ਅੰਮ੍ਰਿਤਪਾਲ ਭੌਂਸਲੇ ਨੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਜਾਣ ’ਤੇ ਦਿੱਤੀਆਂ ਸ਼ੁੱਭ ਇੱਛਾਵਾਂ

 *ਕਿਹਾ: ਰਾਜਾ ਵੜਿੰਗ ਨੇ ਪੰਜਾਬ ਕਾਂਗਰਸ ਨੂੰ ਸਿਖਰ ‘ਤੇ ਪਹੁੰਚਾਇਆ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੰਜਾਬ ਕਾਂਗਰਸ ਸੀਨੀਅਰ ਆਗੂ ਅਤੇ ਆਦਮਪੁਰ ਹਲਕੇ ਦੇ ਕੋਆਰਡੀਨੇਟਰ ਅੰਮ੍ਰਿਤਪਾਲ ਭੌਂਸਲੇ ਨੇ ਚੰਡੀਗੜ੍ਹ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਪੰਜਾਬ ਪ੍ਰਧਾਨ ਨੂੰ ਗੁਲਦਸਤਾ ਭੇਂਟ ਕਰਦਿਆਂ ਲੁਧਿਆਣਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਚੁਣੇ ਜਾਣ ਅਤੇ ਉਨ੍ਹਾਂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਵਧੀਆ ਕਾਰਗੁਜ਼ਾਰੀ ਅਤੇ ਪੰਜਾਬ ਦੀਆਂ ਸੱਤ ਲੋਕ ਸਭਾ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਲਈ ਵਧਾਈ ਦਿੱਤੀ। ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅੰਮ੍ਰਿਤਪਾਲ ਭੌਂਸਲੇ ਨੇ ਦੱਸਿਆ ਕਿ ਜਦੋਂ ਤੋਂ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਣੇ ਹਨ, ਪਾਰਟੀ ਲਗਾਤਾਰ ਮਜ਼ਬੂਤ ਹੋ ਰਹੀ ਹੈ। ਵਰਕਰਾਂ ਦਾ ਗੁਆਚਿਆ ਹੋਇਆ ਭਰੋਸਾ ਮੁੜ ਬਹਾਲ ਕਰਨ ਲਈ ਉਨ੍ਹਾਂ ਨੇ ਬਹੁਤ ਮਿਹਨਤ ਕੀਤੀ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਨੂੰ ਘੱਟ ਕਰਕੇ ਸਮਝਿਆ ਜਾ ਰਿਹਾ ਸੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੀਆਂ ਸਾਰੀਆਂ ਤੇਰਾਂ ਸੀਟਾਂ ਜਿੱਤਣ ਦੇ ਸੁਪਨੇ ਲੈ ਰਹੀ ਸੀ। ਇਸ ਦੇ ਨਾਲ ਹੀ ਭਾਜਪਾ ਵੀ ਚਾਰ-ਪੰਜ ਸੀਟਾਂ ’ਤੇ ਜਿੱਤਣ ਦਾ ਦਾਅਵਾ ਕਰ ਰਹੀ ਸੀ ਪਰ ਸਾਰੇ ਅਨੁਮਾਨਾਂ ਦੇ ਉਲਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਲੀਡਰਸ਼ਿਪ ਨੇ ਮਿਲਕੇ ਕੰਮ ਕੀਤਾ ਅਤੇ ਕਾਂਗਰਸ ਨੇ ਸੱਤ ਸੀਟਾਂ ’ਤੇ ਸ਼ਾਨਦਾਰ ਜਿੱਤ ਦਰਜ ਕੀਤੀ। ਭੌਂਸਲੇ ਨੇ ਅੱਗੇ ਕਿਹਾ ਕਿ ਜਲੰਧਰ ਦੀ ਸ਼ਾਨਦਾਰ ਜਿੱਤ ਨਾਲ ਸ. ਚਰਨਜੀਤ ਸਿੰਘ ਚੰਨੀ ਜੀ ਦਾ ਸਿਆਸੀ ਕੱਦ ਵਧਿਆ ਅਤੇ ਰਾਜਾ ਵੜਿੰਗ ਦੀ ਅਗਵਾਈ ਹੇਠ ਕਾਂਗਰਸ ਮਜ਼ਬੂਤ ਹੋਈ। ਉਨ੍ਹਾਂ ਅੱਗੇ ਕਿਹਾ ਕਿ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਦੀ ਅਗਵਾਈ ਵਿੱਚ ਆਦਮਪੁਰ ਵਿੱਚ ਅਤੇ ਦੁਆਬੇ ਕਾਂਗਰਸ ਹੋਰ ਮਜ਼ਬੂਤ ਹੋਈ ਹੈ ਦਲਿਤ ਸਮਾਜ ਨੇ ਜਲੰਧਰ ਤੋਂ ਵੱਡੀ ਲੀਡ ਦੇਕੇ ਦਲਿਤ ਵਿਧਾਇਕ ਦਾ ਅਪਮਾਨ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦਾ ਮੂੰਹ ਮੰਨਿਆ ਹੈ। ਅੰਮ੍ਰਿਤਪਾਲ ਭੌਂਸਲੇ ਨੇ ਦਾਅਵਾ ਕੀਤਾ ਕਿ ਢਾਈ ਸਾਲਾਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੇ ਨਾਲ ਕਾਂਗਰਸ ਪਾਰਟੀ ਪੰਜਾਬ ਦੀ ਸੱਤਾ ਵਿੱਚ ਸ਼ਾਨਦਾਰ ਵਾਪਸੀ ਕਰੇਗੀ ਅਤੇ ‘ਆਪ’ ਪਾਰਟੀ ਉਸੇ ਰਫ਼ਤਾਰ ਨਾਲ ਜ਼ਮੀਨ ‘ਤੇ ਡਿੱਗੇਗੀ ਜਿਸ ਤੇਜ਼ੀ ਦੇ ਨਾਲ ਸੱਤਾ ਦੇ ਸਿਖ਼ਰ ’ਤੇ ਪਹੁੰਚੀ ਸੀ। ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋਏ ਹਨ। ਆਮ ਆਦਮੀ ਪਾਰਟੀ ਸਰਕਾਰ ਤੋਂ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਖ਼ਤਮ ਹੋ ਚੁੱਕਾ ਹੈ। ਜਿਸ ਦੀ ਝਲਕ ਲੋਕ ਸਭਾ ਚੋਣਾਂ ਵਿੱਚ ਸਾਫ਼ ਨਜ਼ਰ ਆ ਚੁੱਕੀ ਹੈ। ਉਨ੍ਹਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿੱਚ ਨੇੜਲੇ ਭਵਿੱਖ ‘ਚ ਸੰਭਾਵਿਤ ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਵਿੱਚ ਜਿੱਤ ਦਾ ਭਰੋਸਾ ਵੀ ਪ੍ਰਗਟਾਇਆ ਹੈ। ਸ੍ਰੀ ਭੌਂਸਲੇ ਨੇ ਅੱਗੇ ਕਿਹਾ ਕਿ ਜਲੰਧਰ ਵੈਸਟ ਤੋਂ ਕਾਂਗਰਸ ਉਮੀਦਵਾਰ ਸ੍ਰੀਮਤੀ ਸੁਰਿੰਦਰ ਕੌਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਉਹਨਾਂ ਦੇ ਨਾਲ ਗੁਰਜੀਤ ਸਿੰਘ ਵਾਲੀਆ ਕੋਆਰਡੀਨੇਟਰ ਹਲਕਾ ਜਲੰਧਰ ਸੈਂਟਰਲ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬੀ ਵਿਰਾਸਤ ਸੱਥ (ਰਜਿ)ਪਟਿਆਲਾ ਵੱਲੋਂ ਕਵੀ ਦਰਬਾਰ
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜਿਲ੍ਹੇ ਦੇ 20 ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ