ਅੰਬੇਡਕਰਾਈਟ ਬੁੱਧਿਸਟ ਐਨਆਰਆਈ ਡੈਲੀਗੇਸ਼ਨ ਦਾ ਸਨਮਾਨ ਕਰਕੇ ਅੰਬੇਡਕਰ ਭਵਨ ਟਰੱਸਟ ਨੇ ਰਚਿਆ ਇਤਿਹਾਸ

ਡੈਲੀਗੇਟਸ ਦਾ ਸਨਮਾਨ ਕਰਦੇ ਹੋਏ ਅੰਬੇਡਕਰ ਭਵਨ ਦੇ ਟਰੱਸਟੀ

ਜਲੰਧਰ (ਸਮਾਜ ਵੀਕਲੀ):  ਦੇਸ਼ ਭਰ ‘ਚ  ਲਖਨਊ, ਸ਼ਰਾਵਸਤੀ, ਲੁੰਬਨੀ , ਕੁਸ਼ੀਨਗਰ, ਵੈਸ਼ਾਲੀ, ਪਟਨਾ,  ਰਾਜਗੀਰ,  ਨਾਲੰਦਾ,  ਬੋਧਗਯਾ,  ਵਾਰਾਣਸੀ  ਵਿਖੇ ਬੋਧੀ ਸਥਾਨਾਂ ਦਾ ਦੌਰਾ ਕਰਨ ਉਪਰੰਤ ਅੰਬੇਡਕਰਾਈਟ ਬੁੱਧਿਸਟ ਐਨਆਰਆਈ ਡੈਲੀਗੇਸ਼ਨ ਅੰਬੇਡਕਰ ਭਵਨ ਜਲੰਧਰ ਵਿਖੇ ਪਹੁੰਚਿਆ। ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਟਰੱਸਟੀ ਸਹਿਬਾਨਾ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਤੇ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.) ਪੰਜਾਬ ਯੂਨਿਟ ਦੇ ਮੈਂਬਰਾਂ ਨੇ ਡੈਲੀਗੇਸ਼ਨ ਦਾ ਸਵਾਗਤ ਕੀਤਾ। ਯੂਕੇ, ਕੈਨੇਡਾ, ਅਮਰੀਕਾ ਅਤੇ ਇਟਲੀ ਤੋਂ ਉਪਾਸਕਾਂ ਨੇ ਸ਼ਮੂਲੀਅਤ ਕੀਤੀ। ਡੈਲੀਗੇਸ਼ਨ ਵਿੱਚ ਸ਼ਰਧਾਲੂ ਯੂਕੇ ਤੋਂ ਸਰਵਸ਼੍ਰੀ ਬਿਸ਼ਨ ਦਾਸ ਬੈਂਸ, ਪਿਆਰੀ ਦੇਵੀ, ਦਵਿੰਦਰ ਚੰਦਰ, ਦੇਵੀ ਰਾਣੀ ਚੰਦਰ, ਜਰਨੈਲ ਸਿੰਘ ਸੁਮਨ, ਚਰਨ ਕੁਮਾਰੀ ਸੁਮਨ, ਦੇਵ ਰਾਜ, ਹਰਵਿਲਾਸ ਬੰਗੜ, ਦੌਲਤਾ ਬਾਲੀ, ਮਿਸਜ਼ ਬਲਬੀਰ ਬਾਲੀ ਅਤੇ ਮਾਨਵ ਅਜਨਾਤ, ਕੈਨੇਡਾ ਤੋਂ ਮਹਿੰਦਰ ਸੱਲਣ, ਸੁਜਾਤਾ ਸੱਲਣ ਅਤੇ  ਅਮਰੀਕਾ ਤੋਂ  ਡਾ. ਹਰਜਿੰਦਰ ਕੁਮਾਰ ਅਤੇ ਇਟਲੀ ਤੋਂ ਬਲਵਿੰਦਰ ਝਮੱਟ ਸ਼ਾਮਲ ਹੋਏ। ਸਾਰੇ ਸ਼ਰਧਾਲੂ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਤਥਾਗਤ ਬੁੱਧ ਦੀ ਮੂਰਤੀ ਅੱਗੇ ਨਤਮਸਤਕ ਹੋਏ। ਅੰਬੇਡਕਰ ਭਵਨ  ਦੇ ਟਰੱਸਟੀ ਹਰਮੇਸ਼ ਜੱਸਲ ਨੇ ਬੁੱਧ ਵੰਦਨਾ, ਤ੍ਰਿਸ਼ਰਨ, ਪੰਚਸ਼ੀਲ ਦੇ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਅਤੇ ਸਾਰੇ ਡੈਲੀਗੇਟਾਂ ਦੀ ਜਾਣ ਪਛਾਣ ਕਰਵਾਈ। ਟਰੱਸਟ ਦੇ ਜਨਰਲ ਸਕੱਤਰ ਡਾ. ਜੀ ਸੀ ਕੌਲ ਨੇ  ਆਪਣੇ ਸੁਆਗਤੀ ਭਾਸ਼ਣ ਵਿੱਚ ਕਿਹਾ ਕਿ ਅੰਬੇਡਕਰ ਭਵਨ ਇੱਕ ਇਤਿਹਾਸਿਕ ਸਥਾਨ ਹੈ, ਜਿੱਥੇ ਬਾਬਾ ਸਾਹਿਬ ਡਾ. ਅੰਬੇਡਕਰ 27 ਅਕਤੂਬਰ 1951 ਨੂੰ ਆਏ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ। ਜਿਸ ਭੂਮੀ ‘ਤੇ ਅੰਬੇਡਕਰ ਭਵਨ ਉਸਾਰਿਆ ਗਿਆ ਹੈ, ਉਸ ਨੂੰ ਪ੍ਰਸਿੱਧ ਅੰਬੇਡਕਰਵਾਦੀ ਅਤੇ  ਭੀਮ ਪੱਤਰਕਾ ਦੇ  ਸੰਪਾਦਕ  ਲਾਹੌਰੀ  ਰਾਮ ਬਾਲੀ ਨੇ  ਸੇਠ ਕਰਮਚੰਦ ਬਾਠ ਦੇ ਸਹਿਯੋਗ ਨਾਲ ਖਰੀਦਿਆ ਸੀ। 1972 ਵਿੱਚ ਸ਼੍ਰੀ ਬਾਲੀ ਜੀ ਨੇ ਅੰਬੇਡਕਰ ਭਵਨ ਟਰੱਸਟ ਦਾ ਗਠਨ ਕੀਤਾ ਅਤੇ ਸਾਰੇ ਟਰੱਸਟੀਆਂ ਦੇ ਸਹਿਯੋਗ ਨਾਲ ਭਵਨ ਦੀਆਂ ਇਮਾਰਤਾਂ ਦੀ ਉਸਾਰੀ ਕੀਤੀ ਗਈ ਹੈ। ਡਾ. ਕੌਲ ਨੇ ਕਿਹਾ ਕਿ ਇਸ ਟਰੱਸਟ ਵਿੱਚ  ਬਹੁਤ ਪੜ੍ਹੇ-ਲਿਖੇ ਟਰੱਸਟੀ ਹਨ ਜਿਨ੍ਹਾਂ ਵਿੱਚ  4 ਪੀਐਚਡੀ, 2 ਹਾਈ ਕੋਰਟ ਦੇ ਵਕੀਲ, 1 ਡੀਪੀ ਆਈ ਕਾਲਜਾਂ, 1  ਸੇਵਾਮੁਕਤ ਆਈਏਐਸ ਪ੍ਰਮੁੱਖ ਸਕੱਤਰ, ਇੱਕ ਪੋਸਟ ਗ੍ਰੈਜੂਏਟ ਐਮਐਸ ਡਾਕਟਰ ਆਦਿ ਹਨ ।ਇਸ ਮੌਕੇ ਤੇ ਆਪਣੇ ਸੰਬੋਧਨ ਵਿੱਚ ਸ੍ਰੀ ਬਿਸ਼ਨ ਦਾਸ ਬੈਂਸ ਸਾਬਕਾ ਮੇਅਰ ਯੂਕੇ ਨੇ ਲਗਭਗ 55 – 60 ਸਾਲ ਪਹਿਲਾਂ ਇੰਗਲੈਂਡ ਵਿਖੇ ਕੁਝ ਗਿਣਤੀ ਦੇ ਪਰਿਵਾਰਾਂ ਵੱਲੋਂ ਕੀਤੇ ਗਏ ਸਰਗਰਮ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਹੁਤ ਸਾਰੇ ਵਿਚਾਰਧਾਰਕ ਵਿਰੋਧਾਂ ਦੇ ਬਾਵਜੂਦ ਯੂਕੇ ਵਿੱਚ ਅੰਬੇਡਕਰ ਲਹਿਰ ਦੀ ਮਿਸ਼ਾਲ ਨੂੰ ਜ਼ਿੰਦਾ ਰੱਖਣ ਵਿੱਚ ਸਰਬਸ਼੍ਰੀ ਚਾਨਣ ਰਾਮ ਪ੍ਰਧਾਨ ਰਿਪਬਲੀਕਨ ਗਰੁੱਪ ਆਫ ਗ੍ਰੇਟ ਬ੍ਰਿਟੇਨ, ਕੇਹਰੂ ਰਾਮ ਅਤੇ ਮਲੂਕ ਚੰਦ ਜੀ ਸਮੇਤ ਸ੍ਰੀ ਲਾਹੌਰੀ ਬਾਲੀ ਜੀ ਦੀ ਅਗਵਾਈ ਹੇਠ ਛਪਦੀ ਭੀਮ ਪੱਤਰਕਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਆਪਣੇ ਵੱਲੋਂ  ਮੇਅਰ  ਦੀ ਲੜੀ ਗਈ ਚੋਣ ਅਤੇ ਉਸ ਵਿੱਚ ਪ੍ਰਾਪਤ ਕਾਮਯਾਬੀ ਦਾ ਸਿਹਰਾ ਉਥੋਂ ਦੇ ਜਾਗਰਿਤ ਲੋਕਾਂ ਦੇ ਸਿਰ ਬੰਨਿਆ। ਉਨ੍ਹਾਂ ਨੇ ਕਿਹਾ ਕਿ ਯੂਕੇ ਦੇ ਅੰਬੇਡਕਰੀਆਂ ਦੇ ਨਿਰੰਤਰ ਯਤਨਾਂ ਦੇ ਸਿੱਟੇ ਵਜੋਂ ਅੱਜ ਯੂਰਪ, ਅਮਰੀਕਾ ਅਤੇ ਕਨੇਡਾ ਵਿਚ ਬਾਬਾ ਸਾਹਿਬ ਦੀ ਵਿਚਾਰਧਾਰਾ ਅਤੇ ਬੁੱਧ ਧਰਮ ਦਾ ਪ੍ਰਸਾਰ ਤੇ ਪ੍ਰਚਾਰ ਹੋ ਰਿਹਾ ਹੈ। ਸ੍ਰੀ ਬੀ ਡੀ ਬੈਂਸ ਨੇ ਐਨਆਰਆਈ ਡੈਲੀਗੇਸ਼ਨ ਵੱਲੋਂ ਨੇਪਾਲ ਅਤੇ ਭਾਰਤ ਵਿੱਚ ਤਥਾਗਤ ਬੁੱਧ ਅਤੇ ਬਾਬਾ ਸਾਹਿਬ ਨਾਲ ਜੁੜੇ ਇਤਿਹਾਸਿਕ ਸਥਾਨਾਂ ਦੀ ਵਰਤਮਾਨ ਸਥਿਤੀ ਦਾ ਜ਼ਿਕਰ ਵੀ ਕੀਤਾ।ਇੰਗਲੈਂਡ ਤੋਂ ਛਪਦੇ ‘ਸਮਾਜ ਵੀਕਲੀ’ ਦੇ ਮੁੱਖ ਸੰਪਾਦਕ ਸ੍ਰੀ ਦਵਿੰਦਰ ਚੰਦਰ ਨੇ ਯੂਕੇ ਵਿਖੇ ਡਾ. ਅੰਬੇਡਕਰ ਅਤੇ ਤਥਾਗਤ ਬੁੱਧ ਦੇ ਇਤਿਹਾਸਿਕ ਪਰੀਪੇਖ ਦਾ ਜ਼ਿਕਰ ਕਰਦਿਆਂ ਉੱਥੇ ਵੱਸਦੇ ਐਨਆਰਆਈ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਨਾਲ ਸਬੰਧਤ ਸੰਘਰਸ਼ਸ਼ੀਲ ਸਾਥੀਆਂ ਦੇ ਯੋਗਦਾਨ ਨੂੰ ਸਿਜਦਾ ਕੀਤਾ। ਉਨ੍ਹਾਂ ਕਿਹਾ ਕਿ ਇੰਗਲੈਂਡ ਦੀ ਸੁਤੰਤਰਤਾ ਅਤੇ ਸਮਾਨਤਾ ਅਧਾਰਤ ਫਿਜ਼ਾ ਨੇ ਪੰਜਾਬ ਦੇ ਮਿਹਨਤਕਸ਼ਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਜਿਸ ਦੇ ਸਿੱਟੇ ਵਜੋਂ ਅੱਜ ਉਨ੍ਹਾਂ ਨੇ ਉੱਥੇ ਆਪਣੇ ਆਪ ਨੂੰ ਸਥਾਪਿਤ ਕਰਨ ਉਪਰੰਤ ਇੱਥੇ ਪੰਜਾਬ ਵਿੱਚ ਵੀ ਸਮਾਜ ਸੇਵੀ ਕੰਮਾਂ ਵਿੱਚ ਭਰਪੂਰ ਯੋਗਦਾਨ ਪਾਇਆ ਹੈ। ਸ੍ਰੀ ਦਵਿੰਦਰ ਜੀ ਨੇ ਭਾਰਤ ਵਿੱਚ ਤਥਾਗਤ ਬੁੱਧ ਨਾਲ ਸਬੰਧਤ ਬਹੁਤੇ ਇਤਿਹਾਸਿਕ ਸਥਾਨਾਂ ਦੀ ਯੋਗ ਸੰਭਾਲ ਨਾ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ।  ਬਾਬਾ ਸਾਹਿਬ ਨਾਲ ਸੰਬੰਧਿਤ ਮੁੰਬਈ ਵਿਖੇ ਸਥਾਪਿਤ ਚੈਤਯਾ ਭੂਮੀ ਵਿਖੇ ਸਿਰਫ ਹਿੰਦੀ ਭਾਸ਼ਾ ਵਿੱਚ ਪ੍ਰਸਤੁਤ ਜਾਣਕਾਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਉਸ ਪਵਿੱਤਰ ਸਥਾਨ ਦੀ ਯਾਤਰਾ ਕਰਨ ਆਉਂਦੇ ਹਨ।  ਉਥੇ ਅੰਗਰੇਜੀ ਭਾਸ਼ਾ ਵਿੱਚ ਵੀ ਜਾਣਕਾਰੀ ਉਪਲਬਧ ਕਰਾਉਣੀ ਚਾਹੀਦੀ ਹੈ ਅਤੇ ਸਿੱਖਿਅਤ ਗਾਈਡ ਨਿਯੁਕਤ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਦਾ ਵਿਚਾਰ ਸੀ ਬੁੱਧ ਧਰਮ ਅਤੇ ਬਾਬਾ ਸਾਹਿਬ ਨਾਲ ਸੰਬੰਧਿਤ ਇਤਿਹਾਸਿਕ ਸਥਾਨਾਂ ਦੀ ਯਾਤਰਾ ਲਈ ਵਿਦੇਸ਼ਾਂ ਤੋਂ ਇਲਾਵਾ ਪੰਜਾਬ ਚੋਂ ਵੀ ਰੈਗੂਲਰ ਟਰਿਪ ਜਾਣੇ ਚਾਹੀਦੇ ਹਨ। ਯੂਐਸਏ ਤੋਂ ਆਏ ਐਨਆਰਆਈ ਅਤੇ ਹਰ ਹਫਤੇ ਕਨੇਡਾ ਤੋਂ ਪ੍ਰਸਾਰਿਤ ‘ਧੰਮਾ ਵੇਵਜ਼’ ਦੀ ਟੀਮ ਦੇ ਸਰਗਰਮ ਸਾਥੀ ਡਾ. ਹਰਜਿੰਦਰ ਕੁਮਾਰ ਨੇ ਸ਼੍ਰੀ ਲਾਹੌਰੀ ਰਾਮ ਬਾਲੀ ਜੀ ਦੀ ਅਗਵਾਈ ਹੇਠ ਅੰਬੇਡਕਰ ਭਵਨ ਅਤੇ ਇਸਦੇ ਟਰੱਸਟੀਆਂ ਵੱਲੋਂ ਅੰਬੇਡਕਰ ਮਿਸ਼ਨ ਦੇ ਪ੍ਰਚਾਰ ਤੇ ਪ੍ਰਸਾਰ ਦੀ ਭਰਪੂਰ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦੇ ਜ਼ਿੰਦਗੀ ਭਰ ਦੇ ਅਣਥੱਕ ਸੰਘਰਸ਼ ਸਦਕਾ ਹੀ ਸਦੀਆਂ ਬਾਅਦ ਸਾਡੇ ਜੀਵਨ ਵਿੱਚ ਪਰਿਵਰਤਨ ਆਇਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਉਨ੍ਹਾਂ ਦੀ  ਵਿਚਾਰਧਾਰਾ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਕੇ ਲੋਕ ਕਲਿਆਣ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ। ਸਮਾਗਮ ਦੇ ਅੰਤ ਵਿੱਚ ਟਰੱਸਟ ਦੇ ਚੇਅਰਮੈਨ ਸ਼੍ਰੀ ਸੋਹਨ ਲਾਲ ਨੇ ਐਨਆਰਆਈ ਡੈਲੀਗੇਸ਼ਨ ਦੇ ਮੈਂਬਰਾਂ ਸਮੇਤ ਸ਼ਾਮਿਲ ਸਰੋਤਿਆਂ ਦਾ ਹਾਰਦਿਕ ਧੰਨਵਾਦ ਕਰਦਿਆਂ ਕਿਹਾ ਕਿ 27 ਅਕਤੂਬਰ 1951 ਵਿੱਚ ਬਾਬਾ ਸਾਹਿਬ ਦੀ ਪੰਜਾਬ ਯਾਤਰਾ ਦਲਿਤ ਇਤਿਹਾਸ ਦੀ ਇੱਕ ਮਹੱਤਵਪੂਰਨ ਘਟਨਾ ਹੈ ਅੰਬੇਡਕਰ ਭਵਨ ਜਲੰਧਰ ਉਸ ਯਾਤਰਾ ਦਾ ਹੀ ਇੱਕ ਇਤਿਹਾਸਿਕ ਪ੍ਰਤੀਕ ਹੈ। ਭਵਨ ਨਾਲ ਸਬੰਧਿਤ ਅੰਬੇਡਕਰੀ ਸਾਥੀਆਂ ਨੇ ਬਾਬਾ ਸਾਹਿਬ ਦੇ ਦਰਸ਼ਨ, ਸੂਝ ਅਤੇ ਦ੍ਰਿਸ਼ਟੀ ਨੂੰ ਅੱਗੇ ਵਧਾਉਣ ਦਾ ਇਤਿਹਾਸਿਕ ਕਾਰਜ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਭਵਨ ਅਤੇ ਟਰੱਸਟ ਨਾਲ ਸੰਬੰਧਿਤ ਸਾਰੇ ਸਾਥੀ ਬਹੁਤ ਇਮਾਨਦਾਰੀ, ਲਗਨ ਤੇ ਮਿਹਨਤ ਨਾਲ ਬਾਬਾ ਸਾਹਿਬ ਅਤੇ ਤਥਾਗਤ ਬੁੱਧ ਦੀ ਵਿਚਾਰਧਾਰਾ ਦੇ ਪ੍ਰਸਾਰ ਲਈ ਯਤਨਸ਼ੀਲ ਹਨ, ਜਿਸ ਦੇ ਸਿੱਟੇ ਵਜੋਂ ਅੰਬੇਡਕਰ ਭਵਨ ਇਸ ਰੂਪ ਵਿੱਚ ਦ੍ਰਿਸ਼ਟੀਗੋਚਰ ਹੋ ਰਿਹਾ ਹੈ। ਅੰਤ ਵਿੱਚ ਚੇਅਰਮੈਨ ਸ੍ਰੀ ਸੋਹਨ ਲਾਲ ਦੀ ਅਗਵਾਈ ਹੇਠ ਅੰਬੇਡਕਰ ਭਵਨ ਟਰੱਸਟ ਦੇ ਸਮੂਹ ਮੈਂਬਰਾਂ ਵੱਲੋਂ ਐਨਆਰਆਈ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਸ਼੍ਰੀ ਚਰਨ ਦਾਸ  ਸੰਧੂ, ਡਾ. ਸੁਰਿੰਦਰ ਅਜਨਾਤ, ਬਲਦੇਵ ਰਾਜ ਭਾਰਦਵਾਜ, ਮਹਿੰਦਰ ਸੰਧੂ, ਜਸਵਿੰਦਰ ਵਰਿਆਣਾ, ਐਡਵੋਕੇਟ ਕੁਲਦੀਪ ਭੱਟੀ, ਰਾਜ ਕੁਮਾਰ, ਐਡਵੋਕੇਟ ਹਰਭਜਨ ਸਾਂਪਲਾ, ਗੌਤਮ ਬੌਧ, ਪਿਛੋਰੀ ਲਾਲ ਸੰਧੂ, ਮਲਕੀਤ ਸਿੰਘ, ਰੂਪ ਲਾਲ, ਰਾਮ ਨਾਥ ਸੁੰਡਾ, ਪਿਆਰਾ ਸਿੰਘ ਤੇਜੀ, ਚਰਨਜੀਤ ਸਿੰਘ ਮੱਟੂ, ਰਾਮ ਲਾਲ ਦਾਸ, ਸੋਮਾ ਸਬਲੋਕ, ਮੰਜੂ,  ਕਵਿਤਾ ਢਾਂਡੇ, ਹਰਭਜਨ ਨਿਮਤਾ ਆਦਿ ਸ਼ਾਮਿਲ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ।

ਬਲਦੇਵ ਰਾਜ ਭਾਰਦਵਾਜ ਵਿੱਤ ਸਕੱਤਰ,ਅੰਬੇਡਕਰ ਭਵਨ ਟਰੱਸਟ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਭਾਗ ਲੈਣ ਜਾ ਰਹੀ ਹੈ ਵਾਂਦਰ ਪੱਤੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਨਵਦੀਪ ਕੌਰ
Next articleਸਹਿਣਸ਼ੀਲਤਾ ਕਮਜ਼ੋਰੀ ਨਹੀਂ ਹੁੰਦੀ