(ਸਮਾਜ ਵੀਕਲੀ)
ਅੰਮੜੀ, ਬਾਪੂ,ਭੈਣ,ਭਰਾ ਨੇ ਰੌਣਕ ਵਿਹੜੇ ਦੀ,
ਫੁੱਲ,ਬੂਟੇ,ਤੇ ਬੱਚੇ ਹੁੰਦੇ ਰੌਣਕ ਖੇੜੇ ਦੀ।
ਭੈਣ-ਭਰਾ ਤੇ, ਸੱਜੀਆਂ ਖੱਬੀਆਂ ਬਾਂਹਾ ਹੁੰਦੇ ਨੇ,
ਦੁੱਖਾਂ ਦੇ ਵਿੱਚ,ਮਾਪੇ ਸਿਰ ਤੇ ਛਾਂਵਾਂ ਹੁੰਦੇ ਨੇ।
ਸਾਧੂ ਖੈਰ ਮਨਾਵਣ,ਹਲ ਪਲ ਨਗਰ ਖੇੜੇ ਦੀ
ਅੰਮੜੀ-ਬਾਪੂ……
ਚਾਚੇ-ਤਾਏ ਦੁੱਖ-ਸੁੱਖਾਂ ਦੇ ਛਾਏ ਹੁੰਦੇ ਨੇ,
ਵਰਦੀਆਂ ਦੇ ਵਿੱਚ ਖੜਦੇ ਅੰਮਾ ਜਾਏ ਹੁੰਦੇ।
ਸਬਰ,ਸਿਦਕ,ਤੇ ਮਿਹਨਤ ਹੁੰਦੀ ਰੌਣਕ ਵਿਹੜੇ ਦੀ।
ਅੰਮੜੀ-ਬਾਪੂ…..
ਨਾਨਿਆ ਦੇ ਵਾਜੋਂ ਸ਼ਗਨ ਮਨਾਏ ਜਾਂਦੇ ਨਾ,
ਦਾਦਕਿਆਂ ਦੇ ਵਾਜੋਂ ਮੱਥੇ ਲਾਏ ਜਾਂਦੇ ਨਾ,
ਮਿੱਤਰਾਂ ਵਾਜੋਂ ਜੰਮਦੀ ਨਾ ਕਦੇ ਮਹਿਫ਼ਲ ਨੇੜੇ ਦੀ।
ਅੰਮੜੀ-ਬਾਪੂ…
ਭੈਣਾਂ ਵਾਜੋਂ ਵੀਰਾਂ ਦੇ ਕੋਈ ਸ਼ਗਨ ਮਨਾਵੇ ਨਾ,
ਭਾਈਆਂ ਵਾਜੋਂ, ਦੁੱਖਾਂ ਵਿੱਚ ਕੋਈ ਭੱਜਿਆ ਆਵੇ ਨਾ,
ਖੈਰ ਮਨਾਵੇ, ਪਤਨੀ ਆਪਣੇ ਕੰਤ ਸਹੇੜੇ ਦੀ।
ਅੰਮੜੀ-ਬਾਪੂ…..
ਬੋਹੜ,ਸਿਆਣੇ ਬਾਬੇ,ਹੁੰਦੇ ਰੌਣਕ ਸੱਥਾ ਦੀ,
ਕਰਾਮਾਤ ਹੈ ਵੱਡੀ ਹੁੰਦੀ ਕਿਰਤੀ ਹੱਥਾਂ ਦੀ।
ਧੀਆਂ ਅਤੇ ਧਰੇਕਾਂ,ਰੌਣਕ ਹੁੰਦੀਆਂ ਵਿਹੜੇ ਦੀ
ਅੰਮੜੀ- ਬਾਪੂ……
ਨਿੰਦਿਆ, ਚੁਗਲੀ,ਚੁੱਕ,ਪੁਆੜੇ ਪਾਉਂਦੀ ਦੁਨੀਆਂ ਤੇ,
ਅਨਪੜ੍ਹਤਾ ਹੀ,ਕਰਮ-ਕਾਂਡ ਕਰਵਾਉਂਦੀ ਦੁਨੀਆਂ ਤੇ।
ਸੰਦੀਪ ਈਰਖਾ,ਸਾੜਾ ,ਬਣਦੀ ਕੰਧ ਬਖੇੜੇਦੀ।
ਅੰਮੜੀ-ਬਾਪੂ……
ਸੰਦੀਪ ਸਿੰਘ “ਬਖੋਪੀਰ”
ਸੰਪਰਕ:-9815321017
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly