ਪਿਛਲੇ ਸਾਲ ਦੌਰਾਨ ਵਧੇਰੇ ਕੇਸਾਂ ਵਾਲੇ ਖੇਤਰਾਂ ਵਿੱਚ ਵਿਸ਼ੇਸ਼ ਤੌਰ ਤੇ ਟੀਮਾਂ ਬਣਾ ਕੇ ਫੀਵਰ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ – ਰਾਮ ਕੁਮਾਰ ਸਿਹਤ ਸੁਪਰਵਾਈਜ਼ਰ
ਮਾਨਸਾ, (ਸਮਾਜ ਵੀਕਲੀ) ਡੇਂਗੂ ਅਤੇ ਚਿਕਨਗੁਨੀਆ ਦੇ ਸੀਜ਼ਨ ਦੌਰਾਨ ਸਿਹਤ ਵਿਭਾਗ ਵੱਲੋਂ ਐਂਟੀ ਡੇਂਗੂ ਕੈਂਪੇਨ ਤਹਿਤ ਡੇਂਗੂ ਤੋਂ ਬਚਾਅ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਸ੍ਰੀ ਸੰਤੋਸ਼ ਭਾਰਤੀ ਦੀ ਅਗਵਾਈ ਹੇਠ ਮਾਨਸਾ ਜ਼ਿਲੇ ਦੇ ਤਿੰਨਾ ਬਲਾਕਾਂ ਵਿੱਚ “ਹਰ ਸ਼ੁਕਰਵਾਰ ਡੇਂਗੂ ਤੇ ਵਾਰ” ਤਹਿਤ ਜਾਗਰੂਕਤਾ ਗਤੀਵਿਧੀਆਂ ਤੇਜ਼ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਸੁਪਰਵਾਈਜ਼ਰ ਸ੍ਰੀ ਰਾਮ ਕੁਮਾਰ ਨੇ ਦੱਸਿਆ ਕਿ ਪਿਛਲੇ ਸਾਲ ਜਿਨ੍ਹਾਂ ਸ਼ਹਿਰੀ ਜਾਂ ਪੇਂਡੂ ਖੇਤਰਾਂ ਵਿੱਚ ਡੇਂਗੂ ਅਤੇ ਚਿਕਨਗੁਨੀਆ ਦੇ ਕੇਸ ਜ਼ਿਆਦਾ ਸਨ ਉਨ੍ਹਾਂ ਖੇਤਰਾਂ ਵਿੱਚ ਟੀਮਾਂ ਬਣਾ ਕੇ ਵਿਸ਼ੇਸ਼ ਤੌਰ ਤੇ ਫੀਵਰ ਸਰਵੇ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਤਾਂ ਕਿ ਇਸ ਵਾਰ ਵਧੇਰੇ ਕੇਸਾਂ ਨੂੰ ਹੋਣ ਤੋਂ ਰੋਕਿਆ ਜਾ ਸਕੇ।
ਇਸੇ ਤਹਿਤ ਅੱਜ ਐਸ. ਐਮ. ਓ. ਡਾਕਟਰ ਇੰਦੂ ਬਾਂਸਲ ਦੀ ਅਗਵਾਈ ਵਿੱਚ ਸਿਹਤ ਬਲਾਕ ਖਿਆਲਾ ਕਲਾਂ ਵਿੱਚ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਫੀਵਰ ਸਰਵੇ ਕਰਵਾਇਆ ਗਿਆ ਅਤੇ ਡੇਂਗੂ ਜਾਗਰੂਕਤਾ ਕੈਂਪਾਂ ਦਾ ਆਯੋਜਨ ਕੀਤਾ ਗਿਆ। ਆਮ ਆਦਮੀ ਕਲੀਨਿਕ ਨੰਗਲ ਕਲਾਂ ਵਿਖੇ ਜਾਣਕਾਰੀ ਦਿੰਦਿਆਂ ਡਾ. ਰਵਨੀਤ ਕੌਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਆਮ ਲੋਕਾਂ ਦਾ ਇਸ ਸਬੰਧੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਪਿੰਡ ਦੇ ਲੋਕਾਂ ਨੂੰ ਡੇਂਗੂ ਅਤੇ ਚਿਕਨਗੁਨੀਆ ਤੋਂ ਬਚਾਅ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਸਿੰਘ ਅਤੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟ੍ਰੇਆਂ ਅਤੇ ਹੋਰ ਪਾਣੀ ਦੇ ਭਾਂਡਿਆਂ ਨੂੰ ਹਫਤੇ ਦੇ ਹਰੇਕ ਸ਼ੁਕਰਵਾਰ ਨੂੰ ਸਾਫ਼ ਕਰਕੇ ਇੱਕ ਵਾਰ ਜਰੂਰ ਸੁਕਾਇਆ ਜਾਵੇ। ਇਸ ਨਾਲ ਡੇਂਗੂ ਫੈਲਾਉਣ ਵਾਲੇ ਮੱਛਰ ਨੂੰ ਪੈਦਾ ਹੋਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡੇਂਗੂ ਦੀ ਜਾਂਚ ਅਤੇ ਇਲਾਜ ਸਾਰੀਆਂ ਸਰਕਾਰੀ ਸੰਸਥਾਵਾਂ ਵਿੱਚ ਮੁੱਫਤ ਕੀਤਾ ਜਾਂਦਾ ਹੈ। ਇਸ ਮੌਕੇ ਪਰਮਜੀਤ ਸਿੰਘ ਸਰਪੰਚ ਨੰਗਲ ਕਲਾਂ, ਡਾ ਵਿਸ਼ਵਜੀਤ ਸਿੰਘ, ਰਮਨਦੀਪ ਕੌਰ ਏ. ਐਨ. ਐਮ., ਫਾਰਮੇਸੀ ਅਫ਼ਸਰ ਸ਼ਮਾਂ ਕੌਸ਼ਲ, ਸਿਮਰਨਜੀਤ ਕੌਰ ਕਲੀਨਿਕ ਅਸਿਸਟੈਂਟ, ਜੱਗਾ ਸਿੰਘ, ਸੁਖਵੀਰ ਸਿੰਘ, ਰਾਜ ਸਿੰਘ, ਬਲਦੇਵ ਸਿੰਘ ਆਦਿ ਤੋਂ ਇਲਾਵਾ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly