ਅੰਬੇਡਕਰ ਟਰੱਸਟ ਨੇ ਕੀਤਾ ਡੀ.ਏ.ਐਮ.ਸੀ. ਆਫ ਗ੍ਰੇਟ ਬ੍ਰਿਟੇਨ ਦੀ ਪ੍ਰਧਾਨ ਸ਼੍ਰੀਮਤੀ ਰੇਖਾ ਪਾਲ ਨੂੰ ਸਨਮਾਨਿਤ

ਫੋਟੋ ਕੈਪਸ਼ਨ: ਮੁੱਖ ਮਹਿਮਾਨ ਸ਼੍ਰੀਮਤੀ ਰੇਖਾ ਪਾਲ ਦਾ ਸਨਮਾਨ ਕਰਦੇ ਹੋਏ ਅੰਬੇਡਕਰ ਭਵਨ ਦੇ ਟਰੱਸਟੀ ਅਤੇ ਹੋਰ ਅੰਬੇਡਕਰੀ ਸੰਗਠਨਾਂ ਦੇ ਮੈਂਬਰ।

 ਜਲੰਧਰ (ਸਮਾਜ ਵੀਕਲੀ) ਅੰਬੇਡਕਰ ਭਵਨ ਟਰੱਸਟ (ਰਜਿ.) ਵੱਲੋਂ 1969 ਵਿੱਚ ਭਾਰਤ ਤੋਂ ਬਾਹਰ ਅੰਬੇਡਕਰ ਭਵਨ ਦੇ ਸੰਸਥਾਪਕ ਟਰੱਸਟੀ ਸ੍ਰੀ ਲਹੌਰੀ ਰਾਮ ਬਾਲੀ ਜੀ ਦੇ ਯਤਨਾਂ ਨਾਲ ਇੰਗਲੈਂਡ ਵਿੱਚ ਸਥਾਪਿਤ ਹੋਈ ਪਹਿਲੀ ਸੰਸਥਾ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ  ਬ੍ਰਿਟੇਨ ਵੁਲਵਰਹੈਂਪਟਨ ਦੇ ਪ੍ਰਧਾਨ ਸ੍ਰੀਮਤੀ ਰੇਖਾ ਪਾਲ, ਸਤਿਕਾਰਤ ਮੈਂਬਰਾਨ ਸ੍ਰੀ ਦੇਵ ਸੁਮਨ ਐਂਕਰ ਲੋਟਸ ਟੀਵੀ, ਸ੍ਰੀਮਤੀ ਬਖਸ਼ੋ ਸੁਮਨ, ਸ੍ਰੀਮਤੀ ਸਤਿਆ ਸਲਣ ਦੇ ਸਨਮਾਨ ਵਿੱਚ ਇਤਿਹਾਸਿਕ ਭੂਮੀ ਅੰਬੇਡਕਰ ਭਵਨ ਵਿਖੇ ਇੱਕ ਪ੍ਰੇਮ ਮਿਲਣੀ ਸਮਾਰੋਹ ਆਯੋਜਿਤ ਕੀਤਾ ਗਿਆ। ਇਨ੍ਹਾਂ  ਸਤਿਕਾਰਤ ਸ਼ਖਸ਼ੀਅਤਾਂ ਦੇ ਨਾਲ ਇਸ ਸ਼ੁੱਭ ਅਵਸਰ  ਤੇ ਡਾ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਦੇ ਪ੍ਰਧਾਨ ਸ੍ਰੀ ਸੋਹਨ ਲਾਲ ਸਾਂਪਲਾ ਜਰਮਨੀ ਅਤੇ ਸ਼੍ਰੀਮਤੀ ਕਿਰਨ ਸਾਂਪਲਾ ਵੀ ਹਾਜ਼ਰ ਸਨ।   ਸਮਾਗਮ ਦਾ ਆਗਾਜ਼ ਕਰਦਿਆਂ ਟਰੱਸਟ  ਦੇ ਵਿੱਤ ਸਕੱਤਰ ਸ਼੍ਰੀ ਬਲਦੇਵ ਰਾਜ ਭਾਰਦਵਾਜ ਨੇ ਦੱਸਿਆ ਕਿ ਪੂਰਬੀ ਦੇਸ਼ਾਂ ਦੇ ਬੁੱਧ ਮੱਠਾਂ ਅਰਥਾਤ ਬੁੱਧ ਵਿਹਾਰਾਂ ਦੇ ਪ੍ਰਮੁੱਖ ਭਿਖਸ਼ੂਆਂ ਦੀ ਬਣੀ ਸੁਪਰੀਮ ਕਮੇਟੀ ਨੇ ਬੁੱਧ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ਵ ਭਰ ਵਿੱਚ ਸਰਗਰਮ ਸ੍ਰੀਮਤੀ ਰੇਖਾ ਪਾਲ ਪ੍ਰਧਾਨ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ  ਬ੍ਰਿਟੇਨ ਸਮੇਤ ਨੌ ਸਤਿਕਾਰਤ ਔਰਤਾਂ ਦੀ ਚੋਣ ਕਰਕੇ ਉਨ੍ਹਾਂ  ਨੂੰ 8 ਮਾਰਚ, 2025 ਨੂੰ ਅੰਤਰਰਾਸ਼ਟਰੀ ਇਸਤਰੀ ਦਿਵਸ ਦੇ ਮੌਕੇ ਤੇ ਆਊਟਸਟੈਂਡਿੰਗ ਵੁਮਨ ਇਨ ਬੁੱਧਇਜ਼ਮ ਅਵਾਰਡ 2025 ਨਾਲ ਇੰਡੋਨੇਸ਼ੀਆ ਵਿਖੇ ਸਨਮਾਨਿਤ ਕੀਤਾ ਗਿਆ।  ਉਨ੍ਹਾਂ  ਨੇ ਕਿਹਾ ਕਿ ਸਮੁੱਚੇ ਬੌਧ  ਜਗਤ ਲਈ ਇਹ ਮਾਣ ਵਾਲੀ ਗੱਲ ਹੈ। ਇਸ ਮੌਕੇ ਤੇ ਟਰੱਸਟ  ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਮੁੱਖ ਮਹਿਮਾਨ ਸ੍ਰੀਮਤੀ ਰੇਖਾ ਪਾਲ ਸਮੇਤ ਸਾਰੀਆਂ ਸਤਿਕਾਰਤ ਸ਼ਖਸੀਅਤਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੈਮੋਰੀਅਲ ਕਮੇਟੀ ਦੇ ਤੀਸਰੀ ਵਾਰ ਚੁਣੇ ਗਏ ਪ੍ਰਧਾਨ ਸ੍ਰੀਮਤੀ ਪਾਲ ਜੀ ਦੀ ਅਗਵਾਈ ਹੇਠ ਕਮੇਟੀ ਪੂਰੀ ਸਰਗਰਮੀ ਨਾਲ ਤਥਾਗਤ ਬੁੱਧ ਅਤੇ  ਬਾਬਾ ਸਾਹਿਬ ਦੇ ਫਲਸਫੇ ਨੂੰ ਵਿਸ਼ਵ ਪੱਧਰ ਤੇ ਪ੍ਰਚਾਰਤ ਤੇ ਪ੍ਰਸਾਰਿਤ ਕਰਨ ਵਿੱਚ ਲਗਾਤਾਰ 55 ਸਾਲ ਤੋਂ ਬੇਮਿਸਾਲ ਕਾਰਜ ਕਰਨ ਵਿੱਚ ਯਤਨਸ਼ੀਲ ਹੈ। ਮੁੱਖ ਮਹਿਮਾਨ ਸ੍ਰੀਮਤੀ ਰੇਖਾ ਪਾਲ ਨੇ ਆਪਣੇ ਸੰਬੋਧਨ ਵਿੱਚ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਵੁਲਵਰਹੈਂਪਟਨ  ਵੱਲੋਂ ਕੀਤੇ ਗਏ ਅਤੇ ਵਰਤਮਾਨ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵਿਸਥਾਰ ਸਹਿਤ ਜ਼ਿਕਰ ਕੀਤਾ।  ਉਨ੍ਹਾਂ  ਨੇ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਵਿਵਹਾਰਕ ਰੂਪ ਵਿੱਚ ਧਾਰਨ ਕਰਕੇ ਸਮੁੱਚੇ ਸਮਾਜ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ। ਸਮਾਗਮ ਤੋਂ ਪਹਿਲਾਂ ਸ਼੍ਰੀਮਤੀ ਪਾਲ ਨੇ ਭਵਨ ਦੀਆਂ ਇਮਾਰਤਾਂ ਅਤੇ ਭਵਨ ਦੀ ਲਾਇਬਰੇਰੀ ਦਾ ਮੁਆਇਨਾ ਵੀ ਕੀਤਾ। ਉਨ੍ਹਾਂ  ਨੇ ਟਰੱਸਟ ਵੱਲੋਂ ਭਵਨ ਲਈ ਉਲੀਕੀਆਂ ਜਾਣ ਵਾਲੀਆਂ ਭਵਿੱਖ ਮੁਖੀ ਯੋਜਨਾਵਾਂ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ।

ਜਰਮਨੀ ਤੋਂ ਆਏ ਉੱਘੇ ਅੰਬੇਡਕਰਵਾਦੀ ਲੇਖਕ ਅਤੇ ਅੰਬੇਡਕਰ ਮਿਸ਼ਨ ਸੁਸਾਇਟੀ ਯੂਰਪ ਦੇ ਪ੍ਰਧਾਨ ਸ੍ਰੀ ਸੋਹਨ  ਲਾਲ ਸਾਂਪਲਾ ਨੇ ਸ਼੍ਰੀਮਤੀ ਰੇਖਾ ਪਾਲ ਨੂੰ ਅੰਤਰਰਾਸ਼ਟਰੀ ਅਵਾਰਡ ਦੀ ਪ੍ਰਾਪਤੀ ਤੇ ਵਧਾਈ ਦਿੰਦਿਆਂ ਉਨ੍ਹਾਂ  ਦੀ ਅਗਵਾਈ ਹੇਠ ਮੈਮੋਰੀਅਲ ਕਮੇਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ  ਨੇ ਸ਼੍ਰੀਮਤੀ ਪਾਲ ਦੇ ਸਨਮਾਨ ਵਿੱਚ ਆਯੋਜਿਤ ਇਸ ਪ੍ਰੇਮ ਭਰੀ ਮਿਲਣੀ ਲਈ ਅੰਬੇਡਕਰ ਭਵਨ ਤੋਂ ਕਾਰਜਸ਼ੀਲ ਸੰਸਥਾਵਾਂ ਦਾ ਹਾਰਦਿਕ ਧੰਨਵਾਦ ਕੀਤਾ। ਕਮੇਟੀ ਦੇ ਸਰਗਰਮ ਮੈਂਬਰ ਸ੍ਰੀ ਦੇਵ ਸੁਮਨ ਨੇ ਕਿਹਾ ਕਿ ਭਾਰਤ ਤੋਂ ਬਾਹਰ ਮੈਮੋਰੀਅਲ ਕਮੇਟੀ ਅਜਿਹੀ ਪਹਿਲੀ ਸੰਸਥਾ ਹੈ ਜਿਸ ਨੇ ਇਸ ਇਤਿਹਾਸਿਕ ਸਥਾਨ ਦੇ ਫਾਊਂਡਰ ਟਰੱਸਟੀ ਅਤੇ ਭੀਮ ਪਤ੍ਰਿਕਾ ਦੇ ਮੁੱਖ ਸੰਪਾਦਕ ਸ੍ਰੀ ਲਾਹੌਰੀ  ਰਾਮ ਬਾਲੀ ਜੀ ਦੁਆਰਾ ਲਿਖੇ ਗਏ ਸਾਹਿਤ ਦੀ ਸਹਾਇਤਾ ਨਾਲ ਪੂਰੇ ਵਿਸ਼ਵ ਵਿੱਚ ਤਥਾਗਤ ਬੁੱਧ ਅਤੇ ਡਾ. ਅੰਬੇਡਕਰ ਜੀ ਦੀ ਵਿਚਾਰਧਾਰਾ ਨੂੰ ਪ੍ਰਚਾਰਿਤ ਕਰਨ ਦਾ ਬੇਮਿਸਾਲ ਕੰਮ ਕੀਤਾ ਹੈ। ਸ੍ਰੀ ਸੁਮਨ ਨੇ ਕਿਹਾ ਕਿ ਇਹ ਵਿਚਾਰਧਾਰਾ ਮਾਨਵ ਕਲਿਆਣ ਦੇ ਹਿੱਤ ਵਿੱਚ ਹੈ। ਉਨ੍ਹਾਂ  ਨੇ ਇਸ ਗੱਲ ਤੇ ਵਿਸ਼ੇਸ਼ ਜੋਰ ਦਿੱਤਾ ਕਿ ਮਾਨਵਵਾਦੀ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਨੂੰ ਅਪਣਾ ਕੇ ਆਪਣੇ ਆਚਰਨ, ਸੱਭਿਆਚਾਰ ਅਤੇ ਧਾਰਮਿਕ  ਨਿਸ਼ਠਾ ਵਿੱਚ ਪਰਿਵਰਤਨ ਲਿਆ ਕੇ ਹੀ ਚਿਰ ਸਥਾਈ ਰਾਜਨੀਤਿਕ ਸੱਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੰਬੇਡਕਰ ਭਵਨ ਜਲੰਧਰ ਅੰਬੇਡਕਰੀ ਚੇਤਨਾ ਦਾ ਮੁਢਲਾ, ਪ੍ਰਮੁੱਖ ਤੇ ਮਹੱਤਵਪੂਰਨ ਕੇਂਦਰ ਹੈ। ਅੰਬੇਡਕਰ ਭਵਨ ਟਰੱਸਟ ਵੱਲੋਂ ਮੁੱਖ ਮਹਿਮਾਨ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਦੀ ਪ੍ਰਧਾਨ ਸ਼੍ਰੀਮਤੀ ਰੇਖਾ ਪਾਲ  ਅਤੇ ਕਮੇਟੀ ਦੇ ਸਤਿਕਾਰਤ ਮੈਂਬਰਾਨ ਸ੍ਰੀ ਦੇਵ ਸੁਮਨ, ਸ਼੍ਰੀਮਤੀ ਬਖਸ਼ੋ ਸੁਮਨ, ਸ੍ਰੀਮਤੀ ਸੱਤਿਆ ਸਲਣ ਅਤੇ ਸ੍ਰੀ ਸੋਹਣ ਲਾਲ ਸਾਂਪਲਾ ਪ੍ਰਧਾਨ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਯੂਰੋਪ ਤੇ  ਉਨ੍ਹਾਂ ਦੀ ਪਤਨੀ ਸ਼੍ਰੀਮਤੀ ਕਿਰਨ ਸਾਂਪਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਰਾਸ਼ਟਰੀ ਚੇਅਰਮੈਨ ਡਾ.ਐਚ. ਆਰ. ਗੋਇਲ ਅਤੇ ਸੀਨੀਅਰ ਐਡਵੋਕੇਟ ਪੀ.ਐਸ. ਪਲਵ ਦਾ ਵੀ ਸਨਮਾਨ ਕੀਤਾ ਗਿਆ।

ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ 27 ਅਕਤੂਬਰ, 1951 ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਇਸ ਭੂਮੀ ਤੇ ਪਧਾਰੇ ਸਨ ਅਤੇ ਲੱਖਾਂ ਲੋਕਾਂ ਨੂੰ ਸੰਬੋਧਨ ਕੀਤਾ ਸੀ । ਬਾਬਾ ਸਾਹਿਬ ਦੀ ਚਰਨ ਛੋਹ  ਪ੍ਰਾਪਤ ਇਸ ਭੂਮੀ ਨੂੰ ਜਦੋਂ ਭੀਮ ਪਤ੍ਰਿਕਾ  ਦੇ ਮੁੱਖ ਸੰਪਾਦਕ ਲਾਹੌਰੀ ਰਾਮ ਬਾਲੀ ਨੇ 1963 ਵਿੱਚ ਖਰੀਦਣ ਦੀ ਯੋਜਨਾ ਬਣਾਈ ਤਾਂ ਅੰਬੇਡਕਰ ਮਿਸ਼ਨ ਦੇ ਵਿਰੋਧ ਕਾਰਨ ਕੋਈ ਵੀ ਵਿਅਕਤੀ ਬਾਲੀ ਸਾਹਿਬ ਦਾ ਸਾਥ ਦੇਣ ਨੂੰ ਤਿਆਰ ਨਹੀਂ ਸੀ, ਤਾਂ ਫਿਰ ਸ੍ਰੀ ਕਰਮ ਚੰਦ ਬਾਠ ਨੇ ਬਾਲੀ ਸਾਹਿਬ ਨੂੰ ਆਪਣਾ ਪੂਰਾ ਸਹਿਯੋਗ ਦਿੱਤਾ ਅਤੇ ਇੱਕ ਇੱਕ ਰੁਪਈਆ ਇਕੱਠਾ ਕਰਕੇ ਇਹ ਇਤਿਹਾਸਿਕ ਭੂਮੀ ਖਰੀਦੀ ਗਈ।  ਬਾਲੀ ਸਾਹਿਬ ਨੇ ਇਸ ਦਾ ਟਰੱਸਟ  ਬਣਾਇਆ ਅਤੇ ਫਿਰ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਆਫ ਗ੍ਰੇਟ ਬ੍ਰਿਟੇਨ ਦੇ ਮੈਂਬਰਾਂ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਇਹ ਆਲੀਸ਼ਾਨ ਭਵਨ ਬਣਾ ਕੇ ਬਾਬਾ ਸਾਹਿਬ ਦੀ ਵਿਰਾਸਤ ਕਾਇਮ ਕਰ ਦਿੱਤੀ ਹੈ, ਜਿੱਥੋਂ ਅੰਬੇਡਕਰ ਮਿਸ਼ਨ ਦੀਆਂ ਗਤੀਵਿਧੀਆਂ ਜਾਰੀ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋ. ਬਲਵੀਰ, ਡਾ. ਮਹਿੰਦਰ ਸੰਧੂ, ਹਰਮੇਸ਼ ਜੱਸਲ, ਰਜਿੰਦਰ ਜਸਲ, ਐਡਵੋਕੇਟ ਹਰਭਜਨ ਸਾਂਪਲਾ, ਐਡਵੋਕੇਟ ਕੁਲਦੀਪ ਭੱਟੀ, ਸਨੀ ਥਾਪਰ, ਹਰਭਜਨ ਨਿਮਤਾ, ਨਿਰਮਲ ਬਿੰਜੀ, ਹਰੀ ਸਿੰਘ ਥਿੰਦ, ਪ੍ਰਿੰਸੀਪਲ ਪਰਮਜੀਤ ਜੱਸਲ, ਅਮਰਜੀਤ ਸਾਂਪਲਾ, ਬਲਦੇਵ ਰਾਜ ਮਕਸੂਦਾਂ,  ਰਾਮ ਲਾਲ ਦਾਸ, ਐਡਵੋਕੇਟ ਕੁਲਦੀਪ ਭੱਟੀ ਫਗਵਾੜਾ, ਹਰੀ ਰਾਮ ਓ.ਐਸ.ਡੀ. ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਇੱਕ ਪ੍ਰੈਸ ਬਿਆਨ ਵਿੱਚ ਦਿੱਤੀ ।

ਬਲਦੇਵ ਰਾਜ ਭਾਰਦਵਾਜ

 ਵਿੱਤ ਸਕੱਤਰ

ਅੰਬੇਡਕਰ ਭਵਨ ਟਰੱਸਟ (ਰਜਿ.) ਜਲੰਧਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

 

 

 

Previous articleਸ਼ਹੀਦੀ ਦਿਨ ਤੇ ਪ੍ਰਵਾਜ਼ ਰੰਗ ਮੰਚ ਵੱਲੋ ਖੇਡਿਆ ਨਾਟਕ ਮੈਂ ਫਿਰ ਆਵਾਂਗਾ ਅਮਿਟ ਯਾਦਾਂ ਛੱਡ ਗਿਆ
Next articleअंबेडकर ट्रस्ट ने किया डी.ए.एम.सी. ऑफ ग्रेट ब्रिटेन की अध्यक्ष श्रीमती रेखा पाल को सम्मानित