ਨੰਗਲ (ਸਮਾਜ ਵੀਕਲੀ): ਇੱਕ ਨਿੱਜੀ ਸਕੂਲ ਦੇ ਮੁਖੀ ਦੀਆਂ ਸਕੂਲ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਣ ਉਪਰੰਤ ਨੰਗਲ ਪੁਲੀਸ ਨੇ ਜਿੱਥੇ ਪਹਿਲਾਂ ਕਥਿਤ ਦੋਸ਼ੀ ਪ੍ਰਿੰਸੀਪਲ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਉੱਥੇ ਰਿਮਾਂਡ ਦੌਰਾਨ ਕਥਿਤ ਦੋਸ਼ੀ ਵੱਲੋਂ ਕੀਤੇ ਖੁਲਾਸੇ ’ਤੇ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਨੇ ਕਥਿਤ ਤੌਰ ’ਤੇ ਇਤਰਾਜ਼ਯੋਗ ਤਸਵੀਰਾਂ ਵਾਇਰਲ ਕੀਤੀਆਂ ਸਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੀਐੱਸਪੀ ਸਤੀਸ਼ ਕੁਮਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਸ਼ਿਵ ਕੁਮਾਰ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਕਥਿਤ ਦੋਸ਼ੀ ਦਾ ਲੈਪਟਾਪ ਸ਼ਿਵ ਕੁਮਾਰ ਇਸਤੇਮਾਲ ਕਰਦਾ ਸੀ ਜਿਸ ਨੇ ਉਸ ਵਿੱਚੋਂ ਇਹ ਤਸਵੀਰਾਂ ਅਤੇ ਵੀਡੀਓਜ਼ ਚੋਰੀ ਕਰ ਲਈਆਂ।
ਉਨ੍ਹਾਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲਈ ਸਿੱਟ ਦਾ ਗਠਨ ਕੀਤਾ ਗਿਆ ਹੈ। ਇੱਕ ਦੂਜੇ ਮਾਮਲੇ ਵਿੱਚ ਉਨ੍ਹਾਂ ਕਿਹਾ ਕਿ ਪਿੰਡ ਰਾਏਪੁਰ ਪੱਟੀ ਦੇ ਇੱਕ ਪਿਓ-ਪੁੱਤ ਦੀ ਲੜਾਈ ਦਾ ਮਾਮਲਾ ਥਾਣੇ ਆਇਆ ਸੀ ਜਿਸਨੂੰ ਲੈ ਕੇ ਦੋਵਾਂ ’ਚ ਰਜ਼ਾਮੰਦੀ ਕਰਵਾ ਕੇ ਭੇਜਿਆ ਗਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਥਾਣਾ ਨੰਗਲ ਵਿੱਚ ਕੁੱਟਮਾਰ ਦੇ ਦੋਸ਼ ਲਾਏ ਹਨ ਪਰ ਅਜਿਹਾ ਕੁਝ ਨਹੀਂ ਵਾਪਰਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਨਵਾਂ ਨੰਗਲ ਚੌਕੀ ਇੰਚਾਰਜ ਅਤੇ ਇੱਕ ਹੋਰ ਮੁਲਾਜ਼ਮ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਪਿੰਡਾਂ ਵਿੱਚ ਬੈਂਚ ਰੱਖਣ ਦੇ ਮਾਮਲੇ ’ਚ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਫਿਰ ਵੀ ਕੋਈ ਸ਼ਿਕਾਇਤ ਕਰਦਾ ਹੈ ਤਾਂ ਜਾਂਚ ਕਰਵਾਈ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly