(ਸਮਾਜ ਵੀਕਲੀ-06/07/2023)- ਉੱਘੇ ਅੰਬੇਡਕਰੀ ਵਿਦਵਾਨ, ਮਿਸ਼ਨਰੀ ਅਜ਼ੀਜ਼ ਸਾਹਿਤਕਾਰ, ਹਰਦਿਲ ਅਤੇ ਹਰਮਨ ਪਿਆਰੇ ਬੁਲਾਰੇ ਸ਼੍ਰੀ ਲਹੌਰੀ ਰਾਮ ਬਾਲੀ ਅੱਜ ਦਲਿਤ ਭਾਈਚਾਰੇ ਨੂੰ ਸਦੀਵੀਂ ਤੌਰ ਤੇ ਅਲਵਿਦਾ ਕਹਿ ਗਏ ਹਨ।
ਗੌਰਤਲਬ ਹੈ ਕਿ ਲਹੌਰੀ ਰਾਮ ਬਾਲੀ ਜੀ ਦਾ ਜਨਮ 20 ਜੁਲਾਈ 1934 ਨੂੰ ਸ਼ਹੀਦ ਭਗਤ ਸਿੰਘ ਨਗਰ ਵਿਚ ਪਿਤਾ ਸ੍ਰੀ ਭਗਵਾਨ ਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਪ੍ਰੇਮੀ ਦੀ ਕੁੱਖ ਤੋਂ ਪੈਦਾ ਹੋਏ ਹਨ।
ਉਨ੍ਹਾਂ ਨੇ ਮੁੱਢਲੀ ਵਿਦਿਆ ਵੀ ਨਵਾਂ ਸ਼ਹਿਰ ਦੇ ਪ੍ਰਾਇਮਰੀ ਸਕੂਲ ਵਿਚੋਂ ਹਾਸਲ ਕੀਤੀ ਅਤੇ ਆਪ ਜੀ ਨੇ ਮੈਟ੍ਰਿਕ ਫਸਟ ਡਵੀਜ਼ਨ ਵਿੱਚ 1947 ਵਿੱਚ ਦੋਆਬਾ ਆਰੀਆ ਹਾਈ ਸਕੂਲ ਤੋਂ ਪਾਸ ਕੀਤੀ ਸੀ।ਆਪ ਨੂੰ ਬਚਪਨ ਤੋਂ ਛੂਆ ਛਾਤ ਅਤੇ ਜਾਤੀ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ।ਜਾਤੀ ਅਧਾਰਿਤ ਵਖਰੇਵਿਆਂ ਕਾਰਨ ਅਣਮਨੁੱਖੀ ਵਰਤਾਰਿਆਂ ਦੇ ਖ਼ਿਲਾਫ਼ ਖੜਨ ਲਈ ਉਨ੍ਹਾਂ ਨੇ ਪੁਸਤਕਾਂ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਕਿਤਾਬਾਂ ਪੜ੍ਹਦਿਆਂ ਲਹੌਰੀ ਰਾਮ ਬਾਲੀ ਦਾ ਸਾਹਿਤ ਨਾਲ ਲਗਾਅ ਹੋ ਗਿਆ।
ਦੇਸ਼ ਅਜ਼ਾਦ ਹੋਣ ਤੇ ਲਾਹੌਰੀ ਰਾਮ ਦਾ ਪਰਿਵਾਰ ਵੀ ਉੱਜੜ ਗਿਆ। ਲਹੌਰੀ ਰਾਮ ਬਾਲੀ ਨੇ ਦਿਲੀ ਵਿਚ ਇਕ ਕੋਲਾ ਦੇ ਡਿਪੂ ਵਿਚ ਮਜ਼ਦੂਰੀ ਕੀਤੀ। ਇੱਕ ਰਹਿਮਦਿਲ ਇਨਸਾਨ ਠਾਕਰ ਦਾਸ ਨੇ ਗੌਰਮਿੰਟ ਪ੍ਰੈੱਸ ਮਿੰਟੋ ਰੋਡ ਨਵੀਂ ਦਿਲੀ ਦਾ ਪ੍ਰਬੰਧ ਵ ਲਾਹੌਰੀ ਰਾਮ ਨੂੰ ਪ੍ਰੈੱਸ ਵਿਚ ‘ਕਾਪੀ ਹੋਲਡਰ’ ਦੀ ਨੌਕਰੀ ਦੇ ਦਿੱਤੀ ਦਿਵਾਈ ਅਤੇ 1947 ਵਿਚ ਲਹੌਰੀ ਰਾਮ ਬਾਲੀ ਜੀ ਦਾ ਜੀਤੋ ਨਾਲ ਵਿਆਹ ਹੋ ਗਿਆ ਸੀ। ਇਸ ਸਮੇਂ ਉਹਨਾਂ ਦੀਆਂ ਸਮਾਜਿਕ ਗਤੀਵਿਧੀਆਂ ਜਾਰੀ ਹੋਈਆਂ। ਇਸ ਸਮੇਂ ਦਿੱਲੀ ਵਿਖੇ ਡਾ. ਭੀਮ ਰਾਓ ਅੰਬੇਡਕਰ ਜੀ ਨਾਲ ਮੁਲਾਕਾਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦਿੱਲੀ ਵਿਚ ਰਹਿੰਦਿਆਂ ਹੋਇਆਂ ਲਹੌਰੀ ਰਾਮ ਬਾਲੀ ਦੀ ਡਾ ਭੀਮ ਰਾਓ ਅੰਬੇਡਕਰ ਜੀ ਨਾਲ ਕਾਫੀ ਨੇੜਤਾ ਬਣ ਗਈ ਸੀ ਪਰ ਭੈਣ ਦੇ ਵਿਆਹ ਕਾਰਨ ਅਤੇ ਘਰਦਿਆਂ ਦਾ ਦਬਾਅ ਕਾਰਨ ਲਾਹੌਰੀ ਰਾਮ ਬਾਲੀ ਨੂੰ ਪੰਜਾਬ ਆਉਣਾ ਪਿਆ।
ਜਲੰਧਰ ਦੇ ਆਬਾਦ ਪੁਰਾ ਵਿਚ ਛੋਟਾ ਜਿਹਾ ਮਕਾਨ ਲੈ ਕੇ ਪਤਨੀ ਸਮੇਤ ਰਹਿਣ ਲੱਗ ਪਏ ਸਨ। ਇੱਥੇ ਆਪ ਨੂੰ ਪੋਸਟਲ ਕਲਰਕ ਦੀ ਨੌਕਰੀ ਮਿਲ ਗਈ ਪਰ ਡਾਕਘਰ ਦੇ ਕਰਮਚਾਰੀਆਂ ਵਿਚ ਛੂਤਛਾਤ ਬਹੁਤ ਸੀ। ਏਥੇ ਆਪ ਨੇ ਸਪਤਾਹਿਕ ਉਰਦੂ ਪਰਚਾ ‘ਉਜਾਲਾ’ ਵਿੱਚ ‘ਅਮਰ ਨਵਾਂਸ਼ਹਿਰੀ’ ਦੇ ਨਾਮ ਤਹਿਤ ਲਿਖਣਾ ਅਰੰਭ ਕੀਤਾ।
ਬਾਬਾ ਸਾਹਿਬ ਵਲੋਂ ‘ਸ਼ਡਿਊਲਡ ਕਾਸਟ ਫੈਡਰੇਸ਼ਨ’ ਦਾ ਪ੍ਰਧਾਨ ਡਾ. ਭਗਤ ਸਿੰਘ ਨੂੰ ਬਣਾਇਆ ਗਿਆ। ਉਸ ਦਿਨ ਬਾਬਾ ਸਾਹਿਬ ਨੂੰ ਮਿਲਣ ਗਏ ਸਨ ਉਨ੍ਹਾਂ ਦੀ ਤਬੀਅਤ ਖ਼ਰਾਬ ਸੀ ਤੇ ਸਮਾਜ ਪ੍ਰਤੀ ਫ਼ਿਕਰਮੰਦ ਸਨ। ਉਸੇ ਦਿਨ ਹੀ ਲਾਹੌਰੀ ਰਾਮ ਬਾਲੀ ਨੇ ਪ੍ਰਣ ਕਰ ਲਿਆ ਸੀ ਕਿ ਬਾਬਾ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਲਈ ਉਹ ਸਾਰਾ ਜੀਵਨ ਮਿਸ਼ਨ ਨੂੰ ਸਮਰਪਿਤ ਕਰ ਦੇਣਗੇ।
6 ਦਸੰਬਰ 1956 ਨੂੰ ਬਾਬਾ ਸਾਹਿਬ ਦੇ ਪ੍ਰੀਨਿਰਵਾਣ ਤੋਂ ਆਪ ਨੇ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਜਲੰਧਰ ਦੇ ਨਕੋਦਰ ਰੋਡ ਤੋਂ 14 ਅਪਰੈਲ 1958 ਉਰਦੂ ਵਿਚ ‘ਭੀਮ ਪਤ੍ਰਿਕਾ’ ਸ਼ੁਰੂ ਕੀਤੀ। ਇਸ ਪਤ੍ਰਿਕਾ ਦਾ ਦਫ਼ਤਰ ਬਹੁਤ ਸਾਰੀਆਂ ਦਲਿਤ ਸਮਾਜ ਦੀਆਂ ਸਾਂਝੀਆ ਗਤੀਵਿਧੀਆਂ ਦਾ ਕੇਂਦਰ ਰਿਹਾ।ਤੇ ਇਹ ਪੱਤਿ੍ਕਾ ਇਹ 1995 ਵਿਚ ਬੰਦ ਹੋ ਗਈ।ਲਹੌਰੀ ਰਾਮ ਬਾਲੀ ਰਿਪਬਲਿਕ ਪਾਰਟੀ ਦੇ ਸਰਗਰਮੀਆਂ ਵਿੱਚ ਅੱਗੇ ਹੋ ਕੇ ਹਿੱਸਾ ਲਿਆ। ਪਾਰਟੀ ਵਲੋਂ ਨਿਕਾਸੀ ਜ਼ਮੀਨ ਅਨੁਸੂਚਿਤ ਜਾਤੀਆਂ ਭੂਮੀਹੀਣ ਖੇਤ ਮਜ਼ਦੂਰਾਂ ਵਿਚ ਵੰਡਣ ਸੰਬੰਧੀ ਮੰਗ ਨੂੰ ਲੈ ਕੇ ਲਾਹੌਰੀ ਰਾਮ ਬਾਲੀ ਜੀ ਵਫ਼ਦ ਲੈ ਕੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨੂੰ ਮਿਲੇ ਸਨ ਪਰ ਮੁੱਖ ਮੰਤਰੀ ਵਲੋਂ ਮਜ਼ਾਕ ਕਰਦਿਆਂ ਇਹ ਮੰਗ ਠੁਕਰਾ ਦਿੱਤੇ ਜਾਣ ਤੋਂ ਬਾਅਦ 20 ਮਈ 1964 ਨੂੰ ਇਕ ਸਾਈਕਲ ਸਵਾਰ ਹੋ ਕੇ ਆਪ ਜਥਾ ਲੈ ਕੇ ਦਿੱਲੀ ਵਿਚ ਪ੍ਰਧਾਨ ਮੰਤਰੀ ਨੂੰ ਮਿਲੇ ਸਨ। ਆਪ ਨੇ ਜਲੰਧਰ ਜਨਰਲ ਹਲਕੇ ਤੋਂ ਲੋਕ ਸਭਾ ਤੋਂ ਰੱਖਿਆ ਮੰਤਰੀ ਸਵਰਨ ਸਿੰਘ ਦੇ ਖ਼ਿਲਾਫ਼ ਚੋਣ ਲੜੀ ਪਰ ਹਾਰ ਗਏ।
ਆਪ ਦਾ ਸਮੁੱਚਾ ਜੀਵਨ ਸੰਘਰਸ਼ਮਈ ਰਿਹਾ। ਪਰਿਵਾਰਕ ਜੀਵਨ ਬਹੁਤ ਹੀ ਸੁਖਮਈ ਰਿਹਾ।ਆਪ ਜੀ ਦੀਆਂ ਦੋ ਬੇਟੀਆਂ ਸੁਨੀਤਾ ਅਤੇ ਸੁਜਾਤਾ ਹਨ ਅਤੇ ਦੋ ਬੇਟੇ ਰਾਹੁਲ ਅਤੇ ਅਨੰਦ ਕੁਮਾਰ ਹਨ।ਆਪ ਨੇ ਆਪਣੀਆਂ ਲਿਖਤਾਂ ਜ਼ਰੀਏ, ਮਾਰਚਾਂ ਅਤੇ ਜਨ ਸਭਾਵਾਂ ਜ਼ਰੀਏ ਹਮੇਸ਼ਾਂ ਦੱਬੇ ਕੁੱਚਲੇ ਲੋਕਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ।ਆਪ ਨੂੰ ਬਹੁਤ ਸਾਰੇ ਵਿਰੋਧਾਂ ਅਤੇ ਮੁਕੱਦਮੇ ਬਾਜ਼ੀਆਂ ਦਾ ਸਾਹਮਣਾ ਕਰਨਾ ਪਿਆ।
ਪਰ ਆਪ ਨਿਧੜਕ ਪੱਤਰਕਾਰ, ਨਿਡਰ ਬੁਲਾਰੇ ਅਤੇ ਸੁਲਝੇ ਹੋਏ ਦਲਿਤ ਸਾਹਿਤਕਾਰ ਸਨ। ਜਿੰਨ੍ਹਾਂ ਦੀ ਘਾਟ ਦਲਿਤ ਭਾਈਚਾਰੇ ਨੂੰ ਹਮੇਸ਼ਾਂ ਰੜਕਦੀ ਰਹੇਗੀ।
ਜਗਤਾਰ ਸਿੰਘ ਹਿੱਸੋਵਾਲ
-9878330324