ਆਵਾਜ਼ ਦੀ ਦੁਨੀਆਂ ਦਾ ਇੱਕ ਹੋਰ ਦਰਖਤ ਡਿੱਗ ਪਿਆ…

(ਸਮਾਜ ਵੀਕਲੀ)

ਪ੍ਰਸਾਰਨ, ਕਲਾ ਅਤੇ ਆਵਾਜ਼ ਦੀ ਦੁਨੀਆਂ ਵਿੱਚ ਇੱਕ ਹੋਰ ਵੱਡਾ ਝਟਕਾ ਲੱਗ ਗਿਆ। *ਨਮਸਕਾਰ ਬਹਿਨੋ ਔਰ ਭਾਈਓ, ਮੈਂ ਆਪ ਕਾ ਦੋਸਤ ਅਮੀਨ ਸਯਾਨੀ ਬੋਲ ਰਹਾ ਹੂੰ* ਆਪ ਸਭ ਨੂੰ ਪਤਾ ਲੱਗ ਹੀ ਗਿਆ ਹੈ ਕਿ ਆਵਾਜ਼ ਦੀ ਦੁਨੀਆਂ ਦੇ ਬਾਦਸ਼ਾਹ ਸੁਰ ਸਮਰਾਟ ਅਮੀਨ ਸਯਾਨੀ ਜੀ ਇਸ ਫਨਾ  ਦੁਨੀਆਂ ਤੋਂ ਹਮੇਸ਼ਾ ਹਮੇਸ਼ਾ ਲਈ ਰੁਖਸਤ ਹੋ ਗਏ। ਆਵਾਜ਼ ਦੀ ਦੁਨੀਆਂ ਦਾ ਇੱਕ ਬਹੁਤ ਵੱਡਾ ਸਿਤਾਰਾ ਟੁੱਟ ਗਿਆ। ਪਿਛਲੇ ਜਮਾਨੇ ਵਿੱਚ ਜਿਹੜੇ ਲੋਕ ਰੇਡੀਓ ਸਿਲੋਨ( ਸ੍ਰੀ ਲੰਕਾ ਬਰੌਡਕਾਸਟਿੰਗ ਸਿੰਘ ਕਾਰਪੋਰੇਸ਼ਨ ਲਿਮਟਡ) ਤੋ ਪ੍ਰੋਗਰਾਮ ਸੁਣਿਆ ਕਰਦੇ ਸਨ ਉਹ ਜਾਣਦੇ ਹਨ ਉਹਨਾਂ ਦਿਨਾਂ ਵਿੱਚ ਅਮੀਨ ਸਯਾਨੀ ਦਾ ਬਹੁਤ ਵੱਡਾ ਡੰਕਾ ਵੱਜਦਾ ਸੀ, ਉਹ ਵੀ ਪ੍ਰਯੋਜਿਤ ਪ੍ਰੋਗਰਾਮਾਂ ਵਿੱਚ, ਉਨਾਂ ਨੇ ਦੰਦਾਂ ਦੇ ਮੰਜ਼ਨ ਵਾਲੀ ਕੰਪਨੀ ਵੱਲੋਂ ਪ੍ਰਯੋਜਿਤ ਪ੍ਰੋਗਰਾਮ ਬਿਨਾਕਾ/ ਸਿਵਾਕਾ ਗੀਤ ਮਾਲਾ ਪੇਸ਼ ਕਰਕੇ ਬਹੁਤ ਉੱਚੇ ਝੰਡੇ ਗੱਡੇ ਸਨ। ਉਹਨਾਂ ਦਿਨਾਂ ਵਿੱਚ ਇਹ ਗੀਤ ਮਾਲਾ ਪ੍ਰੋਗਰਾਮ ਅੱਜ ਕੱਲ ਦੇ ਚਿੱਤਰਹਾਰ ਤੋਂ ਵੀ ਕਿਤੇ ਵੱਡਾ ਮੰਨਿਆ ਜਾਂਦਾ ਸੀ। ਉਹਨਾਂ ਦਿਨਾਂ ਵਿੱਚ ਸਾਡੇ ਆਕਾਸ਼ਵਾਣੀ ਤੋਂ ਅਯੋਜਿਤ ਪ੍ਰੋਗਰਾਮਾਂ ਜਾਂ ਵਿਗਿਆਪਨ ਪ੍ਰੋਗਰਾਮਾਂ ਦਾ ਪ੍ਰਬੰਧ ਨਹੀਂ ਸੀ, ਇਸ ਕਾਰਨ ਲੋਕ ਰੇਡੀਓ ਸਿਲੋਨ ਨੂੰ ਵੱਧ ਮਹੱਤਤਾ ਦਿੰਦੇ ਸਨ।ਅਮੀਨ ਸਯਾਨੀ ਦੇ ਬੋਲਣ ਦਾ ਅੰਦਾਜ਼ ਵੱਖਰਾ ਹੀ ਸੀl  ਪ੍ਰੋਗਰਾਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਅੰਦਾਜ਼ ਨਾਲ ਇਸ ਕਲਾ ਨਾਲ ਜੋੜਦੇ ਕਿ ਸੁਣਨ ਵਾਲਾ ਹੈਰਾਨ ਹੀ ਰਹਿ ਜਾਂਦਾl ਹਰ ਬੁੱਧਵਾਰ ਨੂੰ ਰਾਤ 8 ਵਜੇ ਇਹ ਗੀਤ ਮਾਲਾ ਪੇਸ਼ ਕੀਤੀ ਜਾਇਆ ਕਰਦੀ ਸੀ। ਲੋਕ ਰੇਡੀਓ ਨਾਲ ਸਿਰ ਨਾਲ ਸਿਰ  ਜੋੜ ਕੇ ਬਹਿ ਜਾਂਦੇ। ਉਸ ਜਮਾਨੇ ਦੇ ਹਿੱਟ ਗੀਤ ਉਸ ਸਮੇਂ ਦੀ ਪ੍ਰਸਿੱਧੀ ਅਨੁਸਾਰ ਉਸ ਕ੍ਰਮ ਵਿੱਚ ਸੁਣਾਏ ਜਾਂਦੇ ਜਿਸ ਕ੍ਰਮ ਵਿੱਚ ਉਸ ਗੀਤ ਦੀ ਪ੍ਰਸਿੱਧੀ ਬਣਦੀ  ਹੋਵੇ। ਲੋਕ ਹਰ ਹਫਤੇ ਇਸ ਤਾਕ ਵਿੱਚ ਰਹਿੰਦੇ ਕਿ ਦੇਖੀਏ ਇਸ ਹਫਤੇ ਕਿਹੜਾ ਗੀਤ ਸਭ ਤੋਂ ਉੱਪਰ ਆਉਂਦਾ ਹੈ। ਉਹਨਾਂ ਦਿਨਾਂ ਵਿੱਚ ਨਵੀਂ ਫਿਲਮ ਨੂੰ ਪ੍ਰਮੋਟ ਕਰਨ ਵਾਸਤੇ ਫ਼ਿਲਮਾਂ ਦਾ 15, 15 ਮਿੰਟ ਦਾ ਰੇਡੀਓ ਪ੍ਰੋਗਰਾਮ  ਪੇਸ਼ ਕੀਤਾ ਜਾਂਦਾ ਸੀ। ਜਿਸ ਵਿੱਚ ਉਸ ਫਿਲਮ ਦੇ ਗੀਤਾਂ ਦੀਆਂ ਝਲਕਾਂ ਹੁੰਦੀਆਂ ਸਨ। ਸੰਨ 1965 ਵਿੱਚ ਆਈ ਫਿਲਮ ‘ਭੂਤ ਬੰਗਲਾ’ ਵਿੱਚ ਵੀ ਉਹਨਾਂ ਨੂੰ ਵੇਖਿਆ ਜਾ ਸਕਦਾ ਸੀ। ਗੀਤ ਮਾਲਾ ਪ੍ਰੋਗਰਾਮ ਵਿਵਿਧ ਭਾਰਤੀ ਤੋ ਵੀ ਪੇਸ਼ ਹੁੰਦਾ ਰਿਹਾ। ਅਮੀਨ ਸਯਾਨੀ ਨੇ ਇਸ ਤਰ੍ਹਾਂ ਦਾ ਪ੍ਰੋਗਰਾਮ ਦੂਰਦਰਸ਼ਨ ਤੇ ਉਸ ਵੇਲੇ ਦੇ ਮੈਟਰੋ ਚੈਨਲ ਤੋਂ ਵੀ ਲੜੀਵਾਰ ਪੇਸ਼ ਕੀਤਾ ਸੀ ਜਿਸ ਵਿੱਚ ਉਸ ਨੂੰ ਸੁਣਨ ਦੀ ਬਜਾਏ ਦੇਖਿਆ ਵੀ ਜਾਂਦਾ ਸੀ।ਗੀਤ ਮਾਲਾ ਦੀ ਸਾਂਭ ਸੰਭਾਲ ਵਾਸਤੇ ਵੀ ਉਸਨੇ ਇਸ ਦੀਆਂ ਸੀਡੀਜ ਸੈਟ ਵੀ ਰਿਲੀਜ਼ ਕੀਤਾ ਸੀ ਜੋ ਸਾਨੂੰ ਉਸ ਦੀਆਂ ਯਾਦਾਂ ਨੂੰ ਤਾਜ਼ਾ ਕਰਵਾਉਂਦਾ ਰਹੇਗਾ। ਉਹ  ਕਿਹਾ ਕਰਦੇ ਸਨ ਕਿ ਅਸੀਂ ਕੀ ਬੋਲ ਰਹੇ ਹਾਂ ਇਸ ਬਾਰੇ ਸੁਣਨ ਵਾਲੇ ਨੂੰ ਪਤਾ ਲੱਗਣਾ ਚਾਹੀਦਾ ਹੈ। ਆਵਾਜ਼ ਦੀ ਦੁਨੀਆਂ ਦਾ ਬਹੁਤ ਵੱਡਾ ਦਰਖਤ ਡਿੱਗ ਪਿਆ ਹੈ। ਰੱਬ ਉਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਰੇਡੀਓ ਪ੍ਰਸਾਰਕ ਤੇ ਸਰੋਤੇ ਉਹਨਾਂ ਦੀ ਆਵਾਜ਼ ਤੋਂ ਪ੍ਰੇਰਨਾ ਲੈਣ। ਇਹ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਗੁਰਮੀਤ ਸਿੰਘ ਖਾਨਪੁਰੀ

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ 647 ਵੇ  ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।
Next articleਗ਼ਜ਼ਲ/ ਹਰ ਕਦਮ ਤੇ