ਤਨਖਾਹ ਕਮਿਸ਼ਨ ਅਤੇ ਅਧਿਆਪਕਾਂ ਦੀਆਂ ਹੋਰ ਮੰਗਾਂ ਹੱਲ ਨਾ ਕਰਨ ਖਿਲਾਫ਼ ਤਿੱਖੇ ਸੰਘਰਸ਼ ਦਾ ਐਲਾਨ

ਮੁਲਾਜ਼ਮ ਅਤੇ ਪੈਨਸ਼ਨਰ 18 ਨੂੰ ਕਰਨਗੇ ਓ.ਪੀ. ਸੋਨੀ ਦੇ ਘਰ ਦਾ ਘਿਰਾਓ—ਸਾਂਝਾ ਅਧਿਆਪਕ ਮੋਰਚਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਛੇਵੇਂ ਪੰਜਾਬ ਤਨਖਾਹ ਕਮਿਸ਼ਨ ਰਾਹੀਂ ਤਨਖਾਹ ਭੱਤਿਆਂ ਵਿੱਚ ਵਾਧਾ ਕਰਨ ਦੀ ਥਾਂ ਮੁਲਾਜ਼ਮਾਂ *ਤੇ ਵੱਡਾ ਆਰਥਿਕ ਹੱਲਾ ਵਿੱਡਣ, ਕੱਚੇ/ਸੁਸਾਇਟੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕਰਨ ਅਤੇ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਵੱਲੋਂ ਬੀਤੀ 25 ਜੂਨ ਨੂੰ ਸਾਂਝਾ ਅਧਿਆਪਕ ਮੋਰਚਾ ਨਾਲ ਕੀਤੀ ਮੀਟਿੰਗ ਦੌਰਾਨ ਕਈ ਅਹਿਮ ਮੰਗਾਂ ਤੇ ਸਹਿਮਤੀ ਦੇਣ ਦੇ ਬਾਵਜੂਦ ਪੂਰੀਆਂ ਨਾ ਕਰਨ ਖਿਲਾਫ਼ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ 18 ਜੁਲਾਈ ਨੂੰ ਪੰਜਾਬ ਦੇ 12 ਕੈਬਨਿਟ ਮੰਤਰੀਆਂ/ ਕਾਂਗਰਸ ਆਗੂਆਂ ਦੇ ਘਰਾਂ ਅੱਗੇ ਵਿਸ਼ਾਲ ਰੋਸ ਧਰਨਿਆਂ ਲਈ ਤਿਆਰੀ ਤੇਜ਼ ਕਰ ਦਿੱਤੀ ਹੈ।

ਇਸ ਦੇ ਨਾਲ ਹੀ 29 ਜੁਲਾਈ ਨੂੰ ਪਟਿਆਲਾ ਸ਼ਹਿਰ ਵਿੱਚ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੀ ਅਗਵਾਈ *ਚ ਹੋਣ ਜਾ ਰਹੀ ਹੱਲਾ—ਬੋਲ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਸ਼ਾਮਿਲ ਕਰਾਉਣ ਦਾ ਐਲਾਨ ਵੀ ਕੀਤਾ ਗਿਆ। ਇਸ ਸਬੰਧੀ ਸਾਂਝਾ ਅਧਿਆਪਕ ਮੋਰਚਾ ਕਪੂਰਥਲਾ ਦੀ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਆਗੂਆਂ ਜੈਮਲ ਸਿੰਘ, ਸੁਖਦਿਆਲ ਸਿੰਘ ਝੰਡ, ਬਲਦੇਵ ਸਿੰਘ ਸਿੱਧੂ ਅਤੇ ਜੀਵਨਜੋਤ ਸਿੰਘ ਮੱਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਇੱਕਤਰ ਆਗੂਆਂ ਕਿਹਾ ਕਿ ਸਾਂਝੇ ਮੋਰਚੇ ਵੱਲੋਂ 18 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਓ.ਪੀ. ਸੋਨੀ ਦੀ ਰਿਹਾਇਸ਼ ਅੱਗੇ ਦਿੱਤੇ ਜਾਣ ਵਾਲੇ ਵਿਸ਼ਾਲ ਰੋਸ ਧਰਨੇ ਵਿੱਚ ਕਪੂਰਥਲਾ ਤੋਂ ਅਧਿਆਪਕਾਂ ਦਾ ਵੱਡਾ ਕਾਫ਼ਲਾ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ।

ਆਗੂਆਂ ਨੇ ਕਿਹਾ ਕਿ ਅਧਿਆਪਕਾਂ ਦੀਆਂ ਪ੍ਰਮੁੱਖ ਮੰਗਾਂ ਜਿਨ੍ਹਾਂ *ਚ ਸਮੂਹ ਕੱਚੇ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਪਿਕਟਸ *ਚ ਰੈਗੂਲਰ ਕੰਪਿਊਟਰ ਫੈਕਲਟੀ, ਮੈਰੀਟੋਰੀਅਸ/ ਆਦਰਸ਼ ਸਕੂਲਾਂ ਨੂੰ ਵਿਭਾਗ ਵਿੱਚ ਮਰਜ਼ ਕਰਦਿਆਂ ਸਮੁੱਚਾ ਸਟਾਫ਼ ਰੈਗੂਲਰ ਕਰਨ, ਅਨਾਮਲੀ ਕਮੇਟੀ ਵੱਲੋਂ 24 ਕੈਟਾਗਰੀਆਂ ਦੇ ਤਨਖਾਹ ਗਰੇਡਾਂ ਦੀ ਤਰੁੱਟੀ ਦਰੁੱਸਤ ਕਰਦਿਆਂ ਅਕਤੂਬਰ—2011 ਤੋਂ ਦਿੱਤਾ ਵਾਧਾ ਅਤੇ ਦਸੰਬਰ—2011 ਤੋਂ 239 ਕੈਟਾਗਰੀਆਂ ਦੇ ਤਨਖਾਹ ਗਰੇਡਾਂ *ਚ ਕੈਬਨਿਟ ਸਬ—ਕਮੇਟੀ ਵੱਲੋ਼ ਮਿਲੇ ਵਾਧੇ ਬਰਕਰਾਰ ਰੱਖਦਿਆਂ 2.25 ਜਾਂ 2.59 ਗੁਣਾਂਕ ਵਿੱਚੋਂ ਇੱਕ ਚੁਣਨ ਦੀ ਬਜਾਏ ਇੱਕ ਸਮਾਨ ਉੱਚਤਮ ਗੁਣਾਂਕ 3.74 ਲਾਗੂ ਕੀਤਾ ਜਾਵੇ।

ਮੋਬਾਇਲ ਭੱਤੇ, ਮੈਡੀਕਲ ਭੱਤੇ ਦੁੱਗਣੇ ਕੀਤੇ ਜਾਣ, ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕੀਤਾ ਜਾਵੇ, ਜੁਲਾਈ—2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਤੋਂ ਘੱਟ ਸਕੇਲਾਂ ਨਾਲ ਜ਼ੋੜਨ ਦਾ ਫੈਸਲਾ ਰੱਦ ਕੀਤਾ ਜਾਵੇ। ਉਨ੍ਹਾਂ 29 ਜੁਲਾਈ ਨੂੰ ਪੰਜਾਬ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਬੈਨਰ ਹੇਠ ਪਟਿਆਲਾ ਵਿਖੇ ਸਮੁੱਚੀਆਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਹੋਣ ਜਾ ਰਹੀ ਇਤਿਹਾਸਿਕ ਮਹਾਂ ਰੈਲੀ ਵਿੱਚ ਵੀ ਭਰਵੀਂ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

ਇਸ ਮੌਕੇ ਬਲਵਿੰਦਰ ਭੰਡਾਲ, ਪਵਨ ਕੁਮਾਰ, ਡਾ. ਅਰਵਿੰਦਰ ਭਰੋਤ, ਬਲਵੀਰ ਸਿੰਘ, ਨਰਿੰਦਰ ਔਜਲਾ, ਮਲਕੀਤ ਸਿੰਘ, ਅਵਤਾਰ ਸਿੰਘ, ਹਰਦੇਵ ਖਾਨੋਵਾਲ, ਸੁਰਿੰਦਰ ਸਿੰਘ, ਰਮੇਸ਼ ਕੁਮਾਰ ਭੇਟਾਂ, ਬਲਜੀਤ ਬੱਬਾ, ਗੁਰਮੀਤ ਸਿੰਘ ਖਾਲਸਾ, ਰੋਹਿਤ ਸ਼ਰਮਾਂ, ਵਿਨੀਸ਼ ਸ਼ਰਮਾ, ਨਰਿੰਦਰ ਭੰਡਾਰੀ, ਸੁਰਜੀਤ ਸਿੰਘ ਲੱਖਣਪਾਲ, ਸੁਰਿੰਦਰ ਕੁਮਾਰ, ਗੁਰਪ੍ਰੀਤ ਸਿੰਘ ਹੁਸੈਨਪੁਰ ਆਦਿ ਆਗੂ ਹਾਜ਼ਰ ਸਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਥੇਦਾਰ ਖੋਜੇਵਾਲ ਨੇ ਸੁਖਬੀਰ ਬਾਦਲ ਵਲੋ ਕੀਤੇ ਐਲਾਨ ਦਲਿਤ ਤੇ ਹਿੰਦੂ ਡਿਪਟੀ ਸੀ ਐੱਮ ਚਿਹਰੇ ਦੇ ਬਿਆਨ ਦਾ ਕੀਤਾ ਸਵਾਗਤ
Next articleਸੀਨੀਅਰ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧੂ ਨੂੰ ਪ੍ਰਧਾਨ ਲਾਇਆ ਤਾਂ ਪਾਰਟੀ ’ਚ ਫੁੱਟ ਪੈਣ ਦੀ ਸੰਭਾਵਨਾ: ਕੈਪਟਨ