( ਨਾਭਾ ): ਪੰਜਾਬ ਭਰ ਦੀਆਂ ਅਨੁਸੂਚਿਤ ਜਾਤੀਆਂ , ਪਛੜੀਆਂ ਸ਼੍ਰੇਣੀਆਂ ਦੀਆਂ ਮੁਲਾਜ਼ਮ ਅਤੇ ਸਮਾਜਿਕ ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ਤੇ ਜਸਵੀਰ ਸਿੰਘ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਮਾਜਿਕ ਅਨਿਆਂ,ਈ ਵੀ ਐਮ ਬੰਦ ਕਰਨ ਅਤੇ ਹੋਰ ਮੰਗਾਂ ਨੂੰ ਲੈਕੇ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫ਼ਤਰ ਸਾਹਮਣੇ ਰੋਸ਼ ਪ੍ਰਦਰਸਨ ਕਰਕੇ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਬੋਲਦਿਆਂ ਜੁਆਇੰਟ ਐਕਸ਼ਨ ਕਮੇਟੀ ਅਤੇ ਜ਼ਬਰ ਜ਼ੁਲਮ ਵਿਰੋਧੀ ਫਰੰਟ ਦੇ ਆਗੂ ਰਾਜ ਸਿੰਘ ਟੋਡਰਵਾਲ ਅਤੇ ਹਰਵਿੰਦਰ ਸਿੰਘ ਮੰਡੇਰ ਨੇ ਕਿਹਾ ਅਨੁਸੂਚਿਤ ਜਾਤੀਆਂ ਤੇ ਪੱਛੜੀਆਂ ਸ਼੍ਰੇਣੀਆਂ ਸਰਕਾਰਾਂ ਦੀ ਅਣਦੇਖੀ ਕਾਰਨ ਜ਼ੁਲਮ ਦਾ ਸ਼ਿਕਾਰ ਰਹੀਆਂ ਹਨ। ਉਹਨਾਂ ਕਿਹਾ ਕਿ ਜਾਅਲੀ ਸਰਟੀਫਿਕੇਟ ਬਣਾ ਕੇ ਰਿਜ਼ਰਵੇਸ਼ਨ ਅਤੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾ ਰਹੇ ਰਿਜ਼ਰਵੇਸ਼ਨ ਚੋਰਾਂ ਦੀਆਂ ਸ਼ਿਕਾਇਤਾਂ ਕਰਨ ਵਾਲੇ ਬਲਵੀਰ ਸਿੰਘ ਆਲਮਪੁਰ ਨੂੰ ਝੂਠੇ ਕੇਸ ਵਿੱਚ ਫਸਾ ਕੇ ਤਾਂ ਬਦਲਾਅ ਦੇ ਨਾਂ ਤੇ ਬਣੀ ਭਗਵੰਤ ਮਾਨ ਸਰਕਾਰ ਨੇ ਸਾਰੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਰਿਜ਼ਰਵੇਸ਼ਨ ਚੋਰਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈਕੇ ਕੇ ਸੰਘਰਸ਼ ਕੀਤਾ ਗਿਆ ਹੈ, ਜਦੋਂ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਨੂੰ ਮੰਗ ਪੱਤਰ ਰਾਹੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਸਰਕਾਰ ਵੱਲੋਂ ਚੋਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਕੇ ਬਲਵੀਰ ਸਿੰਘ ਆਲਮਪੁਰ ਨੂੰ ਝੂਠੇ ਪਰਚੇ ਦਰਜ ਕਰ ਕੇ ਜੇਲ੍ਹ ਚ ਡੱਕਿਆ ਗਿਆ। ਉਹਨਾਂ ਬਲਵੀਰ ਸਿੰਘ ਆਲਮਪੁਰ ਨੂੰ ਰਿਹਾਅ ਕਰਨ ਅਤੇ ਜਾਅਲੀ ਸਰਟੀਫਿਕੇਟ ਧਾਰਕਾਂ ਖ਼ਿਲਾਫ਼ ਕਾਰਵਾਈ ਦੀ ਸਰਕਾਰ ਤੋਂ ਮੰਗ ਕੀਤੀ ਹੈ।
ਇਸ ਦੌਰਾਨ ਆਗੂਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਅਤੇ ਚੋਣਾਂ ਸਮੇਂ ਈ ਵੀ ਐਮ ਦੀ ਵਰਤੋਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਈ ਵੀ ਐਮ ਵੋਟਿੰਗ ਰਾਹੀਂ ਲੋਕਤੰਤਰ ਅਤੇ ਸੰਵਿਧਾਨ ਖ਼ਤਰੇ ਵਿਚ ਜਿਸ ਨੂੰ ਬਚਾਉਣਾ ਸਮੇਂ ਦੀ ਲੋੜ ਹੈ। ਚੋਣਾਂ ਚ ਈ ਵੀ ਐਮ ਮਸ਼ੀਨਾਂ ਨਾਲ ਵੋਟਾਂ ਬੰਦ ਕਰਵਾਉਣ ਲਈ ਉਹਨਾਂ ਰਾਸ਼ਟਰਪਤੀ ਦੇ ਨਾਂ ਵੀ ਮੰਗ ਪੱਤਰ ਦਿੱਤਾ।
ਇਸ ਮੌਕੇ ਤੇ ਕੈਪਟਨ ਹਰਭਜਨ ਸਿੰਘ, ਅਜਾਇਬ ਸਿੰਘ ਨੀਲੋਵਾਲ, ਮਹਿੰਦਰ ਸਿੰਘ, ਹਰਵੀਰ ਸਿੰਘ, ਗੁਰਜੀਤ ਸਿੰਘ ਲਹਿਰਾ, ਨਿਰਮਲ ਸਿੰਘ ਬੰਟੀ ਨੰਗਲਾ, ਗੋਸੀ ਅਠਵਾਲ ਅਤੇ ਅਰਸ਼ ਨੰਗਲਾ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly