ਇਕ ਹੋਰ ਸਾਲ

(ਸਮਾਜ ਵੀਕਲੀ)

“ਤਾਈਂ ਨੀ ਤਾਈਂ ! ਤਾਇਆ ਇਸ ਸਾਲ ਵੀ ਨਹੀਂ ਆਇਆ?”
“ਉਹ ਰਾਜੀ ਤੂੰ ਕਦੋਂ ਆਈ ਸਹੁਰਿਆਂ ਤੋਂ?”

“ਤਾਈਂ ਮੈਂ ਤਾਂ ਦੋ ਦਿਨ ਪਹਿਲਾਂ ਹੀ ਆਈ, ਸੋਚਿਆ ਸੀ ਤਾਇਆ ਆ ਗਿਆ ਹੋਣਾ ਮਿਲ ਆਵਾਂਗੀ। ਵਿਆਹ ਤੇ ਵੀ ਤਾਇਆ ਨਹੀਂ ਆਇਆ ਸੀ। ਸੋਚਦੀ ਸੀ ਚੱਲ ਹੁਣ ਤਾਂ ਤਾਏ ਨੂੰ ਵੀ ਮਿਲ ਆਵਾਂਗੀ।”

“ਨਾ ਰਾਜੀ ਇਸ ਸਾਲ ਵੀ ਨਹੀਂ ਆਇਆ ਤੇਰਾ ਤਾਇਆ। ਖ਼ਬਰੇ ਕੀ ਜ਼ਰੂਰੀ ਕੰਮ ਆਣ ਪਿਆ। ਹੋਰ ਤੇਰੇ ਪੁੱਤ ਤਾਰੀ ਦਾ ਕੀ ਹਾਲ ਹੈ? ਸੁੱਖ ਨਾਲ ਬੋਲਣ ਤੁਰਨ ਲੱਗ ਗਿਆ ਹੋਣਾ।”

“ਹਾਂ ਤਾਈ ਠੀਕ ਆ, ਤਾ,,ਤੂ,,,,ਜੀ ਕਰਦਾ, ਬੋਲਣ ਲੱਗ ਜਾਵੇਗਾ ਜਲਦੀ ”

“ਇਸ ਸਾਲ ਵੀ ਨਹੀਂ ਆਏ ਤੁਸੀਂ। ਪਿਛਲੇ ਦਸ ਸਾਲਾਂ ਤੋਂ ਮੈਂ ਤੁਹਾਡੀਆਂ ਇਹੋ ਗੱਲਾਂ ਤੇ ਵਿਸ਼ਵਾਸ ਕਰਦੀ ਆ ਰਹੀ ਆ ਕਿ ਇਸ ਸਾਲ ਤੁਸੀਂ ਜਰੂਰ ਆ ਜਾਓਗੇ। ਹੁਣ ਤਾਂ ਤੁਹਾਡੇ ਬੱਚਿਆਂ ਨੇ ਇਹ ਪੁੱਛਣਾ ਵੀ ਛੱਡ ਦਿੱਤਾ ਕਿ ਪਾਪਾ ਕਦੋਂ ਆਵੇਗਾ। ਤੈਨੂੰ ਤਾਂ ਇਹ ਵੀ ਨਹੀਂ ਪਤਾ ਹੋਣਾ ਕਿ ਤੇਰੀ ਧੀ ਹੁਣ ਦਸਵੀਂ ਜਮਾਤ ਪਾਸ ਕਰਕੇ ਕਾਲਜ਼ ਜਾਣ ਲੱਗੀ ਹੈ ਤੇ ਤੇਰਾ ਪੁੱਤ ਬਸ ਦਿਨ ਰਾਤ ਇਕੋਂ ਭੂਤ ਸਵਾਰ ਬਾਹਰ ਜਾਣਾ ਹੈ ਤੇ ਪਾਪਾ ਤੋਂ ਇਕੋਂ ਸਵਾਲ ਪੁਛਣਾ ਕਿ ਆਖਰ ਸਾਨੂੰ ਵਿਦੇਸ਼ ਜਾ ਕੇ ਕਿਉਂ ਭੁੱਲ ਗਿਆ।

ਹੁਣ ਤਾਂ ਲੋਕਾਂ ਦੇ ਮੈਨੂੰ ਤਾਹਨੇ ਮਿਹਣੇ ਵੀ ਬੁਰੇ ਨਹੀਂ ਲਗਦੇ, ਇਓਂ ਲਗਦਾ, ਜਿਵੇਂ ਸੁਣਨ ਦੀ ਆਦਤ ਜੀ ਹੋ ਗੲੀ, ਕਿ ਤੇਰਾ ਖ਼ਸਮ ਤੈਨੂੰ ਛੱਡ ਗੋਰੀ ਮੇਮ ਨਾਲ ਸੈੱਟ ਹੋ ਗਿਆ। ਤੇਰੇ ਭਰਾਵਾਂ ਨੇ ਵੀ ਬੜਾ ਵਕ਼ਤ ਨੂੰ ਤੱਕਣਾ ਚਾਹਿਆ । ਬੜਾ ਆਪਣਿਆਂ ਦੇ ਬੋਲ ਕੁਬੋਲ ਵੀ ਸੁਣਦੀ ਰਹੀ, ਹੁਣ ਸੋਚਦੀ ਹਾਂ ਕਿ ਉਹਨਾਂ ਸਭ ਦੀ ਸੁਣ ਲੈਂਦੀ ਕਿ ਇਕੱਲੇ ਬੰਦੇ ਨੂੰ ਪ੍ਰਦੇਸ਼ ਨਹੀਂ ਭੇਜਣਾ ਚਾਹੀਦਾ, ਇਹ ਮੁੜ ਨਹੀਂ ਆਉਂਦੇ।

ਮੇਰਾ ਕਿਹੜਾ ਦਿਲ ਕਰਦਾ ਸੀ ਤੈਨੂੰ ਆਪਣੇ ਤੋਂ ਦੂਰ ਕਰਨ ਨੂੰ, ਤੇਰੇ ਛੋਟੇ ਛੋਟੇ ਬੱਚਿਆਂ ਨੂੰ ਬਾਪ ਦੇ ਮੋਹ ਤੋਂ ਵਾਂਝਾ ਕਰਨ ਨੂੰ। ਪਰ ਤੈਨੂੰ ਤਾਂ ਪਤਾ ਹੀ ਆ ਆਪਾਂ ਬੜੀ ਕੋਸ਼ਿਸ਼ ਕੀਤੀ ਪੰਜਾਬ ਵਿੱਚ ਰਹਿ ਕੇ ਹੀ ਰੋਜ਼ੀ ਰੋਟੀ ਕਮਾਉਣ ਦੀ। ਆਪਾਂ ਤਾਂ ਪਿੰਡ ਛੱਡ ਸ਼ਹਿਰ ਆ ਕੇ ਵੀ ਰਹਿਣ ਲੱਗੇ ਸੀ, ਕਿ ਚੱਲ ਸ਼ਹਿਰ ਵਿਚ ਹੀ ਕੋਈ ਸੌਖਾ ਕੰਮ ਮਿਲ ਜਾਊ। ਦੋ ਵਿੱਘੇ ਜ਼ਮੀਨ ਵੀ ਵੇਚਣੀ ਪਈ ਸ਼ਹਿਰ ਵਿਚ ਘਰ ਲੈਣ ਲਈ।

ਚੰਦਰੀ ਕਿਸ਼ਮਤ ਖੋਟੀ ਨਾ ਹੁੰਦੀ ਤਾਂ ਵਧੀਆ ਸੂਤ ਆ ਗਿਆ ਸੀ ਆਪਣਾ ਸ਼ਹਿਰ ਵਿਚ। ਉਪਰੋਂ ਬਾਪੂ ਜੀ (ਸਹੁਰਾ) ਦੀ ਮੌਤ ਹੋ ਗਈ ਤੇ ਭੈਣ (ਨਣਦ) ਦਾ ਵਿਆਹ ਧਰਿਆ ਹੋਇਆ ਸੀ। ਬਾਪੂ ਜੀ ਹੁੰਦੇ ਤਾਂ ਆਪੇ ਕਰ ਜਾਂਦੇ ਮਹਿੰਗਾ ਸਸਤਾ। ਪਰ ਹੁਣ ਉਹਨਾਂ ਦੇ ਜਾਣ ਮਗਰੋਂ ਤਾਂ ਵਿਚੋਲੇ ਨੇ ਮੂੰਹ ਹੀ ਅੱਡ ਲਿਆ । ਟੱਬਰ ਦੀ ਆਣ ਖ਼ਾਤਰ ਆੜਤੀਏ ਤੋਂ ਕਰਜ਼ ਲੈਣਾ ਪਿਆ। ਜੇਕਰ ਵਿਆਹ ਨਾ ਹੁੰਦਾ ਤਾਂ ਸ਼ਰੀਕਾਂ ਨੇ ਭਰੀ ਪ੍ਰੋ ਵਿਚ ਤਾਹਨੇ ਮਿਹਣੇ ਮਾਰ ਕੇ ਜਿਉਣਾ ਹਰਾਮ ਕਰ ਦੇਣਾ ਸੀ।

ਪਰ ਮੈਨੂੰ ਕੀ ਪਤਾ ਸੀ ਉਹ ਕਰਜ਼ ਉਤਾਰਨ ਲਈ ਮੈਨੂੰ ਆਪਣੇ ਬੱਚਿਆਂ ਤੋਂ ਉਨ੍ਹਾਂ ਦਾ ਬਾਪ ਦੂਰ ਕਰਨਾ ਪਵੇਗਾ। ਤੁਸੀਂ ਬਾਹਰ ਤਾਂ ਚਲੇ ਗਏ ਪਰ ਆੜਤੀਏ ਨੇ ਸਾਡਾ ਪਿਛੋਂ ਜਿਉਣਾ ਦੁੱਭਰ ਕਰ ਦਿੱਤਾ। ਘਰ ਦੀਆਂ ਦੇਹਲੀਆ ਨੀਵੀਆਂ ਕਰ ਦਿੱਤੀਆਂ ਉਸਨੇ ਆਪਣੇ ਪੈਸੇ ਵਾਪਸ ਲੈਣ ਲਈ। ਦਿਨ ਰਾਤ ਬੱਚਿਆਂ ਨੂੰ ਲੋਕ ਕਰਜ਼ਾਈ ਪਿਉਂ ਦੀ ਔਲਾਦ ਕਹਿ ਬੁਲਾਉਂਦੇ। ਮੁੰਡੇ ਨੇ ਤਾਂ ਘਰੋਂ ਬਾਹਰ ਜਾਣਾ ਹੀ ਛੱਡ ਦਿੱਤਾ। ਫੇਰ ਪਿੰਡ ਵਾਲੇ ਪਾਪਾ ਨੇ ਆਪਣਾ ਪਿੰਡ ਵਾਲਾ ਘਰ ਵੇਚ ਕੇ ਆੜਤੀਏ ਦਾ ਮੂੰਹ ਤਾਂ ਬੰਦ ਕਰ ਦਿੱਤਾ।

ਪਰ ਜਿਸ ਬੰਦੇ ਤੋਂ ਪੈਸੇ ਲੈਣ ਕੇ ਤੈਨੂੰ ਬਾਹਰ ਭੇਜਿਆ ਸੀ ਉਹ ਦਿਨ ਰਾਤ ਘਰ ਗੇੜੀ ਮਾਰਨ ਲੱਗਾ। ਤੈਨੂੰ ਵੀ ਕਿੰਨੇ ਵਾਰ ਫੋਨ ਕੀਤੇ ਚਿੱਠੀ ਵੀ ਭੇਜੀ, ਪਰ ਅਸਲ ਦੋਸ਼ ਤੇਰਾ ਵੀ ਨਹੀਂ ਚੰਦਰੀ ਕਰੋਨਾ ਮਹਾਂਮਾਰੀ ਨੇ ਸਾਰੇ ਦੇਸ਼ਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ। ਜਿਸ ਕਰਕੇ ਸਭ ਕੰਮ ਠੱਪ ਹੋ ਗੲੇ, ਕਮਾਉਣਾ ਤਾਂ ਦੂਰ ਪੱਲਿਉਂ ਖ਼ਰਚ ਕੇ ਖਾਣਾ ਪਿਆ।

ਹੁਣ ਜਦੋਂ ਦਾ ਲਾਕਡਾਊਨ ਖੁਲਿਆ। ਤੇਰੇ ਵੱਲ ਫਿਰ ਆਸ ਬੱਝੀ ਆ। ਹੁਣ ਤਾਂ ਲੋਕਾਂ ਦੀਆਂ ਬੁਰੀਆਂ ਨਜ਼ਰਾਂ ਤੋਂ ਮੇਰੀ ਰੱਖਿਆ ਕਰਨ ਵਾਲਾ ਬਾਪ ਦਾ ਸਾਇਆ ਵੀ ਸਿਰ ਤੋਂ ਉੱਠ ਗਿਆ ਹੈ। ਹੁਣ ਤਾਂ ਮੈਂ ਬਿਲਕੁਲ ਇਕੱਲੀ ਰਹਿ ਗਈ ਆ। ਤੇਰੇ ਬੱਚਿਆਂ ਨੂੰ ਹੋਰ ਕਿੰਨੇ ਕੁ ਦਿਲਾਸੇ ਦੇਵਾਂ ਹੁਣ ਤੂੰ ਹੀ ਦੱਸ। ਹੁਣ ਤਾਂ ਪਤਾ ਨਹੀਂ ਕਿਉਂ ਤੇਰੇ ਪਹਿਲਾਂ ਵਾਂਗ ਫੋਨ ਵੀ ਨਹੀਂ ਆਉਂਦੇ । ਪਹਿਲਾਂ ਮਹੀਨੇ ਵਿਚ ਇਕ ਦੋ ਵਾਰ ਗੱਲ ਤਾਂ ਹੋ ਹੀ ਜਾਂਦੀ ਸੀ। ਤੈਨੂੰ ਯਾਦ ਹੈ ਤੇਰੀ ਚਿੱਠੀ ਆਈ ਨੂੰ ਵੀ ਦੋ ਸਾਲ ਹੋਣ ਤੇ ਆਏ।

ਹਰ ਸਾਲ ਕਲੰਡਰ ਤੇ ਲਾਈਨਾਂ ਮਾਰ ਮਾਰ ਪੈਨਸਿਲ ਵੀ ਘੱਸ ਗੲੀ ਹੈ। ਹਰ ਸਾਲ ਤੇਰੀ ਉਡੀਕ ਵਿਚ ਤੇਰੇ ਲੇਖੇ ਲੱਗ ਜਾਂਦਾ। ਹੁਣ ਤੂੰ ਹੀ ਦੱਸ ਹੋਰ ਕਿੰਨੇ ਸਾਲ ਤੇਰੀ ਉਡੀਕ ਲੇਖੇ ਲਗਾਵਾਂ। ਹੁਣ ਤਾਂ ਤੈਨੂੰ ਆਉਣਾ ਪਵੇਗਾ, ਕਿਉਂਕਿ ਤੇਰਾ ਪੁੱਤ ਜੋ ਵਿਦੇਸ਼ ਜਾਣ ਦੀ ਜ਼ਿੱਦ ਫੜੀ ਬੈਠਾ। ਉਸ ਨੂੰ ਠੱਲ੍ਹ ਪਾਉਣ ਲਈ ਹੀ ਆ ਜਾ, ਮੈਂ ਪਤੀ ਦਾ ਇੰਤਜ਼ਾਰ ਕਰਕੇ ਉਮਰੋਂ ਪਹਿਲਾਂ ਬੁੱਢੀ ਦਿਖਣ ਲੱਗੀ ਆ। ਪਰ ਇਸ ਹਨੇਰ ਨਗਰੀ ਵਿਚ ਪੁੱਤ ਨੂੰ ਭੇਜ ਉਸਦਾ ਇੰਤਜ਼ਾਰ ਕਰਨ ਜੋਗਾ ਸਬਰ ਨਹੀਂ ਮੇਰੇ ਕੋਲ। ਹਾੜਾ ਇਕ ਵਾਰ ਹੀ ਆ ਜਾ ਲੋਕਾਂ ਦੇ ਤਾਹਨਿਆ ਮਿਹਣਿਆਂ ਨੂੰ ਗ਼ਲਤ ਸਾਬਤ ਕਰਨ ਲਈ ਹੀ ਆ ਜਾ। ਦੱਸ ਕੇ ਉਨ੍ਹਾਂ ਨੂੰ ਵੀ ਪ੍ਰਦੇਸ਼ ਗੲੇ ਵੀ ਮੁੜ ਆਉਂਦੇ ਨੇ।

ਮੇਰੇ ਸ਼ਰੀਕੇ ਵਾਲਿਆਂ ਨੂੰ ਇਹ ਦੱਸਣ ਲਈ ਹੀ ਆ ਜਾ ਵੀ ਤੇਰੀ ਔਰਤ ਨੂੰ ਡਾਲਰ ਨਹੀਂ ਖ਼ਸਮ ਪਿਆਰਾ। ਵੇ ਰੱਬ ਦਾ ਵਾਸਤਾ ਆ ਜਾ।”

“ਮੋਮ- ਮੋਮ (ਮੰਮੀ) ਆਪ ਕਿਸ ਦਾ ਲੈਟਰ ਪੜ ਰਹੇ ਹੋ ਜੋ ਅੱਖਾਂ ਵਿਚੋਂ ਹੰਝੂ ਵਹਾਉਣ ਲੱਗੇ।”

“ਓ ਮਾਈ ਸਵੀਟ ਡਾੱਟਰ (ਮੇਰੀ ਪਿਆਰੀ ਬੇਟੀ) ਇਹ ਖ਼ਤ ਆਪਣੇ ਸਰਵੈਂਟ (ਨੌਕਰ) ਬਿਸ਼ਨੇ ਦੇ ਨਾਂ ਇੰਡੀਆ ਤੋਂ ਆਇਆ ਸੀ।”

“ਓ ਮਾਈ ਗੌਂਡ (ਓ ਮੇਰੇ ਰੱਬਾ) ਬਿਸ਼ਨਾ ਅੰਕਲ ਦੇ ਨਾਂ, ਪਰ ਮੋਮ ਤੁਸੀਂ ਤਾਂ ਜਾਣਦੇ ਹੋ ਸਭ ਕਿ ਉਹਨਾਂ ਦੇ ਖ਼ਤ ਅਜੇ ਵੀ ਇਸ ਪਤੇ ਤੇ ਆ ਰਹੇ ਨੇ ? ”

“ਯੈੱਸ ਮਾਈ ਡਾੱਟਰ (ਹਾਂ ਮੇਰੀ ਬੇਟੀ) ਸਭ ਜਾਣਦੀ ਮੈਂ। ਪਰ ਉਹਨਾਂ ਦੇ ਪਰਿਵਾਰ ਵਾਲੇ ਅਜੇ ਵੀ ਉਹਨਾਂ ਦਾ ਇੰਡੀਆ ਵਿੱਚ ਇੰਤਜ਼ਾਰ ਕਰ ਰਹੇ ਹਨ।”

“ਓ ਗੌਂਡ ਪਲੀਜ਼ ਤੁਸੀਂ ਉਹਨਾਂ ਨੂੰ ਸਭ ਦੱਸ ਦੇਣਾ ਸੀ।”

“ਹਾਂ ਮੇਰੀ ਬੇਟੀ ਹੁਣ ਮੈਂ ਵੀ ਸੋਚ ਰਹੀ ਆ ਕਿ ਇਹ ਹਰ ਸਾਲ ਵਾਪਸ ਆਉਣ ਦੀ ਉਡੀਕ ਦਾ ਸਿਲਸਿਲਾ ਹੁਣ ਮੈਂ ਇਥੇ ਹੀ ਰੋਕ ਦੇਵਾ ਤੇ ਉਹਨਾਂ ਨੂੰ ਕਹਿ ਦੇਣਾ ਵੀ ਉਹਨਾਂ ਨੂੰ ਇਹ ਸਾਲ ਉਸਦੇ ਲੇਖੇ ਲਾਉਣ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਇੰਤਜ਼ਾਰ ਜਿਊਂਦਿਆਂ ਦੇ ਕੀਤੇ ਜਾਂਦੇ ਜਿੰਨਾ ਵਾਪਸ ਮੁੜ ਆਉਣਾ ਹੋਵੇ ਮਰਿਆ ਦੀਆਂ ਤਾਂ ਬਸ ਯਾਦਾਂ ਹੀ ਹੁੰਦੀਆਂ। ਜਿਸ ਬਿਸ਼ਨੇ ਦੇ ਲੇਖੇ ਉਹ ਹਰ ਸਾਲ ਲਗਾ ਰਹੀ ਉਹ ਬਿਸ਼ਨਾ ਤਾਂ ਦੋ ਸਾਲ ਪਹਿਲਾਂ ਹੀ ਇਸ ਦੁਨੀਆਂ ਤੋਂ ਆਪਣਾ ਸਮਾਂ ਖਤਮ ਕਰਕੇ ਜਾਂ ਚੁੱਕਾ।

ਹਾਂ ਧੀਏ ਮੈਂ ਇਹ ਸਾਲ ਉਸਦੇ ਲੇਖੇ ਨਹੀਂ ਲਾਉਣ ਦੇਵਾਂਗੀ ਮੈਂ ਆਪ ਜਾਵਾਂਗੀ ਇੰਡੀਆ। ਮੈਂ ਇਸੇ ਸਾਲ ਜਾਵਾਂਗੀ ਇੰਡੀਆ।”

ਪ੍ਰੀਤ ਪ੍ਰਿਤਪਾਲ (ਸੰਗਰੂਰ)

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸੱਚਾ ਮੋਹ
Next articleਖੋ-ਖੋ ਸਟੇਟ ਪੱਧਰੀ ਮੁਕਾਬਲਿਆਂ ਵਿੱਚ ਲੜਕੀਆਂ ਨੇ ਜਿੱਤਿਆ ਚਾਂਦੀ ਦਾ ਤਗਮਾ