(ਸਮਾਜ ਵੀਕਲੀ)

ਬੇਸ਼ੱਕ ਸੰਸਾਰ ਵਿੱਚ ਅਲੱਗ ਅਲੱਗ ਰੰਗ ਰੂਪ, ਨੈਣ ਨਕਸ਼, ਅਤੇ ਕੱਦਕਾਠ ਦੇ ਲੋਕ ਵਸਦੇ ਹਨ ਪਰ ਸਭ ਦੀ ਇੱਕੋ ਮਨੁੱਖੀ ਜਾਤੀ ਹੈ। ਹਰ ਦੇਸ਼ ਦੇ ਲੋਕਾਂ ਦੇ ਇਕੋ ਜਿਹੇ ਅੰਗ ਹਨ ਅਤੇ ਇੱਕੋ ਜਿਹੀਆਂ ਭਾਵਨਾਵਾਂ ਹਨ ਹਰ ਕੋਈ ਖੁਸ਼ੀ,ਗਮੀ, ਗਰਮੀ ਸਰਦੀ ਮਹਿਸੂਸ ਕਰਦਾ ਹੈ ਪਰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨੁੱਖ ਨੂੰ ਅਲੱਗ ਅਲੱਗ ਰੰਗਾਂ ,ਧਰਮਾਂ, ਅਤੇ ਜਾਤਾਂ ਦੇ ਨਾਂ ਤੇ ਵੰਡ ਕੇ ਅੱਜ ਵੀ ਨਸਲੀ ਅਤੇ ਰੰਗ ਭੇਦ ਭਾਵ ਹੋ ਰਹਿਆ ਹੈ। ਇਹੋ ਜਿਹੇ ਨਸਲੀ ਅਤੇ ਰੰਗ ਭੇਦ ਭਾਵ ਦੇ ਖਿਲਾਫ ਸੰਘਰਸ਼ ਦਾ ਨਾਂ ਸੀ ਨੈਲਸਨ ਮੰਡੇਲਾ। ਸਾਊਥ ਅਫਰੀਕਾ ਵਿੱਚ ਜੰਮਿਆ ਇਹ ਮੁੰਡਾ ਕਾਲੇ ਰੰਗ ਦਾ ਸੀ ਕਿਉਂਕਿ ਕਿ ਕਿਸੇ ਵੀ ਦੇਸ਼ ਦੀ ਨਸਲ ਉਥੋਂ ਦੇ ਵਾਤਾਵਰਨ ਤੇ ਨਿਰਭਰ ਕਰਦੀ ਹੈ। ਇਸ ਕਾਲੇ ਰੰਗ ਦੇ ਮੁੰਡੇ ਦਾ ਪੂਰਾ ਨਾਂ ਨੈਲਸਨ ਰੋਲੀਹਲਾ ਮੰਡੇਲਾ ਸੀ। ਉਸ ਦਾ ਜਨਮ 18 ਜੁਲਾਈ 1918 ਨੂੰ ਦੱਖਣੀ ਅਫ਼ਰੀਕਾ ਦੇ ਕੇਪ ਸੂਬੇ ਦੇ ਉਮਤਾਟਾ ਪਿੰਡ ਮਵੇਜੋ ਵਿੱਚ ਹੋਇਆ ਸੀ। ਮੰਡੇਲਾ ਦੇ ਪਿਤਾ ਕਸਬੇ ਦੇ ਕਬਾਇਲੀ ਮੁਖੀ ਸਨ। ਹਾਲਾਂਕਿ, 12 ਸਾਲ ਦੀ ਉਮਰ ਵਿੱਚ ਉਸਦੇ ਪਿਤਾ ਦੀ ਮੌਤ ਹੋ ਗਈ ਸੀ। ਆਪਣੇ ਪਿਤਾ ਦੀ ਮੌਤ ਤੋਂ ਬਾਅਦ, ਨੈਲਸਨ ਨੇ ਕਾਨੂੰਨ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ ਅਤੇ ਆਪਣੀ ਜਾਤੀ ਦੇ ਸਰਦਾਰ ਦਾ ਅਹੁਦਾ ਛੱਡ ਦਿੱਤਾ। ਹਾਲਾਂਕਿ ਉਹ ਆਪਣੀ ਵਕਾਲਤ ਖਤਮ ਹੋਣ ਤੋਂ ਪਹਿਲਾਂ ਹੀ ਰਾਜਨੀਤੀ ਵਿੱਚ ਆ ਗਏ ਸਨ। ਦਰਅਸਲ, ਮੰਡੇਲਾ 1944 ਵਿੱਚ ਅਫਰੀਕਨ ਨੈਸ਼ਨਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਲੋਕਾਂ ਵਿਚ ਆਪਣੀ ਛਾਪ ਛੱਡਣ ਵਾਲੇ ਨੈਲਸਨ ਨੇ ਜਲਦੀ ਹੀ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ ਅਤੇ ਤਿੰਨ ਸਾਲ ਬਾਅਦ ਇਸ ਦਾ ਸਕੱਤਰ ਬਣ ਗਿਆ। ਕੁਝ ਸਾਲਾਂ ਬਾਅਦ, ਮੰਡੇਲਾ ਨੂੰ ਅਫਰੀਕਨ ਨੈਸ਼ਨਲ ਕਾਂਗਰਸ ਦੀ ਕਾਰਜਕਾਰੀ ਕਮੇਟੀ ਦਾ ਮੈਂਬਰ ਵੀ ਚੁਣਿਆ ਗਿਆ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਭਾਰਤ ‘ਚ ਆਜ਼ਾਦੀ ਲਈ ਲੜਾਈ ਲੜੀ ਗਈ ਸੀ, ਉਸੇ ਤਰ੍ਹਾਂ ਨੈਲਸਨ ਨੇ ਦੱਖਣੀ ਅਫਰੀਕਾ ‘ਚ ਆਜ਼ਾਦੀ ਦੇ ਨਾਲ ਨਾਲ ਰੰਗਭੇਦ ਖਿਲਾਫ ਵੀ ਵੱਡਾ ਸੰਘਰਸ਼ ਲੜਿਆ ਹੈ। ਮੰਡੇਲਾ ਨੇ 1944 ਵਿੱਚ ਰੰਗਭੇਦ ਵਿਰੁੱਧ ਅੰਦੋਲਨ ਸ਼ੁਰੂ ਕੀਤਾ ਸੀ। ਉਸ ਸਮੇਂ ਮੰਡੇਲਾ ਅਫਰੀਕਨ ਨੈਸ਼ਨਲ ਕਾਂਗਰਸ ਦੇ ਮੈਂਬਰ ਸਨ। ਉਸੇ ਸਾਲ, ਆਪਣੇ ਦੋਸਤਾਂ ਅਤੇ ਸਮਰਥਕਾਂ ਦੇ ਨਾਲ, ਉਸਨੇ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ। 1947 ਵਿਚ ਉਹ ਲੀਗ ਦਾ ਸਕੱਤਰ ਵੀ ਚੁਣਿਆ ਗਿਆ। ਮੰਡੇਲਾ ਅਤੇ ਉਸ ਦੇ ਦੋਸਤਾਂ ‘ਤੇ ਸਾਲ 1961 ਵਿਚ ਦੇਸ਼ਧ੍ਰੋਹ ਦਾ ਮੁਕੱਦਮਾ ਵੀ ਚਲਾਇਆ ਗਿਆ ਸੀ, ਪਰ ਉਸ ਵਿਚ ਉਨ੍ਹਾਂ ਨੂੰ ਬੇਕਸੂਰ ਮੰਨਿਆ ਗਿਆ ਸੀ। 5 ਅਗਸਤ 1962 ਨੂੰ ਉਹਨਾਂ ਨੂੰ ਮਜਦੂਰਾਂ ਨੂੰ ਹੜਤਾਲ ਲਈ ਉਕਸਾਉਣ ਅਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਹਨਾਂ ਤੇ ਮੁਕੱਦਮਾ ਚਲਿਆ ਅਤੇ 12 ਜੁਲਾਈ 1964 ਨੂੰ ਉਹਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਉਹਨਾਂ ਨੂੰ ਰਾਬਿਨ ਟਾਪੂ ਦੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਇਸ ਨਾਲ ਵੀ ਉਹਨਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਉਹਨਾਂ ਨੇ ਜੇਲ੍ਹ ਵਿੱਚ ਵੀ ਰੰਗ-ਭੇਦ ਦੀ ਨੀਤੀ ਦੇ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਜੀਵਨ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰਨ ਦੇ ਬਾਅਦ ਅਖੀਰ 11 ਫਰਵਰੀ 1990 ਨੂੰ ਉਹਨਾਂ ਦੀ ਰਿਹਾਈ ਹੋਈ। ਰਿਹਾਈ ਦੇ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਦੁਆਰਾ ਉਹਨਾਂ ਨੇ ਇੱਕ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ।1994 ਵਿੱਚ ਦੱਖਣੀ ਅਫਰੀਕਾ ਵਿੱਚ ਰੰਗਭੇਦ ਰਹਿਤ ਚੋਣ ਹੋਏ। ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਮਤ ਪ੍ਰਾਪਤ ਕੀਤੇ ਅਤੇ ਬਹੁਮਤ ਦੇ ਨਾਲ ਉਸਦੀ ਸਰਕਾਰ ਬਣੀ। 10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦੇ ਸਭ ਤੋਂ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 ਵਿੱਚ ਸੰਸਦ ਤੋਂ ਸਹਿਮਤੀ ਮਿਲੀ ਜਿਸਦੇ ਅੰਤਰਗਤ ਰਾਜਨੀਤਕ ਅਤੇ ਪ੍ਰਬੰਧਕੀ ਅਧਿਕਾਰਾਂ ਦੀ ਜਾਂਚ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। 1997 ਵਿੱਚ ਉਹ ਸਰਗਰਮ ਰਾਜਨੀਤੀ ਵੱਲੋਂ ਵੱਖ ਹੋ ਗਏ ਅਤੇ ਦੋ ਸਾਲ ਬਾਅਦ ਉਹਨਾਂ ਨੇ 1999 ਵਿੱਚ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਛੱਡ ਦਿੱਤਾ। 2009 ਵਿੱਚ, ਸੰਯੁਕਤ ਰਾਸ਼ਟਰ ਦੇ ਜਨਰਲ ਅਸੈਂਬਲੀ ਨੇ 18 ਜੁਲਾਈ ਨੂੰ ਮੰਡੇਲਾ ਦੇ ਜਨਮ ਦਿਨ ਨੂੰ ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਵਜੋਂ ਨਿਯੁਕਤ ਕਰ ਦਿੱਤਾ ਸੀ। ਨੈਲਸਨ ਮੰਡੇਲਾ ਦੀ ਮੌਤ 5 ਦਸੰਬਰ, 2013 ਨੂੰ 95 ਸਾਲ ਦੀ ਉਮਰ ਵਿਚ ਆਪਣੇ ਜੋਹੈਨੇਸਬਰਗ ਵਿਖੇ ਹੋਈ। ਦੁਨੀਆਂ ਵਿੱਚ ਇਹੋ ਜਿਹੇ ਮਹਾਨ ਲੋਕ ਬਹੁਤ ਘੱਟ ਹੁੰਦੇ ਹਨ ਜੋ ਆਪਣੀ ਸਾਰੀ ਜ਼ਿੰਦਗੀ ਦੂਜਿਆਂ ਦੀ ਜ਼ਿੰਦਗੀ ਸੰਵਾਰਨ ਲਈ ਕੁਰਬਾਨ ਕਰ ਦਿੰਦੇ ਹਨ। ਇਹੋ ਜਿਹੇ ਲੋਕ ਹਮੇਸ਼ਾ ਲਈ ਅਮਰ ਹੋ ਜਾਂਦੇ ਹਨ।
ਕੁਲਦੀਪ ਸਿੰਘ ਸਾਹਿਲ
9417990040
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly