਣਾ ਖਾਂਦੇ ਹਨ ਪਰ ਉਨ੍ਹਾਂ ਦੇ ਲਈ ਦਾਣਿਆਂ ਦਾ ਪ੍ਰਬੰਧ ਰੱਬ ਕਰਦਾ ਹੈ।ਜੋ ਵਾਪਰ ਰਿਹਾ ਹੈ ਉਸ ਨੂੰ ਸਵੀਕਾਰ ਕਰਨ ਨਾਲ ਮਨੁੱਖ ਨੂੰ ਮਾਨਸਿਕ ਪੀੜਾਂ ਨੂੰ ਘੱਟ ਕਰਨ ਦੀ ਸਮਰੱਥਾ ਮਿਲਦੀ ਹੈ। ਨਾਮ ਜਪਣ ਨਾਲ ਹੀ ਮਨੁੱਖ ਦਾ ਮਨ ਸ਼ਾਂਤ ਰਹਿੰਦਾ ਹੈ। ਗੁਰੂ ਜੀ ਲੋਕਾਈ ਨੂੰ ਸਮਝਾਉਂਦੇ ਹਨ ਕਿ ਨਾਮ ਜਪੋ ਤੇ ਚਿੰਤਾ ਆਪਣੇ ਆਪ ਦੂਰ ਹੋ ਜਾਏਗੀ।
ਕਿਵੇਂ ਲਾਗੂ ਕਰੀਏ ਇਸ ਸਿੱਖਿਆ ਨੂੰ?
ਰੋਜ਼ਾਨਾ ਸਿਮਰਨ ਕਰੀਏ
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥
ਰੋਜ਼ਾਨਾ ਗੁਰੂ ਜੀ ਦੀ ਬਾਣੀ ਦਾ ਪਾਠ, ਸਿਮਰਨ ਕਰਨ ਤੇ ਨਾਮ ਜਪਣ ਨਾਲ ਦਿਲ ਨੂੰ ਸ਼ਾਂਤੀ ਮਿਲਦੀ ਹੈ। ਇਹ ਦਿਲੋਂ ਡਰ, ਚਿੰਤਾ ਅਤੇ ਤਣਾਓ ਦੀਆਂ ਜੜ੍ਹਾਂ ਕੱਟਦਾ ਹੈ।
ਨੇਕ ਨੀਤੀ ਨਾਲ ਕਰਮ ਕਰੀਏ
ਜੇ ਤੁਸੀਂ ਆਪਣਾ ਕੰਮ ਇਮਾਨਦਾਰੀ ਨਾਲ ਕਰਦੇ ਹੋ ਤਾਂ ਨਤੀਜੇ ਦੀ ਚਿੰਤਾ ਤੁਹਾਡੀ ਨਹੀ ਬਲਕਿ ਤਿੰਨਾਂ ਲੋਕਾਂ ਦੇ ਮਾਲਕ ਉਸ ਪਿਤਾ ਦੀ ਜ਼ਿੰਮੇਵਾਰੀ ਹੈ।
ਵਿਸ਼ਵਾਸ ਰੱਖੀਏ
ਕਈ ਵਾਰੀ ਜ਼ਿੰਦਗੀ ਵਿੱਚ ਹਾਲਾਤ ਥੋੜ੍ਹੀ ਦੇਰ ਲਈ ਖ਼ਰਾਬ ਹੋ ਸਕਦੇ ਹਨ ਪਰ ਦਿਲ ਵਿੱਚ ਇਹ ਯਕੀਨ ਰੱਖੋ ਕਿ ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ।
ਮਨ ਨੂੰ ਪ੍ਰਸੰਨ ਰੱਖਣ ਦੀ ਕੋਸ਼ਿਸ਼ ਕਰੀਏ
ਨਚਣੁ ਕੁਦਣੁ ਮਨ ਕਾ ਚਾਉ ॥
ਨਾਨਕ ਜਿਨ੍ਹ ਮਨਿ ਭਉ ਤਿਨ੍ਹਾ ਮਨਿ ਭਾਉ ॥੨॥
ਸਤਿਗੁਰੂ ਸਮਝਾਉਂਦੇ ਹਨ ਕਿ ਨੱਚਣਾ ਅਤੇ ਕੁੱਦਣਾ ਕੇਵਲ ਮਨ ਦਾ ਇੱਕ ਚਾਅ ਹੈ ਅਤੇ ਜਿੰਨਾ ਮਨੁੱਖਾਂ ਦੇ ਮਨ ਅੰਦਰ ਅਕਾਲ ਪੁਰਖ ਦਾ ਭਉ ਹੈ ਉਹਨਾਂ ਅੰਦਰ ਹੀ ਆਤਮਿਕ ਚਾਅ ਪੈਦਾ ਹੁੰਦਾ ਹੈ। ਉਸ ਅਕਾਲ ਪੁਰਖ ਦੇ ਸ਼ੁਕਰਾਨੇ ਵਜੋਂ ਮਨੁੱਖ ਨੂੰ ਸਦੈਵ ਉਸ ਦੀਆਂ ਬਖਸ਼ੀਆਂ ਦਾਤਾਂ ਦੀ ਕਦਰ ਕਰਨਾ ਅਤੇ ਛੋਟੀਆਂ ਵੱਡੀਆਂ ਖੁੱਸ਼ੀਆਂ ਵਿੱਚ ਖੁੱਸ਼ ਰਹਿਣਾ ਚਾਹੀਦਾ ਹੈ।ਇਹ ਸਭ ਚਿੰਤਾ ਦੂਰ ਕਰਨ ਦੇ ਅਸਲ ਤੇ ਅਚੂਕ ਹਥਿਆਰ ਹਨ।
ਭੁੱਲ ਚੁੱਕ ਦੀ ਮੁਆਫੀ
ਦਾਸ ਸੁਰਿੰਦਰਪਾਲ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ
ਪੰਜਾਬ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



