(ਸਮਾਜ ਵੀਕਲੀ)
ਜਸਵੰਤ ਗਿੱਲ ਸਮਾਲਸਰ ਨਾਂ, ਅਖ਼ਬਾਰਾਂ ਤੇ ਸਾਹਿਤਕ ਰਸਾਲੇ ਪੜ੍ਹਦਿਆਂ ਕਵਿਤਾਵਾਂ ਵਾਲੀ ਥਾਂ ‘ਚ ਮੇਰੀ ਨਜ਼ਰ ਵਿਚੋਂ ਲੰਘਦਾ ਰਿਹਾ ਹੈ। ਇਸ ਕਰਕੇ ਉਸ ਦਾ ਪਲੇਠਾ ਕਾਵਿ-ਸੰਗ੍ਰਹਿ ‘ ਜ਼ਿੰਦਗੀ ਦੇ ਪਰਛਾਵੇਂ ‘ ਪਹਿਲ ਦੇ ਆਧਾਰ ਉੱਤੇ ਹੀ ਪੜ੍ਹਿਆ ਵਾਚਿਆ ਗਿਆ ਹੈ। ਜਿਸ ਵਿਚੋਂ ਜਿਵੇਂ ਮੈਨੂੰ ਮਹਿਸੂਸ ਹੋਇਆ ਕਿ ਇਹ ਨਵਾਂ ਨਹੀਂ, ਬਲਕਿ ਪੁਰਾਣਾ ਪ੍ਰੋੜ੍ਹ ਕਵੀ ਹੈ, ਕਿਉਂਕਿ ਉਸ ਦੀ ਕਵਿਤਾ ਦੀ ਪੇਸ਼ਕਾਰੀ ਵਿਚ ਸਪੱਸ਼ਟ ਵਿਚਾਰ ਪੇਸ਼ ਕਰਨ ਦੀ ਪ੍ਰਪੱਕਤਾ ਹੈ। ਦੂਜਾ, ਇਹ ਕਵੀ ਆਪਣੇ ਸਪੱਸ਼ਟ ਵਿਚਾਰਾਂ ਦੇ ਪ੍ਰਗਟਾਵੇ ਵਜੋਂ ਜ਼ਿੰਦਗੀ ਦੇ ਵਿਰੋਧੀ ਜੁੱਟ ਵਾਲੇ ਸਮਾਜਿਕ ਸੁਭਾਅ ਨੂੰ ਚੜ੍ਹਦੀ ਕਲਾ ਵਾਲੇ ਸ਼ਬਦਾਂ ਦੀ ਸੁਰ ਵਿਚ ਪੇਸ਼ ਕਰਦਾ ਹੈ।
‘ ਜ਼ਿੰਦਗੀ ਦੇ ਪਰਛਾਵੇਂ ‘ ਨਾਮਕਰਨ ਵਾਲੀ ਕਵਿਤਾ ਤਤਕਰੇ ਵਿਚੋਂ ਲੱਭਣ ਲੱਗਾ ਤਾਂ ਸਾਰੀਆਂ ਕਵਿਤਾਵਾਂ ਦੇ ਸਿਰਲੇਖਾਂ ਨੂੰ ਮੈਂ ਗਿਣਦਿਆਂ ਨੰਬਰ ਲਗਾਏ। ਇਹ ਉਨੱਹਤਰ ਤੱਕ ਜਾ ਪਹੁੰਚੇ। ਇਹ ਰਾਊਂਡ ਅੰਕ ਨਹੀਂ ਬਣਿਆ। ਇਹ ਰਨਿੰਗ ਹੈ। ਸੋ, ਇਸ ਹਿਸਾਬ ਨਾਲ ਕਵੀ ਨੇ ਜੇ ਸੁਚੇਤ ਹੋ ਕੇ ਇਹ ਰਨਿੰਗ ਅੰਕ ਵਿਚ ਕਵਿਤਾਵਾਂ ਰੱਖੀਆਂ ਹਨ ਤਾਂ ਵੀ ਜੇ ਅਚਾਨਕ ਹੀ ਇਹ ਗਿਣਤੀ ਵਾਲਾ ਅੰਕ ਬਣ ਗਿਆ ਹੈ ਤਾਂ ਵੀ ਕਿਉਂ ਕਿ ਇਹ ਗਤੀਸ਼ੀਲ ਅੰਕੜਾ ਹੈ। ਇਹ ਚੱਲਦੀ ਕਲਮ ਦੀ ਨਿਸ਼ਾਨੀ ਹੈ।
ਉਪਰੋਕਤ ਅੰਕੜੇ ਅਨੁਸਾਰ ਕ੍ਰਮ ਨੰਬਰ ਪੰਦਰਾਂ ਉੱਤੇ ਦਰਜ ਕਵਿਤਾ ਦਾ ਸਿਰਲੇਖ ਹੈ ‘ ਜ਼ਿੰਦਗੀ ਦੇ ਪਰਛਾਵੇਂ ਨੂੰ ‘ । ਮੈਂ ਸਭ ਤੋਂ ਪਹਿਲਾਂ ਇਹ ਕਵਿਤਾ ਪੜ੍ਹੀ, ਕਿਉਂ ਕਿ ਮੇਰੇ ਮਨ-ਮਸਤਕ ਅੰਦਰ ਕਾਵਿ ਸੰਗ੍ਰਹਿ ਦੇ ਨਾਂ ਬਾਰੇ ਵਿਚਾਰ ਚਰਚਾ ਚੱਲ ਰਹੀ ਸੀ। ਮੈਨੂੰ ਪਰਛਾਵੇਂ ਸ਼ਬਦ ਦੇ ਅਰਥ ਲੱਭ ਰਹੇ ਸਨ ਕਿ ਜਿਸ ਕਿਸੇ ਸੰਜੀਵ ਜਾਂ ਨਿਰਜੀਵ ਵਸਤੂ ਉੱਤੇ ਕੁਦਰਤੀ ਜਾਂ ਬਣਾਉਟੀ ਰੌਸ਼ਨੀ ਪੈਂਦੀ ਹੈ, ਉਸ ਵਸਤੂ ਦਾ ਹੀ ਪਰਛਾਵਾਂ ਹੋਂਦ ਵਿੱਚ ਆਉਂਦਾ ਹੈ। ਇਸ ਹਿਸਾਬ ਨਾਲ ਜ਼ਿੰਦਗੀ ਕਿਹੜੀ ਵਸਤੂ ਹੈ ? ਇਸ ਦਾ ਸ਼ਬਦ ਕੋਸ਼ ਵਿੱਚ ਉੱਤਰ ਮਿਲਦਾ ਹੈ ਕਿ ਜ਼ਿੰਦਗੀ ਭਾਵ ਜੀਵਨ, ਉਹ ਗੁਣ ਹੈ ਜੋ ਧੜਕਦੀਆਂ ਅਤੇ ਆਪਣੇ ਆਪ ਵਿਗਸ ਰਹੀਆਂ ਸ਼ੈਆਂ ਨੂੰ ਅਜਿਹੀਆਂ ਕਿਰਿਆਵਾਂ ਤੋਂ ਰਹਿਤ ਨਿਰਜਿੰਦ ਸ਼ੈਆਂ ਤੋਂ ਅੱਡ ਕਰਦਾ ਹੈ। ‘ ਇਸ ਲਈ ਜ਼ਿੰਦਗੀ ਧੜਕਦੀ ਤੇ ਵਿਗਸ ਰਹੀ ਵਸਤੂ ਹੈ। ਇਹ ਸੰਜੀਵ ਵਸਤੂ ਹੈ। ਜੇ ਇਸ ਨੂੰ ਮਨੁੱਖ ਮੰਨ ਕੇ ਗੱਲ ਅੱਗੇ ਤੋਰੀਏ ਤਾਂ ਮਨੁੱਖ ਦੀ ਜ਼ਿੰਦਗੀ ਦੇ ਬਹੁਤ ਸਾਰੇ ਸਰੂਪ ਸਾਹਮਣੇ ਆਉਂਦੇ ਹਨ। ਇਸ ਪ੍ਰਸੰਗ ਵਿਚ ਪੁਸਤਕ ਦੇ ਨਾਮਕਰਨ ‘ ਜ਼ਿੰਦਗੀ ਦੇ ਪਰਛਾਵੇਂ ‘ ਨੂੰ ਆਮ ਸਧਾਰਨ ਪਾਠਕ ਜਿਸ ਵਿਚ ਮੈਂ ਵੀ ਸ਼ਾਮਲ ਹਾਂ ਨੂੰ ਨਾਮਕਰਨ ਦੇ ਅਰਥ ਨਹੀਂ ਸਮਝ ਆਉਂਦੇ ਕਿਉਂ ਕਿ ਜ਼ਿੰਦਗੀ ਤਾਂ ਹਨ੍ਹੇਰੇ ਅਤੇ ਚਾਨਣ ਵਿਚ ਜਾਂਦੀ ਆਉਂਦੀ ਰਹਿੰਦੀ ਹੈ। ਇਸ ਨੂੰ ਸਭ ਤੋਂ ਪਹਿਲਾਂ ਸਮਝਣ ਲਈ ਨਾਮਕਰਨ ਵਾਲੀ ਕਵਿਤਾ ਪੜ੍ਹਨੀ ਸ਼ੁਰੂ ਕੀਤੀ ਗਈ। ਇਸ ਕਵਿਤਾ ਵਿਚ ਦੋ ਪਰ ਆਪਸ ਵਿਚ ਵਿਰੋਧੀ ਜੁੱਟ ਵਾਲੇ ਪ੍ਰਸੰਗ ਸ਼ਾਮਿਲ ਹਨ। ਪਹਿਲਾ ਪ੍ਰਸੰਗ ਹੈ _
ਜ਼ਿੰਦਗੀ ਦੇ ਪਰਛਾਵੇਂ ਨੂੰ ਆਖੋ !
ਜ਼ਿੰਦਗੀ ਰੰਗਰਲੀਆਂ
ਮਨਾਉਣ ਲਈ ਨਹੀਂ ਹੁੰਦੀ
ਨਾ ਹੀ ਮੌਤ ਤੋਂ ਡਰਦਿਆਂ
ਡਰ-ਡਰ ਕੇ ਜਿਉਣ ਲਈ ਹੁੰਦੀ ਹੈ
ਦੂਜਾ ਪ੍ਰਸੰਗ _
ਜ਼ਿੰਦਗੀ ਕੁਰਬਾਨੀਆਂ ਕਰਨ ਲਈ
ਹੱਕਾਂ ਖਾਤਰ ਲੜਨ ਲਈ ਜੁਲਮੀਂ ਦਾ ਗਲਮਾਂ ਫੜਨ ਲਈ ਵੀ ਹੁੰਦੀ ਹੈ
…..
੦
ਕਵੀ, ਜ਼ਿੰਦਗੀ ਦੇ ਪਰਛਾਵੇਂ ਨੂੰ ਸੰਬੋਧਨ ਹੋ ਰਿਹਾ ਹੈ। ਉਹ ਵਿਚਾਰ ਜ਼ਿੰਦਗੀ ਦੇ ਬਾਰੇ ਦੇ ਰਿਹਾ ਹੈ। ਮੈਨੂੰ, ਕਵੀ ਵੱਲੋਂ ਜ਼ਿੰਦਗੀ ਨੂੰ ਛੱਡ ਕੇ ਜ਼ਿੰਦਗੀ ਦੇ ਪਰਛਾਵੇਂ ਨੂੰ ਸੰਬੋਧਨ ਹੋਣ ਦੀ ਸਮਝ ਨਹੀਂ ਆ ਰਹੀ। ਹਾਂ, ਜ਼ਿੰਦਗੀ ਦੇ ਕੰਮ ਰੰਗਰਲੀਆਂ ਵਾਲੇ ਵੀ ਹੁੰਦੇ ਹਨ। ਇਹ ਹੱਕਾਂ ਖਾਤਰ ਲੜਨ ਲਈ ਵੀ ਜ਼ਿੰਦਗੀ ਹੁੰਦੀ ਹੈ। ਇਹ ਸਥਿਤੀਆਂ ਤੇ ਪ੍ਰਸਥਿਤੀਆਂ ਦੇ ਹਾਲਾਤ ਹੀ ਹੁੰਦੇ ਨੇ ਕਿ ਉਹਨਾਂ ਦੇ ਵਿਚੋਂ ਲੰਘਦੇ ਹੋਏ ਮਨੁੱਖ ਨੂੰ ਰੰਗਰਲੀਆਂ ਮਿਲਦੀਆਂ ਜਾਂ ਹੱਕਾਂ ਖਾਤਰ ਲੜਨਾ ਮਿਲਦਾ ਹੈ। ਕਵੀ ਜਸਵੰਤ ਗਿੱਲ ਸਮਾਲਸਰ ਨੇ ਆਪਣੇ ਕਾਵਿ ਸਰੋਕਾਰ ਵਿਚ ਰੰਗਰਲੀਆਂ ਦੇ ਵਿਰੁੱਧ ਆਪਣੇ ਹੱਕਾਂ ਖਾਤਰ ਲੜਨ ਲਈ ਕਿਉਂ ਕਿਹਾ ਹੈ। ਇਹ ਬਹੁਤ ਮਹੱਤਵਪੂਰਨ ਪ੍ਰਸ਼ਨ ਉੱਭਰਦਾ ਹੈ। ਇਸ ਪ੍ਰਸ਼ਨ ਦਾ ਉੱਤਰ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਵਿਤਾ-ਸੰਗ੍ਰਹਿ ਦੀਆਂ ਬਹੁਤੀਆਂ ਕਵਿਤਾਵਾਂ ਪੜ੍ਹ ਕੇ ਪਾਠਕ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਸੰਗ ਵਿਚ ਮੇਰੇ ਪਾਠਕ ਮਨ ਨੂੰ ਜਿਸ ਤਰ੍ਹਾਂ ਦੀ ਪ੍ਰਾਪਤੀ ਹੋਈ ਨੂੰ ਮੈਂ ਆਪਣੇ ਸ਼ਬਦਾਂ ਵਿਚ ਇਉਂ ਦੱਸਦਾ ਹਾਂ :
ਸਭ ਤੋਂ ਪਹਿਲਾਂ ਕਵੀ ਦੀ ਕਵਿਤਾ ‘ ਸਾਲ ਗ਼ਰੀਬੀ ਦੇ ‘ ਵੇਖੋ _
ਬਾਪੂ ਦੀ ਕੰਮ ਨਾਲ ਕੁੱਬੀ ਹੋਈ ਢੂਈ
ਮਾਂ ਦੇ ਪੈਰਾਂ ਦੀਆਂ ਬਿਆਈਆਂ,
ਯਾਦ ਨੇ ਮੈਨੂੰ ਅੱਜ ਵੀ
ਉਹ ਹਾਲ ਗ਼ਰੀਬੀ ਦੇ।
…
ਮਾਂ ਬਾਪ ਨੇ ਨਾ ਸ਼ਿਕਵਾ ਕੀਤਾ
ਹੌਸਲੇ ਦਾ ਅਸਾਂ ਪਾਣੀ ਪੀਤਾ
ਮਿਹਨਤਾਂ ਦੇ ਨਾਲ਼ ਪੁੱਟ ਦਿੱਤੇ ਨੇ
ਦੋ ਮੂੰਹੇਂ ਵਾਲ਼ ਗ਼ਰੀਬੀ ਦੇ।
….
ਉਪਰੋਕਤ ਕਾਵਿ ਬੰਦ ਬੀਤੇ ਸਮੇਂ ਦੀਆਂ ਉਦਾਹਰਣਾਂ ਹਨ। ਇਹਨਾਂ ਤੋਂ ਬਾਅਦ ਆਖਰੀ ਬੰਦ ਵਿਚ ਕਵੀ ਨੇ ਵਰਤਮਾਨ ਸਮੇਂ ਦੀ ਸਥਿਤੀ ਬਿਆਨ ਕੀਤੀ ਹੈ ;
ਮਾਂ ਬਾਪ ਵੀ ਹੁਣ ਸੌਖੇ ਲਗਦੇ
ਪੁੱਤਾਂ ਦੇ ਸਿਰ ਤਾਜ ਨੇ ਸਜਦੇ,
ਸੰਘਰਸ਼ਾਂ ਦੇ ਨਾਲ਼ ਸਮਾਂ ਬਦਲਿਆ
ਦੂਰ ਕੀਤੇ ਇੰਝ ਸਾਲ ਗ਼ਰੀਬੀ ਦੇ।
੦
ਕਵੀ ਜਸਵੰਤ ਗਿੱਲ ਸਮਾਲਸਰ ਨੇ ਆਪਣੇ ਅਨੁਭਵ ਨੂੰ ਉਪਰੋਕਤ ਕਵਿਤਾ ਰਾਹੀਂ ਆਪਣੇ ਘਰ ਪਰਿਵਾਰ ਤੋਂ ਸਥਿਤੀ ਦੀ ਪੇਸ਼ਕਾਰੀ ਵਿਚ ਸਪੱਸ਼ਟ ਵਿਚਾਰ ਪੇਸ਼ ਕੀਤੇ ਹਨ। ਉਸ ਨੇ ਸਥਿਤੀ ਨੂੰ ਬਦਲਣ ਲਈ ਸੰਘਰਸ਼ ਦੀ ਲੋੜ ਹੈ ਨਾਲ ਆਪਣੇ ਘਰ ਪਰਿਵਾਰ ਦੀ ਤਬਦੀਲ ਹੋ ਚੁੱਕੀ ਸਥਿਤੀ ਨੂੰ ਵੀ ਪੇਸ਼ ਕੀਤਾ ਹੈ। ਇਸ ਕਾਵਿ ਪ੍ਰਬੰਧ ਅੰਦਰੋਂ ਵਿਰੋਧੀ ਜੁੱਟ ਦੇ ਜੀਵਨ ਵੇਰਵਿਆਂ ਨਾਲ ਦੋ ਪਰ ਇੱਕ ਦੂਜੇ ਦੇ ਉਲਟ ਤਸਵੀਰਾਂ ਪਾਠਕ ਮਨ ਨੂੰ ਵਿਖਾਈ ਦਿੰਦੀਆਂ ਹਨ। ਇਸ ਤਰ੍ਹਾਂ ਵਿਰੋਧੀ ਜੁੱਟ ਪੇਸ਼ ਕਰਨ ਦੀ ਕਲਾ ਪਲੇਠੇ ਕਾਵਿ-ਸੰਗ੍ਰਹਿ ਰਾਹੀਂ ਸਾਫ਼ ਸਪੱਸ਼ਟਤਾ ਨਾਲ ਉਭਾਰਨੀ ਜੋ ਨਵੇਂ ਕਵੀ ਜਸਵੰਤ ਗਿੱਲ ਦੇ ਹਿੱਸੇ ਆਈ ਹੈ ਤਾਂ ਇਸ ਕਾਵਿ-ਵੰਨਗੀ ਦੇ ਪਿਛੋਕੜ ਵਿਚ ਕਵੀ ਦਾ ਜੀਵਨ ਅਨੁਭਵ ਤੇ ਜੀਵਨ ਦ੍ਰਿਸ਼ਟੀ ਹੈ। ਜੀਵਨ ਅਨੁਭਵ ਵਿਚੋਂ ਹੀ ਜੀਵਨ ਦ੍ਰਿਸ਼ਟੀ ਜਨਮ ਲੈਂਦੀ ਹੈ ਪਰ, ਇਸ ਨੂੰ ਸਵੈ ਸਮਝ ਦਾ ਹਿੱਸਾ ਬਣਾਉਣ ਲਈ ਅਧਿਐਨ ਤੇ ਮੁਲੰਕਣ ਦੀ ਸਾਧਨਾ ਵੀ ਕਰਨੀ ਪੈਂਦੀ ਹੈ। ਇਹ ਸਾਧਨਾ ਵੀ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਵਿਚੋਂ ਗੁਜ਼ਰਦਿਆਂ ਪਾਠਕ ਮਨ ਨੂੰ ਵਿਖਾਈ ਦੇ ਦਿੰਦੀ ਹੈ। ਇਸ ਕਰਕੇ ਹੀ ਕਵੀ ਪ੍ਰੋੜ ਗਲਪੀ ਚਿੱਤਰ ਉਲੀਕ ਕੇ ਉਹਨਾਂ ਦੇ ਵਿਚੋਂ ਅਰਥਾਂ ਦਾ ਉਦਘਾਟਨ ਕਰਵਾਉਂਦਾ ਹੈ। ਇਹ ਨਵੇਂ ਰਚਨਾਕਾਰ ਦੀ ਵਿਸ਼ੇਸ਼ ਪ੍ਰਾਪਤੀ ਹੁੰਦੀ ਹੈ। ਇਸ ਪ੍ਰਾਪਤੀ ਦਾ ਹੱਕਦਾਰ ਕਵੀ ਜਸਵੰਤ ਗਿੱਲ ਸਮਾਲਸਰ ਹੈ। ਉਸ ਦਾ ਪਲੇਠਾ ਕਾਵਿ-ਸੰਗ੍ਰਹਿ ‘ ਜ਼ਿੰਦਗੀ ਦੇ ਪਰਛਾਵੇਂ ‘ ਪਾਠਕਾਂ ਦੇ ਹੁੰਗਾਰੇ ਨਾਲ ਇਹ ਹੱਕ ਉਭਾਰੇਗਾ ਮੈਨੂੰ ਕਾਵਿ-ਸੰਗ੍ਰਹਿ ਨੇ ਇਹ ਸੰਕੇਤ ਦੇ ਦਿੱਤੇ ਹਨ। ਜਿਸ ਵਿਚੋਂ ਮੈਂ ਬਹੁਤ ਸੰਖੇਪਤਾ ਨਾਲ ਸਬੰਧਤ ਵਿਸ਼ੇਸ਼ਤਾ ਨੂੰ ਆਪਣੇ ਉਪਰੋਕਤ ਸ਼ਬਦਾਂ ਵਿਚ ਇੱਕ ਜਾਣ ਪਛਾਣ ਵਜੋਂ ਕਹਿਣ ਦੀ ਕੋਸ਼ਿਸ਼ ਕੀਤੀ ਹੈ। ਇਸ ਸੰਖੇਪਤਾ ਵਿਚ ਕਵੀ ਜਸਵੰਤ ਗਿੱਲ ਦੇ ਪਲੇਠੇ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਦੇ ਸਿਰਲੇਖ ਪੁਸਤਕ ਦੇ ਤਤਕਰੇ ਦੀ ਤਰਤੀਬ ਅਨੁਸਾਰ ਕੁਝ ਕੁ ਸਾਂਝੇ ਕਰਦਾ ਹਾਂ – ਮੇਰੀ ਕਵਿਤਾ, ਕਵਿਤਾ ਦੀ ਤਾਕਤ, ਤੂੰ ਹੀ ਦੱਸ.., ਮੇਰੀ ਫਿਤਰਤ ਨਹੀਂ, ਅਸੀਂ ਕੁੜੀਆਂ,ਨਾਨਕ ਤੇ ਗੋਬਿੰਦ, ਪੰਜਾਬੀ ਨਾਲ ਸਾੜਾ, ਇਨਕਲਾਬ ਦੇ ਨਾਅਰੇ, ਵਕਤ ਦਾ ਬਦਲਾਅ, ਲਲਕਾਰ, ਐਲਾਨ, ਸਮੇਂ ਦੀ ਹਿੱਕ ਉੱਤੇ, ਮਿਹਨਤ ਦੀ ਉਡਾਣ, ਮਜ਼ਦੂਰਾਂ ਦਾ ਨਵਾਂ ਸਾਲ, ਮੁਹੱਬਤ ਤੋਂ ਇਨਕਲਾਬ ਤੱਕ, ਪੰਜਵੀਂ ਰੁੱਤ ਛੇਵਾਂ ਦਰਿਆ, ਤੇਰੇ ਵਾਲਾਂ ‘ਚੋਂ, ਕਿਰਤੀਆਂ ਦੀ ਕਬਰ, ਓਸ ਕੁੜੀ ਦੀ ਭਾਲ, ਹੱਕਾਂ ਦੀ ਲੋਹੜੀ, ਬਾਗੀ, ਕਿਰਤੀ ਕਾਮੇ ਨੂੰ, ਆਜ਼ਾਦੀ ਦੀ ਜੰਗ, ਜਦੋਂ ਲੋਕ ਜਾਗਣਗੇ, ਮਜ਼ਦੂਰ ਔਰਤਾਂ ਦਾ ਦਰਦ, ਕਵਿਤਾ ਲਿਖਾਂਗਾ ਆਦਿ ਹਨ। ਇਹਨਾਂ ਸਿਰਲੇਖਾਂ ਤੋਂ ਵਿਸ਼ੇ ਵਸਤੂ ਦੀ ਵੰਨ ਸੁਵੰਨਤਾ ਸਾਫ਼ ਸਪੱਸ਼ਟਤਾ ਨਾਲ ਰੂ_ਬਰੂ ਹੁੰਦੀ ਹੈ। ਉਮੀਦ ਹੈ ਕਿ ਮੇਰੇ ਵੱਲੋਂ ਜਾਣ ਪਛਾਣ ਦੀ ਨਿੱਕੀ ਜਿਹੀ ਕੋਸ਼ਿਸ਼ ਆਪ ਜੀ ਦੇ ਪਾਠਕ ਮਨ ਨੂੰ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਪੜ੍ਹਨ ਤੇ ਸਮਝਣ ਲਈ ਪ੍ਰੇਰਿਤ ਕਰੇਗੀ।
ਮੈਂ, ਨਵੇਂ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਾਵਿ-ਸੰਗ੍ਰਹਿ ‘ ਜ਼ਿੰਦਗੀ ਦੇ ਪਰਛਾਵੇਂ ‘ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ। ਇਸ ਪਲੇਠੇ ਹੰਭਲੇ ਦੀ ਸ਼ਕਤੀ ਨੂੰ ਜਾਣ ਕੇ ਖੁਸ਼ੀ ਮਹਿਸੂਸ ਕਰਦਾ ਹਾਂ। ਆਪਣੇ ਜਿਲ੍ਹੇ ਦੇ ਨਵੇਂ ਕਵੀ ਦੇ ਦਮਦਾਰ ਕਾਵਿ ਖਿਆਲ ਦੀ ਉਡਾਰੀ ਨੂੰ ਮੁਬਾਰਕਾਂ ਵਧਾਈਆਂ ਦਿੰਦਾ ਹਾਂ। ਇਸ ਦੇ ਨਾਲ ਹੀ ਪਾਠਕਾਂ ਨੂੰ ਨਵੇਂ ਕਵੀ ਜਸਵੰਤ ਗਿੱਲ ਸਮਾਲਸਰ ਦੇ ਪਲੇਠੇ ਕਾਵਿ-ਸੰਗ੍ਰਹਿ ‘ ਜ਼ਿੰਦਗੀ ਦੇ ਪਰਛਾਵੇਂ ‘ ਨੂੰ ਪੜ੍ਹਨ ਤੇ ਸਮਝਣ ਲਈ, ਵਿਚਾਰਾਂ ਰਾਹੀਂ ਪਾਠਕੀ ਹੁੰਗਾਰਾ ਦੇਣ ਲਈ ਕਹਿੰਦਾ ਹਾਂ।
ਜਸਬੀਰ ਕਲਸੀ ਧਰਮਕੋਟ
ਮੋ: 8146813291
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly