- ਵੋਟਾਂ ਦੇ ਨਤੀਜੇ 10 ਮਾਰਚ ਨੂੰ
- ਰੈਲੀਆਂ ’ਤੇ 15 ਜਨਵਰੀ ਤੱਕ ਲਾਈ ਰੋਕ
- ਵੋਟਿੰਗ ਦਾ ਸਮਾਂ ਇਕ ਘੰਟਾ ਵਧਾਇਆ
- ਚੋਣਾਂ ਵਾਲੇ ਪੰਜ ਸੂਬਿਆਂ ਿਵੱਚ ਚੋਣ ਜ਼ਾਬਤਾ ਲਾਗੂ
ਨਵੀਂ ਦਿੱਲੀ (ਸਮਾਜ ਵੀਕਲੀ): ਪੰਜ ਸੂਬਿਆਂ ਉੱਤਰ ਪ੍ਰਦੇਸ਼, ਪੰਜਾਬ, ਉੱਤਰਾਖੰਡ, ਮਨੀਪੁਰ ਅਤੇ ਗੋਆ ’ਚ ਵਿਧਾਨ ਸਭਾ ਚੋਣਾਂ 10 ਫਰਵਰੀ ਤੋਂ 7 ਮਾਰਚ ਤੱਕ ਹੋਣਗੀਆਂ। ਵੋਟਾਂ ਦੀ ਗਿਣਤੀ ਅਤੇ ਨਤੀਜੇ 10 ਮਾਰਚ ਨੂੰ ਆਉਣਗੇ। ਚੋਣ ਕਮਿਸ਼ਨ ਨੇ ਅੱਜ ਚੋਣਾਂ ਦਾ ਐਲਾਨ ਕਰਦਿਆਂ ਕੋਵਿਡ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਰੈਲੀਆਂ ਅਤੇ ਰੋਡ ਸ਼ੋਅ ’ਤੇ 15 ਜਨਵਰੀ ਤੱਕ ਲਈ ਪਾਬੰਦੀ ਲਗਾ ਦਿੱਤੀ ਹੈ। ਪੰਜਾਬ (117 ਸੀਟਾਂ), ਉੱਤਰਾਖੰਡ (70) ਅਤੇ ਗੋਆ (40 ਸੀਟਾਂ)’ਚ ਵੋਟਾਂ ਇਕੋ ਦਿਨ 14 ਫਰਵਰੀ ਨੂੰ ਪੈਣਗੀਆਂ ਜਦਕਿ ਯੂਪੀ (403 ਸੀਟਾਂ) ’ਚ ਸੱਤ ਗੇੜਾਂ ਅਤੇ ਮਨੀਪੁਰ (60 ਸੀਟਾਂ) ’ਚ ਦੋ ਗੇੜਾਂ ’ਚ ਵੋਟਿੰਗ ਹੋਵੇਗੀ। ਯੂਪੀ ’ਚ 10, 14, 20, 23, 27 ਫਰਵਰੀ, 3 ਅਤੇ 7 ਮਾਰਚ ਨੂੰ ਜਦਕਿ ਮਨੀਪੁਰ ’ਚ 27 ਫਰਵਰੀ ਤੇ 3 ਮਾਰਚ ਨੂੰ ਲੋਕ ਆਪਣੇ ਹੱਕ ਦੀ ਵਰਤੋਂ ਕਰ ਸਕਣਗੇ।
ਪਹਿਲੇ ਗੇੜ (10 ਫਰਵਰੀ) ਦੀਆਂ ਵੋਟਾਂ ਦਾ ਆਗਾਜ਼ ਪੱਛਮੀ ਯੂਪੀ ਤੋਂ ਸ਼ੁਰੂ ਹੋਵੇਗਾ ਅਤੇ ਚੋਣਾਂ ਦਾ ਨੋਟੀਫਿਕੇਸ਼ਨ 14 ਜਨਵਰੀ ਨੂੰ ਜਾਰੀ ਕੀਤਾ ਜਾਵੇਗਾ। ਚੋਣ ਤਰੀਕਾਂ ਦੇ ਐਲਾਨ ਨਾਲ ਪੰਜ ਸੂਬਿਆਂ ’ਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਕਰੋਨਾ ਦੇ ਖ਼ਤਰੇ ਨੂੰ ਦੇਖਦਿਆਂ ਹਰ ਸੂਬੇ ’ਚ ਵੋਟਿੰਗ ਦਾ ਸਮਾਂ ਇਕ ਘੰਟੇ ਲਈ ਵਧਾ ਦਿੱਤਾ ਗਿਆ ਹੈ। ਚੋਣ ਤਰੀਕਾਂ ਦਾ ਐਲਾਨ ਕਰਦਿਆਂ ਮੁੱਖ ਚੋਣ ਕਮਿਸ਼ਨਰ ਸੁਸ਼ੀਲ ਚੰਦਰਾ ਨੇ ਕਿਹਾ ਕਿ ਰੈਲੀਆਂ, ਰੋਡ ਸ਼ੋਅ, ਨੁੱਕੜ ਸਭਾਵਾਂ, ਪੈਦਲ ਯਾਤਰਾਵਾਂ ਅਤੇ ਵਾਹਨ ਰੈਲੀਆਂ ’ਤੇ ਪਾਬੰਦੀ ਦੀ ਸਮੀਖਿਆ 15 ਜਨਵਰੀ ਨੂੰ ਕੀਤੀ ਜਾਵੇਗੀ।
ਮਾਹਿਰਾਂ ਵੱਲੋਂ ਫਰਵਰੀ ’ਚ ਕਰੋਨਾ ਮਹਾਮਾਰੀ ਦੀ ਤੀਜੀ ਲਹਿਰ ਸਿਖਰਾਂ ’ਤੇ ਹੋਣ ਦੀ ਕੀਤੀ ਗਈ ਪੇਸ਼ੀਨਗੋਈ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਹਾਲਾਤ ਅਣਕਿਆਸੇ ਹਨ ਅਤੇ ਕੋਈ ਵੀ ਭਵਿੱਖ ’ਚ ਕੋਵਿਡ ਮਰੀਜ਼ਾਂ ਦੀ ਗਿਣਤੀ ਬਾਰੇ ਨਹੀਂ ਦੱਸ ਸਕਦਾ ਹੈ। ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿੱਤਾ ਕਿ ‘ਕੋਵਿਡ ਸੁਰੱਖਿਅਤ’ ਚੋਣਾਂ ਯਕੀਨੀ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਉਠਾਏ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਆਪਣੇ ਹੱਕ ਦੀ ਵਰਤੋਂ ਕਰਨ ਲਈ ਵੱਡੀ ਗਿਣਤੀ ’ਚ ਪੋਲਿੰਗ ਬੂਥਾਂ ’ਤੇ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਰੇ ਬੂਥਾਂ ਨੂੰ ਸੈਨੇਟਾਈਜ਼ ਕੀਤਾ ਜਾਵੇਗਾ ਅਤੇ ਪੋਲਿੰਗ ਅਧਿਕਾਰੀਆਂ ਨੂੰ ਕਰੋਨਾ ਤੋਂ ਬਚਾਅ ਦੇ ਟੀਕੇ ਲੱਗੇ ਹੋਣਗੇ।
ਕੁੱਲ ਮਿਲਾ ਕੇ ਪੰਜ ਸੂਬਿਆਂ ਦੀਆਂ 690 ਸੀਟਾਂ ’ਤੇ ਵੋਟਿੰਗ ਹੋਵੇਗੀ ਅਤੇ 8.5 ਕਰੋੜ ਮਹਿਲਾਵਾਂ ਸਮੇਤ 18.3 ਕਰੋੜ ਲੋਕ ਵੋਟ ਪਾਉਣ ਦੇ ਯੋਗ ਹਨ। ਸ੍ਰੀ ਚੰਦਰਾ ਨੇ ਕਿਹਾ,‘‘ਜੇਕਰ ਕੋਈ ਪਾਰਟੀ ਕੋਵਿਡ ਪ੍ਰੋਟੋਕੋਲ ਦਾ ਪਾਲਣ ਨਹੀਂ ਕਰਦੀ ਹੈ ਤਾਂ ਉਸ ਨੂੰ ਅੱਗੇ ਰੈਲੀਆਂ ਤੋਂ ਰੋਕਣ ’ਚ ਕਮਿਸ਼ਨ ਝਿਜਕੇਗਾ ਨਹੀਂ।’’ ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਲਈ ਸਖ਼ਤ ਕੋਵਿਡ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕੀਤਾ ਹੈ। ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਘਰ-ਘਰ ਜਾ ਕੇ ਸਿਰਫ਼ ਪੰਜ ਵਿਅਕਤੀ ਹੀ ਪ੍ਰਚਾਰ ਕਰ ਸਕਣਗੇ ਅਤੇ ਜੇਕਰ ਰੈਲੀਆਂ ਦੀ ਇਜਾਜ਼ਤ ਦਿੱਤੀ ਜਾਵੇਗੀ ਤਾਂ ਉਥੇ ਹਾਜ਼ਰੀ ਭਰਨ ਵਾਲੇ ਲੋਕਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਸਿਆਸੀ ਪਾਰਟੀਆਂ ਵੱਲੋਂ ਮੁਹੱਈਆ ਕਰਵਾਏ ਜਾਣਗੇ। ਚੋਣ ਕਮਿਸ਼ਨ ਨੇ ਜਿੱਤ ਦੇ ਜਸ਼ਨਾਂ ’ਤੇ ਵੀ ਪਾਬੰਦੀ ਲਗਾਈ ਹੈ ਅਤੇ ਕਿਹਾ ਹੈ ਕਿ ਚੋਣ ਜਿੱਤਣ ਵਾਲੇ ਉਮੀਦਵਾਰਾਂ ਨਾਲ ਸਿਰਫ਼ ਦੋ ਵਿਅਕਤੀ ਹੀ ਸਰਟੀਫਿਕੇਟ ਲੈਣ ਲਈ ਜਾਣਗੇ। ਕਮਿਸ਼ਨ ਨੇ ਕਿਹਾ ਕਿ ਉਨ੍ਹਾਂ ਚੋਣਾਂ ਵਾਲੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਕਿਹਾ ਹੈ ਕਿ ਉਹ ਟੀਕਾਕਰਨ ਮੁਹਿੰਮ ’ਚ ਤੇਜ਼ੀ ਲਿਆਉਣ।
ਸ੍ਰੀ ਚੰਦਰਾ ਨੇ ਕਿਹਾ,‘‘ਪੰਜ ਸੂਬਿਆਂ ’ਚ 15 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਕਰੋਨਾ ਤੋਂ ਬਚਾਅ ਸਬੰਧੀ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ ਜਦਕਿ 9 ਕਰੋੜ ਤੋਂ ਵੱਧ ਲੋਕਾਂ ਨੂੰ ਦੋਵੇਂ ਖੁਰਾਕਾਂ ਲੱਗ ਚੁੱਕੀਆਂ ਹਨ।’’ ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਲਈ ਦੂਰਦਰਸ਼ਨ ’ਤੇ ਪ੍ਰਚਾਰ ਦਾ ਸਮਾਂ ਵੀ ਦੁੱਗਣਾ ਕਰ ਦਿੱਤਾ ਹੈ। ਚੋਣ ਕਮਿਸ਼ਨਰਾਂ ਰਾਜੀਵ ਕੁਮਾਰ ਅਤੇ ਅਨੂਪ ਚੰਦਰ ਪਾਂਡੇ ਨਾਲ ਪ੍ਰੈੱਸ ਕਾਨਫਰੰਸ ਦੌਰਾਨ ਸ੍ਰੀ ਚੰਦਰਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਿੰਨਾ ਸੰਭਵ ਹੋ ਸਕੇ ਵਰਚੁਅਲੀ ਅਤੇ ਡਿਜੀਟਲੀ ਆਪਣਾ ਪ੍ਰਚਾਰ ਕਰਨ।ਪੰਜ ਸੂਬਿਆਂ ਵਿਚ ਹੋ ਰਹੀ ਚੋਣ ਪ੍ਰਕਿਰਿਆ ਲਈ ਸੁਰੱਖਿਆ ਯਕੀਨੀ ਬਣਾਉਣ ਖਾਤਰ 50 ਹਜ਼ਾਰ ਕੇਂਦਰੀ ਹਥਿਆਰਬੰਦ ਪੁਲੀਸ ਬਲ (ਸੀਏਪੀਐਫ) ਤਾਇਨਾਤ ਕੀਤੇ ਜਾਣਗੇ। ਇਨ੍ਹਾਂ ਵਿਚੋਂ ਜ਼ਿਆਦਾਤਰ ਯੂਪੀ ਭੇਜੇ ਜਾਣਗੇ ਜਿੱਥੇ ਸਭ ਤੋਂ ਵੱਧ 403 ਸੀਟਾਂ ਉਤੇ ਚੋਣਾਂ ਹਨ ਜੋ ਕਿ ਸੱਤ ਗੇੜਾਂ ਵਿਚ ਹੋਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly