ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ

ਆਲ ਪੰਜਾਬ ਆਂਗਨਵਾੜੀ ਵਰਕਰ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਮਨਜੀਤ ਕੌਰ ਆਪ ਆਗੂ ਸੱਜਣ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ ਨਾਲ ਹੋਰ ਵਰਕਰ

ਕਪੂਰਥਲਾ , (ਕੌੜਾ )– ਆਲ ਪੰਜਾਬ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਸ਼ੰਘਰਸ਼ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੁਲਤਾਨਪੁਰ ਲੋਧੀ ਦੀ ਪ੍ਰਧਾਨ ਮਨਜੀਤ ਕੌਰ ਦੀ ਅਗਵਾਈ ਹੇਠ ਹਲਕਾ ਸੁਲਤਾਨਪੁਰ ਲੋਧੀ ਤੋਂ ਹਲਕਾ ਇੰਚਾਰਜ ਆਪ ਆਗੂ ਸੱਜਣ ਸਿੰਘ ਚੀਮਾ ਨੂੰ ਆਪਣੀਆਂ ਹੱਕੀ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ ਗਿਆ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਪਿਛਲੇ 4 ਸਾਲਾਂ ਤੋਂ ਖਾਲੀ ਅਸਾਮੀਆਂ ਦੀ ਭਰਤੀ ਤੁਰੰਤ ਕੀਤੀ ਜਾਵੇ, ਕਿਉਂਕਿ ਵਰਕਰਾਂ ਨੂੰ ਹੈਲਪਰਾਂ ਤੋਂ ਬਿਨਾਂ ਆਂਗਨਵਾੜੀ ਸੈਂਟਰ ਚਲਾਉਣ ਵਿੱਚ ਬਹੁਤ ਮੁਸ਼ਕਲਾਂ ਆ ਰਹੀਆਂ ਹਨ। ਵਰਕਰ ਆਪਣੇ ਨਿਗੂਣੇ ਭੱਤੇ ਵਿੱਚੋਂ ਪੈਸੇ ਖਰਚ ਕੇ ਕੰਮ ਚਲਾ ਰਹੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਆਂਗਨਵਾੜੀ ਸੈਂਟਰਾਂ ਦੇ ਖੋਏ ਹੋਏ ਬੱਚੇ ਵਾਪਸ ਕੀਤੇ ਜਾਣ ਅਤੇ ਵਰਕਰਾਂ ਨੂੰ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ। ਪੰਜਾਬ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਬਣਦਾ ਮਾਣ ਭੱਤਾ ਦਿੱਤਾ ਜਾਵੇ। ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀ ਲਈ ਰਾਸ਼ਨ ਪਹਿਲਾਂ ਵਾਂਗ ਹੀ ਵਰਕਰਾਂ ਨੂੰ ਸੈਂਟਰਾਂ ਵਿਚ ਹੀ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਦਾ ਜਥੇਬੰਦੀ ਹਮੇਸ਼ਾਂ ਵਿਰੋਧ ਕਰਦੀ ਰਹੀ ਹੈ ਅਤੇ ਕਰਦੀ ਰਹੇਗੀ। ਉਨ੍ਹਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਤੋਂ ਪੰਜਾਬ ਦੀਆਂ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਬਣਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ। ਇਸ ਸਮੇਂ ਬਲਾਕ ਪ੍ਰਧਾਨ ਮਨਜੀਤ ਕੌਰ ਨੇ ਕਿਹਾ ਕਿ ਵਰਕਰਾਂ ਨੂੰ ਮੋਬਾਇਲ ਤੇ ਮੋਬਾਇਲ ਭੱਤਾ ਦਿੱਤਾ ਜਾਵੇ, ਕਿਉਂਕਿ ਸਾਰਾ ਕੰਮ ਆਨ ਲਾਈਨ ਹੋ ਗਿਆ ਹੈ ਅਤੇ ਵਰਕਰਾਂ ਆਪਣੀ ਤਨਖਾਹ ਵਿਚੋਂ ਮਹਿੰਗੇ ਮੋਬਾਈਲ ਨਹੀਂ ਖਰੀਦ ਸਕਦੀਆਂ। ਵਰਕਰਾਂ ਨੂੰ ਪ੍ਰੀ ਨਰਸਰੀ ਦਾ ਦਰਜਾ ਦਿੱਤਾ ਜਾਵੇ ਜਿੰਨਾ ਚਿਰ ਇਹ ਸੰਭਵ ਨਹੀਂ ਹੈ ਉਨਾਂ ਚਿਰ ਆਪ ਦੀ ਪਾਰਟੀ ਦੇ ਚੋਣ ਵਾਅਦੇ ਅਨੁਸਾਰ ਵਰਕਰਾਂ ਤੇ ਹੈਲਪਰਾਂ ਦਾ ਮਾਣ ਭੱਤਾ ਦੁੱਗਣਾ ਕੀਤਾ ਜਾਵੇ। ਇਸ ਮੌਕੇ ਸੱਜਣ ਸਿੰਘ ਨੇ ਆਂਗਨਵਾੜੀ ਵਰਕਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਸ ਸਬੰਧੀ ਹਾਈਕਮਾਂਡ ਨਾਲ ਗੱਲਬਾਤ ਕਰਨਗੇ ਅਤੇ ਜਾਇਜ ਮੰਗਾਂ ਵੱਲ ਜਲਦੀ ਧਿਆਨ ਦਿੱਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਮਨਜੀਤ ਕੌਰ ਤੋਂ ਇਲਾਵਾ ਹਰਜਿੰਦਰ ਕੌਰ ਸਰਕਲ ਪ੍ਰਧਾਨ, ਰਾਜਵਿੰਦਰ ਕੌਰ ਏ ਡਬਲਯੂ ਡਬਲਯੂ, ਕੁਲਵਿੰਦਰ ਕੌਰ ਸਰਕਲ ਪ੍ਰਧਾਨ, ਸੁਖਵਿੰਦਰ ਕੌਰ ਸਰਕਲ ਪ੍ਰਧਾਨ, ਰਣਜੀਤ ਕੌਰ ਸਰਕਲ ਪ੍ਰਧਾਨ, ਰਜਨੀ ,ਰਣਜੀਤ ਕੌਰ ਆਦਿ ਹਾਜ਼ਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਖੇ ਅਸੀਂ ਪੜ੍ਹੇ ਲਿਖੇ
Next article“ਆਪ” ਦੀ ਸਰਕਾਰ ਦਾ ਘਰ – ਘਰ ਰਾਸ਼ਣ ਪਹੁੰਚਾਉਣ ਦਾ ਐਲਾਨ ਇੱਕ ਇਨਕਲਾਬੀ ਕਦਮ – ਤੇਜਪਾਲ ਸਿੰਘ