ਸ਼ਾਮ ਚੁਰਾਸੀ (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਸ਼ਾਮ ਚੁਰਾਸੀ ਚੌਕੀ ਦੇ ਨਵ ਨਿਯੁਕਤ ਇੰਚਾਰਜ ਏ ਐੱਸ ਆਈ ਸ. ਜਗਦੀਪ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਕਿਹਾ ਕਿ ਸਮਾਜ ਵਿਰੋਧੀ ਅਨਸਰ ਸ਼ਾਮ ਚੁਰਾਸੀ ਪੁਲੀਸ ਕਿਸੇ ਵੀ ਕੀਮਤ ਤੇ ਨਹੀਂ ਬਖਸ਼ੇਗੀ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲੀਸ ਮੁਖੀ ਮਾਣਯੋਗ ਐੱਸ ਐੱਸ ਪੀ ਸਾਹਿਬ ਦੀਆਂ ਹਦਾਇਤਾਂ ਅਤੇ ਡੀ ਐੱਸ ਪੀ ਆਰ ,ਐਸ ਐਚ ਓ ਬੁੱਲੋਵਾਲ ਥਾਣੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੁਲਸ ਪੂਰੀ ਮੁਸਤੈਦੀ ਨਾਲ ਕਾਰਜਸ਼ੀਲ ਹੈ । ਉਨ੍ਹਾਂ ਕਿਹਾ ਕਿ ਜੋ ਵੀ ਵਿਅਕਤੀ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਫੈਲਾਏਗਾ ਭਾਵੇਂ ਉਹ ਨਸ਼ਿਆਂ ਦਾ ਪੱਖ ਹੋਵੇ , ਭਾਵੇਂ ਉਹ ਗੁੰਡਾਗਰਦੀ ਲੜਾਈ, ਝਗੜੇ ਦਾ ਪੱਖ ਹੋਵੇ, ਪੁਲੀਸ ਕਦੇ ਵੀ ਅਜਿਹੇ ਵਿਅਕਤੀਆਂ ਨੂੰ ਨਹੀਂ ਬਖਸ਼ੇਗੀ। ਉਨ੍ਹਾਂ ਕਿਹਾ ਕਿ ਲੋਕ ਪੁਲੀਸ ਨੂੰ ਸਹਿਯੋਗ ਕਰਨ ਤਾਂ ਕਿ ਪੁਲੀਸ ਸਮਾਜ ਵਿਰੋਧੀ ਅਨਸਰਾਂ ਨੂੰ ਕਾਨੂੰਨ ਦੇ ਸ਼ਿਕੰਜੇ ਦੀ ਗ੍ਰਿਫਤ ਵਿਚ ਲੈ ਸਕੇ ।
ਉਨ੍ਹਾਂ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਹੋਰ ਮੋਹਤਬਰ ਆਗੂਆਂ ਨੂੰ ਵੀ ਕਿਹਾ ਕਿ ਅਗਰ ਉਨ੍ਹਾਂ ਨੂੰ ਉਨ੍ਹਾਂ ਦੇ ਆਸੇ ਪਾਸੇ ਕਿਤੇ ਵੀ ਕੋਈ ਜੁਰਮ ਜਾਂ ਕੋਈ ਗੈਰਕਾਨੂੰਨੀ ਕੰਮ ਕਰਦਾ ਵਿਅਕਤੀ ਦਿਖਦਾ ਹੈ ਤਾਂ ਉਹ ਤੁਰੰਤ ਪੁਲਸ ਨੂੰ ਬਿਨਾਂ ਝਿਜਕ ਇਤਲਾਹ ਦੇਣ । ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਸ਼ਾਮ ਚੁਰਾਸੀ ਦੇ ਆਸ ਪਾਸ ਆਪਣੇ ਪੁਲਿਸ ਮੁਲਾਜ਼ਮਾਂ ਨਾਲ ਵਿਸ਼ੇਸ਼ ਨਾਕਾਬੰਦੀ ਦੇ ਪ੍ਰੋਗਰਾਮ ਬਣਾ ਕੇ ਕਾਨੂੰਨੀ ਸ਼ਿਕੰਜਾ ਕੱਸੇਗੀ ਅਤੇ ਜੋ ਲੋਕ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹਨ ਉਨ੍ਹਾਂ ਦੀ ਵੀ ਸਖ਼ਤੀ ਨਾਲ ਚਲਾਨ ਕੱਟੇ ਜਾਣਗੇ । ਇਸ ਮੌਕੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਉਨ੍ਹਾਂ ਪੀਰ ਬਾਬਾ ਸ਼ਾਮੀ ਸ਼ਾਹ ਦੇ ਚਾਰ ਦਿਨਾ ਉਰਸ ਮੇਲੇ ਦੀ ਗੱਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਇਸ ਮੇਲੇ ਨੂੰ ਬਿਹਤਰ ਬਣਾਉਣ ਲਈ ਪੁਲੀਸ ਪ੍ਰਸ਼ਾਸਨ ਪੂਰਾ ਸਹਿਯੋਗ ਦੇਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਤੇ ਸਰਕਾਰੀ ਨਿਯਮਾਂ ਦੀ ਕਿਸੇ ਨੂੰ ਵੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly