ਨਵੀਂ ਦਿੱਲੀ (ਸਮਾਜ ਵੀਕਲੀ):ਭਾਰਤੀ ਥਲ ਸੈਨਾ ਨੇ ਨਾਗਾਲੈਂਡ ਗੋਲੀਬਾਰੀ ਘਟਨਾ ਦੀ ‘ਕੋਰਟ ਆਫ ਇਨਕੁਆਇਰੀ’ ਦੇ ਹੁਕਮ ਦਿੱਤੇ ਸਨ, ਜੋ ਹੁਣ ਮੇਜਰ ਜਨਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ਵਿੱਚ ਹੋਵੇਗੀ। ਸ਼ਨਿੱਚਰਵਾਰ ਤੇ ਐਤਵਾਰ ਰਾਤ ਨੂੰ ਕਥਿਤ ‘ਗਲਤ ਪਛਾਣ’ ਕਰਕੇ ਵਾਪਰੀ ਇਸ ਘਟਨਾ ਵਿੱਚ 14 ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ। ਥਲ ਸੈਨਾ ਦੇ ਸਾਬਕਾ ਸੀਨੀਅਰ ਅਧਿਕਾਰੀਆਂ ਨੇ ਇਸ ਘਟਨਾ ਨੂੰ ‘ਮੰਦਭਾਗੀ’ ਤੇ ‘ਦਰਦਨਾਕ’ ਕਰਾਰ ਦਿੰਦਿਆਂ ਕਿਹਾ ਕਿ ਫੌਜ ਦਾ ਇਹ ਪੂਰਾ ਅਪਰੇਸ਼ਨ ਗ਼ਲਤ ਇੰਟੈਲੀਜੈਂਸ ਦਾ ਨਤੀਜਾ ਹੋ ਸਕਦਾ ਹੈ।
ਸੂਤਰਾਂ ਨੇ ਕਿਹਾ ਕਿ ਮੇਜਰ ਜਨਰਲ ਰੈਂਕ ਦਾ ਅਧਿਕਾਰੀ ਕੋਰਟ ਆਫ ਇਨਕੁਆਇਰੀ ਦੀ ਅਗਵਾਈ ਕਰੇਗਾ, ਜੋ ਸ਼ਨਿੱਚਰਵਾਰ ਸ਼ਾਮ ਨੂੰ ਨਾਗਾਲੈਂਡ ਦੇ ਮੌਨ ਜ਼ਿਲ੍ਹੇ ਵਿੱਚ 21 ਪੈਰਾ ਵਿਸ਼ੇਸ਼ ਬਲਾਂ ਵੱਲੋਂ ਕੀਤੇ ਵਿਸ਼ੇੇਸ਼ ਆਪਰੇਸ਼ਨ ਦੀ ਜਾਂਚ ਕਰੇਗਾ। ਸੂਤਰਾਂ ਨੇ ਕਿਹਾ ਕਿ ਜਾਂਚ ਦਾ ਕੇਂਦਰ ਬਿੰਦੂ ‘ਇੰਟੈਲੀਜੈਂਸ’ ਤੇ ‘ਹਾਲਾਤ’ ਹੋਣਗੇ, ਜੋ ਸ਼ਨਿੱਚਰਵਾਰ ਦੇ ਆਪਰੇਸ਼ਨ ਦਾ ਆਧਾਰ ਸਨ। ਸੇਵਾਮੁਕਤ ਲੈਫਟੀਨੈਂਟ ਜਨਰਲ ਅਸ਼ੋਕ ਮਹਿਤਾ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਇਹ ਬਹੁਤ ਮੰਦਭਾਗਾ ਹੈ। ਪ੍ਰਤੱਖ ਰੂਪ ਵਿੱਚ ਇਹ ਇੰਟੈਲੀਜੈਂਸ ਦੀ ਨਾਕਾਮੀ ਲੱਗਦੀ ਹੈ। ਮੈਨੂੰ ਤਾਂ ਇਹੀ ਲੱਗਦਾ ਹੈ। ਪਰ ਇਸ ਤੋਂ ਬਾਅਦ ਜੋ ਕੁਝ ਹੋਇਆ ਉਹ ਵੀ ਬਹੁਤ ਦੁਖਦਾਈ ਸੀ। ਪਿੰਡ ਵਾਸੀ ਇੰਨੇ ਗੁੱਸੇ ਵਿੱਚ ਸਨ ਕਿ ਉਨ੍ਹਾਂ ਕਮਾਂਡੋਜ਼ ਨੂੰ ਘੇਰ ਕੇ ਉਨ੍ਹਾਂ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ।
ਸਵੈ-ਰੱਖਿਆ ਵਿਚ ਉਨ੍ਹਾਂ ਨੂੰ ਪਿੰਡ ਵਾਸੀਆਂ ’ਤੇ ਫਾਇਰਿੰਗ ਕਰਨੀ ਪਈ।’’ ਮਹਿਤਾ ਨੇ ਕਿਹਾ ਕਿ ਉੱਤਰ-ਪੂਰਬ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ। ਉਨ੍ਹਾਂ ਕਿਹਾ, ‘‘ਹਾਲੀਆ ਸਮਿਆਂ ਵਿੱਚ ਬਾਗ਼ੀਆਂ ਦੇ ਟਾਕਰੇ ਜਾਂ ਫੌਜੀ ਆਪਰੇਸ਼ਨਾਂ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ (ਇੰਟੈਲੀਜੈਂਸ) ਨਾਕਾਮੀ ਹੈ।’’
ਨਾਗਾਲੈਂਡ ਦੇ ਮੁੱਖ ਮੰਤਰੀ ਨੇਫਿਊ ਰੀਓ ਦੀ ਹਥਿਆਰਬੰਦ ਬਲਾਂ ਨੂੰ ਵਿਸ਼ੇਸ਼ ਤਾਕਤਾਂ ਐਕਟ (ਅਫਸਪਾ) ਵਾਪਸ ਲੈਣ ਦੀ ਕੀਤੀ ਜਾ ਰਹੀ ਮੰਗ ਦੇ ਸੰਦਰਭ ਵਿੱਚ ਮਹਿਤਾ ਨੇ ਕਿਹਾ, ‘‘ਜੇਕਰ ਤੁਸੀਂ ਅਫ਼ਸਪਾ ਨੂੰ ਵਾਪਸ ਲਿਆ ਤਾਂ ਹਥਿਆਰਬੰਦ ਬਲ ਕੰਮ ਨਹੀਂ ਕਰ ਸਕਣਗੇ ਕਿਉਂਕਿ ਉਨ੍ਹਾਂ ਕੋਲ ਨਾ ਤਾਂ ਕੋਈ ਪੁਲੀਸ ਪਾਵਰ ਰਹੇਗੀ ਤੇ ਨਾ ਹੀ ਸੁਰੱਖਿਆ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly