ਅੱਜ ਦੇ ਜ਼ਮਾਨੇ ਵਿਚ ਕੁੜੀਆਂ ਤੇ ਮੁੰਡਿਆਂ ਵਿਚ ਕੋਈ ਫ਼ਰਕ ਨਹੀਂ ਰਿਹਾ – ਦਵਿੰਦਰ ਕੌਰ
ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਅੱਜ ਦੇ ਜ਼ਮਾਨੇ ਵਿਚ ਕੁੜੀਆਂ ਤੇ ਮੁੰਡਿਆਂ ਵਿਚ ਕੋਈ ਫ਼ਰਕ ਨਹੀਂ ਰਿਹਾ, ਸਗੋਂ ਕਈ ਖੇਤਰਾਂ ਵਿਚ ਤਾਂ ਕੁੜੀਆਂ ਮੁੰਡਿਆਂ ਨਾਲੋਂ ਵੀ ਅੱਗੇ ਲੰਘ ਗਈਆਂ ਹਨ। ਕੁੜੀਆਂ ਅਪਣੀ ਮਿਹਨਤ, ਸਵੈ-ਵਿਸ਼ਵਾਸ ਤੇ ਦ੍ਰਿੜ ਇਰਾਦੇ ਨਾਲ ਅੱਜ ਹਰ ਖੇਤਰ ਵਿਚ ਮੁੰਡਿਆਂ ਦਾ ਮੁਕਾਬਲਾ ਕਰ ਰਹੀਆਂ ਹਨ। ਕੋਈ ਵੀ ਖੇਤਰ ਅਜਿਹਾ ਨਹੀਂ ਬਚਿਆ ਜਿਥੇ ਕੁੜੀਆਂ ਨੇ ਮੱਲ੍ਹਾਂ ਨਾ ਮਾਰੀਆਂ ਹੋਣ। ਇਹ ਸ਼ਬਦ ਸੀ.ਡੀ.ਪੀ.ਓ ਨਵਾਂਸ਼ਹਿਰ ਦਵਿੰਦਰ ਕੌਰ ਨੇ ਅੱਜ ਆਂਗਣਵਾੜੀ ਸੈਂਟਰ, ਵਿਕਾਸ ਨਗਰ-1, ਸਰਕਲ ਕੁਲਾਮ ਵੱਲੋਂ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਦੇ ਸਹਿਯੋਗ ਨਾਲ 15 ਧੀਆਂ ਦੀ ਲੋਹੜੀ ਪਾਉਣ ਲਈ ਕਰਵਾਏ ਸਮਾਗਮ ਮੌਕੇ ਕਹੇ। ਉਨ੍ਹਾਂ ਕਿਹਾ ਕਿ ਜ਼ਮਾਨਾ ਬਦਲ ਰਿਹਾ ਹੈ ਅਤੇ ਕੁੜੀਆਂ ਨੂੰ ਕੁੱਖਾਂ ਵਿਚ ਕਤਲ ਕਰਨ ਵਾਲੇ ਪਰਿਵਾਰਾਂ ਨੂੰ ਵੀ ਅਪਣੀ ਸੋਚ ਬਦਲਣ ਦੀ ਲੋੜ ਹੈ। ਇਸ ਮੌਕੇ ਨਵਜੰਮੀਆਂ 15 ਬੱਚੀਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਲੋਹੜੀ ਦੀਆਂ ਖੁਸ਼ੀਆਂ ਮਨਾਈਆਂ ਗਈਆਂ। ਇਸ ਮੌਕੇ ਸੁਪਰਵਾਈਜ਼ਰ ਬਿਮਲਾ ਦੇਵੀ, ਅਮਰਜੀਤ ਕੌਰ, ਆਂਗਨਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਲਖਵਿੰਦਰ ਕੌਰ, ਆਂਗਨਵਾੜੀ ਵਰਕਰ ਹਰਜੀਤ ਕੌਰ ਅਤੇ ਹੋਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj