ਨਵੀਂ ਦਿੱਲੀ (ਸਮਾਜ ਵੀਕਲੀ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਗਾਲੈਂਡ ਫਾਇਰਿੰਗ ਦੀ ਘਟਨਾ ਨੂੰ ਲੈ ਕੇ ਅੱਜ ਸੰਸਦ ਦੇ ਦੋਵਾਂ ਸਦਨਾਂ ਵਿੱਚ ਬਿਆਨ ਦੇਣਗੇ। ਸ਼ਨਿੱਚਰਵਾਰ ਰਾਤ ਨੂੰ ਸੁਰੱਖਿਆ ਬਲਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ 14 ਆਮ ਨਾਗਰਿਕਾਂ ਦੀ ਜਾਨ ਜਾਂਦੀ ਰਹੀ ਸੀ। ਦੋ ਦਿਨ ਦੀ ਛੁੱਟੀ ਮਗਰੋਂ ਅੱਜ ਜਿਉਂ ਹੀ ਸਦਨ ਜੁੜਿਆ ਤਾਂ ਵਿਰੋਧੀ ਧਿਰ ਦੇ ਮੈਂਬਰਾਂ ਨੇ ਨਾਗਾਲੈਂਡ ਦਾ ਮੁੱਦਾ ਚੁੱਕਿਆ। ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਇਸ ਨੂੰ ਦੁਖਦ ਘਟਨਾ ਦੱਸਿਆ। ਇਸ ਦੇ ਜਵਾਬ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਇਹ ਬਹੁਤ ਹੀ ਸੰਵੇਦਨਸ਼ੀਲ ਤੇ ਅਹਿਮ ਮਸਲਾ ਹੈ, ਜਿਸ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲੋਕ ਸਭਾ ਵਿੱਚ ਵਿਸਥਾਰਤ ਬਿਆਨ ਦੇਣਗੇ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਵੀ ਕਿਹਾ ਕਿ ਗ੍ਰਹਿ ਮੰਤਰੀ ਨੇ ਉਨ੍ਹਾਂ ਨੂੰ ਲਿਖਤ ਵਿੱਚ ਦਿੱਤਾ ਹੈ ਕਿ ਉਹ ਸਦਨ ਵਿੱਚ ਇਸ ਘਟਨਾ ਬਾਰੇ ਬਿਆਨ ਦੇਣਗੇ। ਟੀਐੱਮਸੀ ਦੇ ਸੁਦੀਪ ਬੰਧੋਪਾਧਿਆਏ ਨੇ ਕਿਹਾ ਕਿ ਗੋਲੀਬਾਰੀ ਦੀ ਇਸ ਘਟਨਾ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ‘ਅਸੀਂ ਇਹ ਉਮੀਦ ਕਰਦੇ ਹਾਂ ਕਿ ਗ੍ਰਹਿ ਮੰਤਰੀ ਸਦਨ ਵਿੱਚ ਆ ਕੇ ਬਿਆਨ ਦੇਣਗੇ।’’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly